ਐਗਰੀਕਲਚਰਲ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਸਰਕਾਰ ਵਿਰੁੱਧ ਪੱਕੇ ਮੋਰਚੇ ਦਾ ਐਲਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਨਵੰਬਰ
ਐਗਰੀਕਲਚਰਲ ਸਟੂਡੈਂਟ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ 4 ਨਵੰਬਰ ਨੂੰ ਸਰਕਾਰ ਵਿਰੁੱਧ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਨੁਮਾਇੰਦਿਆਂ ਅੰਗਰੇਜ਼ ਸਿੰਘ, ਆਕਾਸ਼ ਚੌਧਰੀ, ਸੁਨੀਲ ਕੰਬੋਜ਼ ਤੇ ਹਰਮਨ ਮਾਨ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸਬੰਧਤ ਅਧਿਕਾਰੀਆਂ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਤੇ ਰੋਸ ਵੀ ਪ੍ਰਗਟਾ ਚੁੱਕੇ ਹਨ ਪਰ ਉਨ੍ਹਾਂ ਨੂੰ ਹਰ ਸਮੇਂ ਲਾਰਿਆਂ ਤੋਂ ਇਲਾਵਾ ਕੁੱਝ ਨਹੀਂ ਮਿਲਿਆ। ਹੁਣ ਉਨ੍ਹਾਂ ਨੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਇਰਾਦਾ ਕੀਤਾ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਦਿਨ-ਰਾਤ ਦਾ ਮੋਰਚਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਸਕੂਲਾਂ ਵਿੱਚ 6ਵੀਂ ਤੱਕ ਖੇਤੀਬਾੜੀ ਵਿਸ਼ਾ ਲਾਜ਼ਮੀ ਕਰਾਉਣ, ਪੰਜਾਬ ਦੇ ਸਾਰੇ ਸਕੂਲਾਂ ਵਿੱਚ ਖੇਤੀਬਾੜੀ ਅਧਿਆਪਕਾਂ ਦੀ ਭਰਤੀ ਬਹਾਲ ਕਰਾਉਣ, ਮੁੱਖ ਮੰਤਰੀ ਨੂੰ ‘ਖੇਤਾਂ ਦੇ ਮਾਸਟਰਾਂ’ ਦਾ ਵਾਅਦਾ ਯਾਦ ਅਤੇ ਪੂਰਾ ਕਰਾਉਣ ਲਈ ਸਰਕਾਰ ਵਿਰੁੱਧ ਪੱਕਾ ਮੋਰਚਾ ਲਾ ਰਹੇ ਹਨ। ਇਹ ਮੋਰਚਾ 4 ਨਵੰਬਰ ਨੂੰ ਸਵੇਰੇ 11 ਵਜੇ ਤੋਂ ਪੀਏਯੂ ਦੇ ਗੇਟ ਨੰਬਰ ਇੱਕ ’ਤੇ ਲਾਇਆ ਜਾਵੇਗਾ।