For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਰੇਹੜੀ-ਫੜ੍ਹੀਆਂ ਖ਼ਿਲਾਫ਼ ਦੁਕਾਨਦਾਰਾਂ ਦਾ ਗੁੱਸਾ ਫੁੱਟਿਆ

07:42 AM Mar 12, 2024 IST
ਨਾਜਾਇਜ਼ ਰੇਹੜੀ ਫੜ੍ਹੀਆਂ ਖ਼ਿਲਾਫ਼ ਦੁਕਾਨਦਾਰਾਂ ਦਾ ਗੁੱਸਾ ਫੁੱਟਿਆ
ਸੈਕਟਰ-22 ਵਿੱਚ ਨਾਜਾਇਜ਼ ਰੇਹੜੀ-ਫੜ੍ਹੀ ਵਾਲਿਆਂ ਦੇ ਵਿਰੋਧ ਵਿੱਚ ਧਰਨੇ ’ਤੇ ਬੈਠੇ ਏਰੀਆ ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਅਤੇ ਮਾਰਕੀਟ ਦੇ ਦੁਕਾਨਦਾਰ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 11 ਮਾਰਚ
ਇੱਥੇ ਸੈਕਟਰ-22 ਦੀ ਮਾਰਕੀਟ ਦੇ ਦੁਕਾਨਦਾਰ ਮਾਰਕੀਟ ਵਿੱਚ ਨਾਜਾਇਜ਼ ਰੇਹੜੀ ਫੜ੍ਹੀ ਵਾਲਿਆਂ ਦੇ ਵਿਰੋਧ ਵਿੱਚ ਆਪਣੀਆਂ ਦੁਕਾਨਾਂ ਬੰਦ ਕਰ ਕੇ ਮਾਰਕੀਟ ਵਿੱਚ ਧਰਨੇ ’ਤੇ ਬੈਠ ਗਏ। ਇਲਾਕਾ ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਵੀ ਮਾਰਕੀਟ ਦੇ ਦੁਕਾਨਦਾਰਾਂ ਦੇ ਹੱਕ ਵਿੱਚ ਉਨ੍ਹਾਂ ਨਾਲ ਧਰਨੇ ਵਿੱਚ ਸ਼ਾਮਲ ਹੋਏ ਅਤੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਨਾਜਾਇਜ਼ ਰੇਹੜੀ ਫੜ੍ਹੀ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਉਨ੍ਹਾਂ ਨੂੰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਮਾਰਕੀਟ ਵਿੱਚ ਨਾਜਾਇਜ਼ ਰੇਹੜੀ ਫੜ੍ਹੀ ਵਾਲਿਆਂ ਦੇ ਵਿਰੋਧ ਵਿੱਚ ਆਪਣੀਆਂ ਦੁਕਾਨਾਂ ਬੰਦ ਕਰ ਕੇ ਧਰਨਾ ਦੇਣ ਸਬੰਧੀ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਤੁਰੰਤ ਮਾਰਕੀਟ ਵਿੱਚ ਪੁੱਜੇ ਅਤੇ ਮਾਰਕੀਟ ਦੇ ਦੁਕਾਨਦਾਰਾਂ ਦੀ ਇਸ ਗੰਭੀਰ ਸਮੱਸਿਆ ਸਬੰਧੀ ਨਿਗਮ ਅਧਿਕਾਰੀਆਂ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਨਿਗਮ ਦੇ ਇਨਫੋਰਸਮੈਂਟ ਵਿੰਗ ਦੇ ਇਕ ਅਧਿਕਾਰੀ ’ਤੇ ਬਦਸਲੂਕੀ ਕਰਨ ਦਾ ਦੋਸ਼ ਵੀ ਲਾਇਆ। ਕੌਂਸਲਰ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਾਜਾਇਜ਼ ਰੇਹੜੀ-ਫੜ੍ਹੀ ਵਾਲਿਆਂ ਦਾ ਪੂਰੇ ਸ਼ਹਿਰ ਵਿੱਚ ਰਾਜ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਸੈਕਟਰ-22 ਦੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਚੁੱਪੀ ਧਾਰੀ ਬੈਠਾ ਹੈ ਅਤੇ ਕਾਰਵਾਈ ਦੇ ਨਾਂ ’ਤੇ ਇੱਕ-ਦੋ ਰੇਹੜੀ ਵਾਲਿਆਂ ਦਾ ਸਾਮਾਨ ਜ਼ਬਤ ਕਰ ਕੇ ਡੰਗ-ਟਪਾਊ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਬੇਵੱਸ ਹੋ ਕੇ ਬਾਜ਼ਾਰ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕੇ ਹੜਤਾਲ ’ਤੇ ਬੈਠ ਗਏ ਹਨ ਅਤੇ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਰੇਹੜੀ ਵਾਲਿਆਂ ਨੂੰ ਮਾਰਕੀਟ ’ਚੋਂ ਹਟਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਪੁਲੀਸ ਪ੍ਰਸ਼ਾਸਨ ’ਤੇ ਇਥੋਂ ਨਾਜਾਇਜ਼ ਰੇਹੜੀ-ਫੜ੍ਹੀ ਵਾਲਿਆਂ ’ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ।

Advertisement

Advertisement
Author Image

Advertisement
Advertisement
×