ਪੰਜਾਬ ਸਣੇ ਉੱਤਰੀ ਖਿੱਤੇ ਦੀ ਹਵਾ ਹੋਰ ਹੋਈ ਪਲੀਤ
ਆਤਿਸ਼ ਗੁਪਤਾ
ਚੰਡੀਗੜ੍ਹ, 10 ਨਵੰਬਰ
ਪੰਜਾਬ, ਹਰਿਆਣਾ ਅਤੇ ਦਿੱਲੀ ਸਣੇ ਉੱਤਰੀ ਖਿੱਤੇ ਦੇ ਜ਼ਿਆਦਾਤਰ ਹਿੱਸਿਆਂ ’ਚ ਲਗਾਤਾਰ ਧੁਆਂਖੀ ਧੁੰਦ ਛਾਈ ਹੋਈ ਹੈ ਤੇ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਹਵਾ ਗੁਣਵੱਤਾ ਇੰਡੈਕਸ (ਏਕਿਊਆਈ) ਦਾ ਪੱਧਰ ਪੰਜਾਬ ਤੇ ਹਰਿਆਣਾ ਤੋਂ ਵੱਧ ਦਰਜ ਕੀਤਾ ਗਿਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਏਕਿਊਆਈ 347 ’ਤੇ ਪਹੁੰਚ ਗਿਆ ਹੈ। ਉੱਧਰ ਮੰਡੀ ਗੋਬਿੰਦਗੜ੍ਹ ’ਚ ਏਕਿਊਆਈ 285 ਦਰਜ ਕੀਤਾ ਗਿਆ ਜਦਕਿ ਹਰਿਆਣਾ ਦਾ ਸੋਨੀਪਤ ਵੀ 301 ਦੇ ਅੰਕੜੇ ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਇਸੇ ਦੌਰਾਨ ਦੀਵਾਲੀ ਤੋਂ ਦਸ ਦਿਨ ਬਾਅਦ ਵੀ ਕੌਮੀ ਰਾਜਧਾਨੀ ਦਿੱਲੀ ਹਵਾ ਪ੍ਰਦੂਸ਼ਣ ਨੂੰ ਲੈ ਕੇ ਕੋਈ ਰਾਹਤ ਨਹੀਂ ਹੈ। ਅੱਜ ਸਵੇਰੇ ਦਿੱਲੀ ’ਚ ਸੰਘਣੀ ਧੁਆਂਖੀ ਧੁੰਦ ਪੱਸਰੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਡੇਟਾ ਮੁਤਾਬਕ ਅੱਜ ਸਵੇਰੇ 8 ਵਜੇ ਦਿੱਲੀ ਵਿਚ ਹਵਾ ਗੁਣਵੱਤਾ ਇੰਡੈਕਸ (ਏਕਿਊਆਈ) 334 ਦਰਜ ਕੀਤਾ ਗਿਆ, ਜੋ ‘ਬਹੁਤ ਮਾੜੀ’ ਸ਼੍ਰੇਣੀ ਵਿਚ ਆਉਂਦਾ ਹੈ।
ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ ਕਰਕੇ ਹਸਪਤਾਲਾਂ ’ਚ ਦਮੇ ਦੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਡਾਕਟਰਾਂ ਵੱਲੋਂ ਵੀ ਬਜ਼ੁਰਗਾਂ ਤੇ ਬੀਮਾਰੀਆਂ ਵਿੱਚ ਘਿਰੇ ਵਿਅਕਤੀਆਂ ਨੂੰ ਮਾਸਕ ਪਾ ਕੇ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ ਵਿੱਚ ਏਕਿਊਆਈ 233, ਜਲੰਧਰ ਵਿੱਚ 203, ਲੁਧਿਆਣਾ ਵਿੱਚ 219, ਪਟਿਆਲਾ ਵਿੱਚ 206, ਰੂਪਨਗਰ ਵਿੱਚ 190 ਅਤੇ ਬਠਿੰਡਾ ਵਿੱਚ 182 ਦਰਜ ਕੀਤਾ ਗਿਆ।
ਪੰਜਾਬ ’ਚ ਪਰਾਲੀ ਸਾੜਨ ਦੇ 345 ਮਾਮਲੇ ਸਾਹਮਣੇ ਆਏ
ਪੰਜਾਬ ’ਚ ਅੱਜ ਪਰਾਲੀ ਸਾੜਨ ਦੇ 345 ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਪੰਜਾਬ ’ਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 6611 ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਪੰਜਾਬ ’ਚ ਸਭ ਤੋਂ ਵੱਧ 116 ਮਾਮਲੇ ਸੰਗਰੂਰ ’ਚ ਸਾਹਮਣੇ ਆਏ। ਇਸ ਤੋਂ ਇਲਾਵਾ ਮਾਨਸਾ ਵਿੱਚ 44, ਫਿਰੋਜ਼ਪੁਰ ਵਿੱਚ 26, ਫਰੀਦਕੋਟ ਤੇ ਮੋਗਾ ਵਿੱਚ 24-24, ਮੁਕਤਸਰ ਵਿੱਚ 20 ਮਾਮਲੇ ਸਾਹਮਣੇ ਆਏ ਹਨ।