ਕੈਸ਼ੀਅਰ ਵੱਲੋਂ ਡਕਾਰੀ ਰਕਮ ਬੈਂਕ ਨੇ ਗਾਹਕਾਂ ਦੇ ਖਾਤਿਆਂ ’ਚ ਜਮ੍ਹਾਂ ਕੀਤੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਨਵੰਬਰ
ਇੱਥੇ ਪੰਜਾਬ ਨੈਸ਼ਨਲ ਬੈਂਕ ’ਚ ਤਾਇਨਾਤ ਕਲਰਕ-ਕਮ ਕੈਸ਼ੀਅਰ ਵੱਲੋਂ 69 ਖਾਤਾਧਾਰਕਾਂ ਦੀ ਡਕਾਰੀ 68.29 ਲੱਖ ਰਕਮ ਬੈਂਕ ਨੇ ਆਪਣੇ ਕੋਲੋਂ ਖਾਤਾਧਾਰਕਾਂ ਦੇ ਖਾਤਿਆਂ ’ਚ ਜਮ੍ਹਾਂ ਕਰ ਕੇ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ। ਥਾਣਾ ਸਿਟੀ ਦੱਖਣੀ ਪੁਲੀਸ ਵੱਲੋਂ ਮੁਲਜ਼ਮ ਕਲਰਕ-ਕਮ ਕੈਸ਼ੀਅਰ ਸੱਤਪਾਲ ਸਿੰਘ ਖ਼ਿਲਾਫ਼ ਐੱਫ਼ਆਈਆਰ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਡੀਐੱਸਪੀ ਸਿਟੀ ਰਵਿੰਦਰ ਸਿੰਘ ਤੇ ਥਾਣਾ ਸਿਟੀ ਦੱਖਣੀ ਇੰਚਾਰਜ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਡੀਐੱਸਪੀ ਪੀਬੀਆਈ ਸਪੈਸ਼ਲ ਕ੍ਰਾਈਮ ਦੀ ਮੁੱਢਲੀ ਜਾਂਚ ਮਗਰੋਂ ਸਥਾਨਕ ਚੌਕ ਸ਼ੇਖਾਂ ਨੇੜੇ ਕੋਟਕਪੂਰਾ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਪ੍ਰਬੰਧਕ ਨਿਸ਼ਾਂਤ ਖੋਸਲਾ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੜਤਾਲ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਘੁਟਾਲੇ ਵਿੱਚ ਕਿਸੇ ਹੋਰ ਬੈਂਕ ਮੁਲਾਜ਼ਮ ਜਾਂ ਕਿਸੇ ਪ੍ਰਾਈਵੇਟ ਵਿਅਕਤੀ ਦੀ ਸ਼ਮੂਲੀਅਤ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਘੁਟਾਲੇ ਦੀਆਂ ਪਰਤਾਂ ਖੁੱਲ੍ਹਣਗੀਆਂ।
ਪੁਲੀਸ ਅਨੁਸਾਰ ਮੁਲਜ਼ਮ ਸੱਤਪਾਲ ਇਸ ਬੈਂਕ ’ਚ ਸਾਲ 2022 ਤੋਂ 2024 ਤੱਕ ਤਾਇਨਾਤੀ ਦੌਰਾਨ ਵੱਖ-ਵੱਖ ਤਰੀਕਾਂ ’ਤੇ 69 ਬੈਂਕ ਖਾਤਾਧਾਰਕਾਂ ਦੇ ਖਾਤਿਆਂ ’ਚੋਂ ਲਗਪਗ 68.29 ਲੱਖ ਰੁਪਏ ਕਢਵਾ ਕੇ ਆਪਣੇ ਜਾਣਕਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕਰਨ ਮਗਰੋਂ ਖੁਦ ਵਾਊਚਰ ਭਰ ਕੇ ਨਕਦੀ ਕਢਵਾਉਂਦਾ ਰਿਹਾ। ਬੈਂਕ ਪ੍ਰਬੰਧਕ ਨਿਸ਼ਾਂਤ ਖੋਸਲਾ ਨੇ ਦੱਸਿਆ ਕਿ ਬੈਂਕ ਨੇ ਖਾਤਾਧਾਰਕਾਂ ਦਾ ਮਾਲੀ ਨੁਕਸਾਨ ਨਹੀਂ ਹੋਣ ਦਿੱਤਾ ਅਤੇ ਪੀੜਤ ਖਾਤਾਧਾਰਕਾਂ ਦੇ ਬੈਂਕ ਖਾਤਿਆਂ ’ਚ ਉਨ੍ਹਾਂ ਦੀ ਬਣਦੀ ਰਕਮ ਜਮ੍ਹਾਂ ਕਰ ਦਿੱਤੀ ਹੈ। ਕਰੀਬ 6 ਮਹੀਨੇ ਪਹਿਲਾਂ ਐੱਸਐੱਸਪੀ ਨੂੰ ਇਸ ਘੁਟਾਲੇ ਦੀ ਸ਼ਿਕਾਇਤ ਦਿੱਤੀ ਗਈ ਸੀ।