For the best experience, open
https://m.punjabitribuneonline.com
on your mobile browser.
Advertisement

ਉੱਚ ਮੱਧ-ਸ਼੍ਰੇਣੀ ਦੀਆਂ ਲਾਲਸਾਵਾਂ ਅਤੇ ਤ੍ਰਾਸਦੀਆਂ

07:38 AM Jul 07, 2023 IST
ਉੱਚ ਮੱਧ ਸ਼੍ਰੇਣੀ ਦੀਆਂ ਲਾਲਸਾਵਾਂ ਅਤੇ ਤ੍ਰਾਸਦੀਆਂ
Advertisement

ਇਕ ਪੁਸਤਕ - ਇਕ ਨਜ਼ਰ
ਬਲਦੇਵ ਸਿੰਘ ਸੜਕਨਾਮਾ
ਆਪਣੇ ਤੇਤੀ ਕੁ ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਡਾ. ਗੁਰਮਿੰਦਰ ਸਿੱਧੂ ਨੇ ਕਾਫ਼ੀ ਲੰਮਾ ਪੈਂਡਾ ਤੈਅ ਕਰ ਲਿਆ ਹੈ। ਕਵਿਤਾ, ਬਾਲ ਸਾਹਿਤ, ਕਾਵਿ-ਵਾਰਤਕ, ਵਾਰਤਕ ਅਤੇ ਅਨੁਵਾਦ ਕਾਰਜ ਵਿੱਚ ੳੁਹ ਇੱਕ ਪ੍ਰਤੀਬੱਧ ਅਤੇ ਸਥਾਪਿਤ ਲੇਖਕਾ ਤਾਂ ਹੈ ਹੀ, ਹੁਣ ਉਸ ਨੇ ਨਾਵਲ ਖੇਤਰ ਵਿੱਚ ਵੀ ਪੱਕੇ ਪੈਰੀਂ ਕਦਮ ਪੁੱਟਿਆ ਹੈ। ਇਸ ਵਿੱਚ ਦੋ ਰਾਵਾਂ ਨਹੀਂ ਕਿ ਅਾਧੁਨਿਕ ਯੁੱਗ ਦੇ ਸਾਹਿਤ ਰੂਪਾਂ ਵਿੱਚ ਨਾਵਲ ਨੇ ਅਾਪਣੀ ਸਰਦਾਰੀ ਬਣਾ ਲਈ ਹੈ। ਇਹੀ ਕਾਰਨ ਹੈ, ਸਾਹਿਤ ਦੀਆਂ ਦੂਸਰੀਆਂ ਵਿਧਾਵਾਂ ਵਿੱਚ ਲਿਖਣ ਵਾਲੇ ਲੇਖਕ ਵੀ ਨਾਵਲ ਵਿਧਾ ਵੱਲ ਆਕਰਸ਼ਿਤ ਹੋ ਰਹੇ ਹਨ।
ਪੁਸਤਕ ‘ਅੰਬਰੀਂ ਉੱਡਣ ਤੋਂ ਪਹਿਲਾਂ’ (ਕੀਮਤ: 450 ਰੁਪਏ, ਚੇਤਨਾ ਪ੍ਰਕਾਸ਼ਨ, ਲੁਧਿਆਣਾ) ਡਾ. ਗੁਰਮਿੰਦਰ ਸਿੱਧੂ ਦਾ ਪਲੇਠਾ ਨਾਵਲ ਹੈ। ਨਾਵਲੀ ਪਾਠ ਤੋਂ ਪਹਿਲਾਂ ਹੀ ਡਾ. ਸਿੱਧੂ ਨੇ ਪਾਠਕਾਂ ਨੂੰ ਸੁਚੇਤ ਕਰ ਦਿੱਤਾ ਹੈ ਕਿ ਕੋਈ ਨਾਮ, ਪਾਤਰ, ਸਥਾਨ ਅਤੇ ਸਮਾਂ ਜੇ ਕਿਸੇ ਜਿਉਂਦੇ ਜਾਂ ਮਰ ਗਏ ਵਿਅਕਤੀ ਨਾਲ ਮੇਲ ਖਾਂਦਾ ਹੈ ਤਾਂ ਇਸ ਨੂੰ ਸਬੱਬ ਹੀ ਸਮਝਿਆ ਜਾਵੇ। ਪੂਰਾ ਨਾਵਲੀ ਬਿਰਤਾਂਤ ਰੋਜ਼ਨਾਮਚਾ ਜਾਂ ਡਾਇਰੀ ਵਿਧਾ ਵਿੱਚ ਉਸਾਰਿਆ ਗਿਆ ਹੈ। ਅਾਰੰਭ ਵਿੱਚ ਇੱਕ ਹੋਰ ਹਲਫ਼ੀਆ ਬਿਆਨ ਹੈ:
‘‘ਮੈਂ ਇੱਕ ਮਾਂ ਹਾਂ। ਮੈਨੂੰ ਹੋੲੀਆਂ ਬੀਤੀਆਂ ਡਾਇਰੀ ਵਿੱਚ ਇੰਨ-ਬਿੰਨ ਲਿਖਣ ਦੀ ਆਦਤ ਹੈ। ਬਹੁਤੀਆਂ ਮਾਵਾਂ ਵਾਂਗ ਮੇਰੀ ਡਾਇਰੀ ਵਿੱਚ ਵੀ ਮੇਰੀ ਧੀ ਦੇ ਹਿੱਸੇ ਦੇ ਵਰਕੇ ਬਹੁਤ ਉਦਾਸ ਹਨ।’’
ਨਾਵਲ ਵਿਆਹ ਮਗਰੋਂ ਪਰਾਈ ਹੋ ਚੁੱਕੀ ਧੀ ਨਾਲ ਸ਼ੁਰੂ ਹੁੰਦਾ ਹੈ। ਨਾਵਲ ਵਿੱਚ ਅੱਗੇ ਕੀ ਵਾਪਰਨ ਵਾਲਾ ਹੈ, ਪਹਿਲੇ ਪੰਨੇ ਤੋਂ ਹੀ ਸੰਕੇਤ ਮਿਲਦੇ ਹਨ
ਜਦ ਧੀ ਪਰੇਸ਼ਾਨ ਅਤੇ ਉੱਤਰੇ ਚਿਹਰੇ ਨਾਲ ਆਪਣੀ ਮਾਂ ਨੂੰ ਦੱਸਦੀ ਹੈ:
- ਮੈਂ ਤੇਰੇ ਘਰ ਆਖ਼ਰੀ ‘ਹਾਸਾ’ ਹੱਸ ਗਈ ਮਾਂ।
ਡਾਇਰੀ ਦਾ ਇਹ ਪੰਨਾ 20 ਦਸੰਬਰ 2007 ਦਾ ਹੈ ਤੇ ਇਹ ਸਿਲਸਿਲਾ ਸਾਲ 2022 ਤੱਕ ਚੱਲਦਾ ਹੈ। ਲਗਭਗ ਪੰਦਰਾਂ ਸਾਲ। 2007 ਤੋਂ 2022 ਤੱਕ ਧੀ, ਉਸ ਦੇ ਮਾਤਾ-ਪਿਤਾ, ਜਵਾਈ, ਉਸ ਦੇ ਮਾਤਾ, ਉਨ੍ਹਾਂ ਦੇ ਸੰਬੰਧੀ, ਰਿਸ਼ਤੇਦਾਰ, ਨੇੜਲੇ ਮਿੱਤਰ, ਕਿਸ ਤਰ੍ਹਾਂ ਰਿਸ਼ਤਿਆਂ ਦੀ ਟੁੱਟ-ਭੱਜ ਭੋਗਦੇ ਹਨ, ਇਸ ਦੀ ਹਿਰਦੇਵੇਧਕ ਗਾਥਾ ਹੈ। ਇੱਕ ਧਿਰ (ਧੀ ਵਾਲੀ) ਹਰ ਸਮੇਂ ਇਸ ਉਮੀਦ ਵਿੱਚ ਹੈ ਸ਼ਾਇਦ ਚੰਗੇ ਦਿਨ ਆ ਜਾਣ। ਇਸ ਉਮੀਦ ਵਿੱਚ ਉਹ ਹਰ ਤਰ੍ਹਾਂ ਦਾ ਸੰਤਾਪ ਸਹਿੰਦੇ ਹਨ। ਦੂਜੀ ਧਿਰ ਦੀ ਜਗੀਰੂ ਸੋਚ, ਹੈਂਕੜ, ਔਰਤ ਨੂੰ ਪੈਰ ਦੀ ਜੁੱਤੀ ਸਮਝਣ ਤੋਂ ਹੀ ਸਮੱਸਿਆ ਦਾ ਮੁੱਢ ਬੱਝਦਾ ਹੈ ਤੇ ਫਿਰ ਦੂਰ ਤੱਕ ਕੰਡਿਆਲੇ ਰਾਹਾਂ ’ਤੇ ਤੁਰਨਾ ਪੈਂਦਾ ਹੈ।
ਰਿਸ਼ਤਿਆਂ ਦੀ ਖਟਾਸ ਦਾ ਆਰੰਭ ਤਾਂ ਆਪਣੇ ਦੇਸ਼ ਵਿੱਚ ਹੀ ਹੋ ਜਾਂਦਾ ਹੈ। ਫਿਰ ਵੀ ਨਾਵਲੀ ਧੀ ਸਰਘੀ ‘ਜ਼ਖ਼ਮੀ ਖੰਭਾਂ ਉੱਤੇ ਅਾਸ ਦੀਆਂ ਪੱਟੀਆਂ ਬੰਨ੍ਹ ਕੇ ਚਿੜੀ ਸਮੁੰਦਰੋਂ ਪਾਰ ਦੇ ਦੇਸ਼ ਵੱਲ ਉੱਡ ਗਈ ਹੈ।’ ਫਿਰ ਸ਼ੁਰੂ ਹੁੰਦਾ ਹੈ ਫੋਨਾਂ ’ਤੇ ਗੱਲਬਾਤ ਦਾ ਸਿਲਸਿਲਾ। ਪੂੰਜੀਵਾਦੀ ਯੁੱਗ ਵਿੱਚ ਤਕਨੀਕ ਦੇ ਵਿਕਾਸ ਅਤੇ ਮਸ਼ੀਨ ਨੇ ਮਨੁੱਖ ਦੀ ਚੇਤਨਾ ਨੂੰ ਖੰਭ ਲਾਏ ਹਨ, ਪਰ ਤ੍ਰਾਸਦੀਆਂ ਵਿੱਚ ਵੀ ਵਾਧਾ ਕੀਤਾ ਹੈ। ਜੋ ਖਾਧਾ ਪੀਤਾ, ਗਾਲੀ-ਗਲੋਚ, ਮਾੜਾ ਵਿਹਾਰ ਹੋਇਆ ਧੀ
ਵੱਲੋਂ ਮਾਂ-ਬਾਪ ਕੋਲ ਪਲਾਂ ਵਿੱਚ ਪੁੱਜ ਜਾਂਦਾ ਹੈ ਤੇ ਮੁੰਡੇ ਵੱਲੋਂ ਆਪਣੇ ਮਾਂ-ਬਾਪ ਕੋਲ। ਫਿਰ ਦੋਹਾਂ ਧਿਰਾਂ ਦੇ ਮਾਪਿਆਂ ਵਿੱਚ ਹੁੰਦਾ ਤਕਰਾਰ ਬਲਦੀ ੳੁੱਪਰ ਤੇਲ ਦਾ ਕੰਮ ਕਰਦਾ ਹੈ ਤੇ ਤਾਣੀ ਸੁਲਝਣ ਦੀ ਥਾਂ ਉਲਝਦੀ ਤੁਰੀ ਜਾਂਦੀ ਹੈ।
ਸਰਘੀ ਦਾ ਵਿਆਹ ਕੁੰਵਰ ਨਾਲ ਹੁੰਦਾ ਹੈ। ਕੁਝ ਦਿਨ ਪੰਜਾਬ ਰਹਿ ਕੇ ਉਹ ਆਸਟਰੇਲੀਆ ਚਲੇ ਜਾਂਦੇ ਹਨ। ਕੁੰਵਰ ਪਹਿਲਾਂ ਹੀ ਉੱਥੋਂ ਆਇਆ ਹੁੰਦਾ ਹੈ। ਲੜਕੇ ਨੂੰ ਮਰਦ ਹੋਣ ਦਾ ਘੁਮੰਡ ਹੈ। ਲੜਕੀ ਜੀਨੀਅਸ ਹੈ ਤੇ ਉੱਥੇ ਪੜ੍ਹਾਈ ਵੀ ਕਰਦੀ ਹੈ, ਕੰਮ ਵੀ ਕਰਦੀ ਹੈ। ਲੜਕਾ ਵਿਹਲਾ, ਕੰਮਚੋਰ ਹੈ ਤੇ ਉੱਤੋਂ ਸ਼ਰਾਬ ਪੀਣ ਦੀ ਆਦਤ ਹੈ। ਉਹ ਲੜਕੀ ਨੂੰ ਹਰ ਤਰ੍ਹਾਂ ਤੰਗ ਕਰਦਾ ਹੈ। ਲੜਕੀ ਯਤਨ ਕਰਦੀ ਹੈ ਘਰ ਬਚਿਆ ਰਹੇ, ਰਿਸ਼ਤਾ ਬਚਿਆ ਰਹੇ। ਜਦ ਉਹ ਪਰੇਸ਼ਾਨ ਹੁੰਦੀ ਹੈ ਤਾਂ ਮਾਂ ਫੋਨ ’ਤੇ ਸਮਝਾਉਂਦੀ ਹੈ, ਕੋਈ ਨਾ ਸੁਧਰ ਜਾੳੂਗਾ। ਜਦ ਮਾਂ ਧੀ ਦਾ ਦੁੱਖ ਸੁਣਦੀ ਹੈ ਤੇ ੳੁਸ ਨੂੰ ਅੱਗੋਂ ਜਵਾਬ ਦੇਣ ਲਈ ਆਖਦੀ ਹੈ ਤਾਂ ਧੀ ਨਰਮ ਪੈ ਜਾਂਦੀ ਹੈ। ਲਗਭਗ ਸਾਰਾ ਬਿਰਤਾਂਤ ਇਸੇ ਰੂਪ ਵਿੱਚ ਅੱਗੇ ਵਧਦਾ ਹੈ। ਜਦ ਮਾਂ ਬਗ਼ਾਵਤ ਲਈ ਆਖਦੀ ਹੈ ਤਾਂ ਧੀ ਸੋਚਦੀ ਹੈ ਚਲੋ ਕੁਝ ਸਮਾਂ ਹੋਰ ਦੇਖਦੀ ਹਾਂ। ਜਦੋਂ ਧੀ ਬਗ਼ਾਵਤੀ ਮੂਡ ਵਿੱਚ ਹੁੰਦੀ ਹੈ ਤਾਂ ਮਾਂ ਸਮਝਾਉਣ ਲੱਗਦੀ ਹੈ। ‘ਧੀ ਬੇਗ਼ਾਨੀ ਧਰਤੀ ਉੱਤੇ ਬੈਠੀ ਲਾਵਾਂ ਦੀਆਂ ਗੰਢਾਂ ਵਿੱਚੋਂ ਮੁਹੱਬਤ ਤਲਾਸ਼ ਰਹੀ ਹੈ।’
ਮਾਂ ਝੂਰਦੀ ਹੈ, ‘ਉਦੋਂ ਕੀ ਪਤਾ ਸੀ ਕਿ ਇਹ ਤਿੰਨ ਘੰਟਿਆਂ ਦਾ ਵਰਦਾਨ ਉਮਰ ਭਰ ਦਾ ਸਰਾਪ ਹੋ ਨਿਬੜੇਗਾ... ਸਾਡੀ ਲਾਡਲੀ ਤਿਲ-ਤਿਲ ਤੜਪੇਗੀ, ਟੁਕੜੇ-ਟੁਕੜੇ ਜਿਬਾਹ ਹੋਵੇਗੀ।’
ਆਖ਼ਰ ਫੋਨ-ਦਰ-ਫੋਨ ਅਤੇ ਬਾਅਦ ਵਿੱਚ ਆਪਸੀ ਗੱਲਬਾਤ ਵਿੱਚ ਇੱਕ ਦੂਸਰੇ ਉੱਪਰ ਦੂਸ਼ਣਬਾਜ਼ੀ
ਦੀ ਲੰਮੀ ਪ੍ਰਕਿਰਿਆ ਤਲਾਕ ਤੱਕ ਜਾ ਪੁੱਜਦੀ ਹੈ।
ਉਹ ਸਾਰਾ ਕੁਝ ਕੋਈ ਮਾਅਨੇ ਨਹੀਂ ਰੱਖਦਾ ਜਿਸ ਆਸਰੇ ਦੋਵੇਂ ਧਿਰਾਂ ਅਾਸ ਦੀ ਤੰਦ ਛੱਡਣਾ ਨਹੀਂ
ਸਨ ਚਾਹੁੰਦੀਆਂ।
ਇਹ ਰਿਸ਼ਤਾ ਮੁਹੱਬਤ ਦਾ ਨਹੀਂ, ਮਰਿਯਾਦਾ ਦਾ ਹੈ। ਇਹ ਰਿਸ਼ਤਾ ਚਾਰ ਫੇਰਿਆਂ ਦਾ ਬੰਧਨ ਤਾਂ ਹੈ ਪਰ ਏਕ ਜੋਤਿ ਦੂਇ ਮੂਰਤੀ ਨਹੀਂ।
ਦਰਦ ਨੂੰ ਹਲਕਾ ਕਰਨ ਲਈ ਜਾਣੇ-ਪਛਾਣੇ ਸਾਹਿਤਕਾਰਾਂ ਦੀ ਸ਼ਮੂਲੀਅਤ ਨਾਵਲ ਨੂੰ ਯਥਾਰਥ ਦੀ ਪੁੱਠ ਦਿੰਦੀ ਹੈ, ਭਾਵੇਂ ਲੇਖਕਾ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਹੈ ਕਿ ਨਾਵਲ ਦੇ ਪਾਤਰਾਂ ਦਾ ਕਿਸੇ ਜਿਉਂਦੇ ਮਰੇ ਪਾਤਰਾਂ ਨਾਲ ਕੋਈ ਸੰਬੰਧ ਨਹੀਂ ਹੈ।
ਲੇਖਕਾ ਕਵਿੱਤਰੀ ਹੈ ਤੇ ਉਸ ਨੇ ਖ਼ੂਬਸੂਰਤ ਕਾਵਿ-ਵਾਰਤਕ ਸਿਰਜੀ ਹੈ। ਬਰਫ਼ ਦੇ ਪਿੰਡੇ ’ਤੇ ਕਿਰਨਾਂ ਪੈਣੀਆਂ, ਸਤਰੰਗੀਆਂ ਸੱਧਰਾਂ ਦਾ ਚਰਖਾ ਕੱਤਣਾ/ਡਾਹੁਣਾ, ਖ਼ਾਬਾਂ ਦੀਆਂ ਲਗਰਾਂ ਪਲਰਨਾ ਆਦਿ। ਲੇਖਕਾ ਖ਼ੁਦ ਡਾਕਟਰ ਹੈ ਤੇ ਬਲਵਿੰਦਰ ਕੌਰ ਬਰਾੜ ਅਨੁਸਾਰ ਉਸ ਨੂੰ ਦੇਹੀ ਅਤੇ ਦੇਹੀ ਅੰਦਰ ਪੱਲਰਦੀਆਂ ਭਾਵਨਾਵਾਂ ਦੀ ਵੀ ਡਾਕਟਰ ਕਿਹਾ ਜਾ ਸਕਦਾ ਹੈ। ਸੱਚ ਹੈ, ਧੀ ਦੇ ਦਰਦ ਨੂੰ ਇੱਕ ਮਾਂ ਹੀ ਸਮਝ ਸਕਦੀ ਹੈ। ਡਾ. ਸਿੱਧੂ ਨੇ ਨਿੱਕੀਆਂ-ਨਿੱਕੀਆਂ ਘਟਨਾਵਾਂ ਨਾਲ ਰੌਚਕਿਤਾ ਬਣਾਈ ਰੱਖੀ ਹੈ, ਭਾਵੇਂ ਬਹੁਤਾ ਲਟਕਾ ਅੱਖਰਦਾ ਹੈ। ਪੂਰੀ ਉਮੀਦ ਹੈ ਪਾਠਕ ਇਸ ਨਾਵਲ ਨੂੰ ਭਰਵਾਂ ਹੁੰਗਾਰਾ ਦੇਣਗੇ। ਨਾਵਲ ਖੇਤਰ ਵਿੱਚ ਡਾ. ਗੁਰਮਿੰਦਰ ਸਿੱਧੂ ਦਾ ਪ੍ਰਵੇਸ਼ ਸ਼ੁਭ-ਸ਼ਗਨ ਹੈ।
ਸੰਪਰਕ: 98147-83069

Advertisement

Advertisement
Tags :
Author Image

sukhwinder singh

View all posts

Advertisement
Advertisement
×