ਖੇਤੀ ਮੰਤਰੀ ਨੇ ਧੰਨਵਾਦੀ ਦੌਰੇ ਦੌਰਾਨ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਦਵਿੰਦਰ ਸਿੰਘ
ਯਮੁਨਾਨਗਰ, 2 ਨਵੰਬਰ
ਵਿਧਾਨ ਸਭਾ ਹਲਕਾ ਰਾਦੌਰ ਦੇ ਪਿੰਡ ਚਮਰੋੜੀ, ਸਾਗਦੀ, ਟੋਪੜਾ ਖੁਰਦ, ਮੋਢਲੀ, ਉਨਹੇੜੀ, ਮਾਰੂਪੁਰ, ਤੇਹੀ ਸਾਈਆਂ, ਅਕਬਰਪੁਰ ਅਤੇ ਨਾਚਰੌਣ ਵਿੱਚ ਧੰਨਵਾਦੀ ਪ੍ਰੋਗਰਾਮ ਤਹਿਤ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਸੁਝਾਉਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਦੇਸ਼ ਦਾ ਵਿਕਾਸ ਹੋ ਰਿਹਾ ਹੈ ਅਤੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਸੂਬੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਸ਼ਿਆਮ ਸਿੰਘ ਰਾਣਾ ਨੇ ਪਿੰਡ ਸਾਗਦੀ ਦੀ ਸਰਪੰਚ ਖੁਸ਼ਬੂ ਤਿਵਾੜੀ ਦੇ ਗ੍ਰਹਿ ਵਿੱਚ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿੰਡ ਦੀਆਂ ਸਾਰੀਆਂ 15 ਮੰਗਾਂ ਪੂਰੀਆਂ ਕਰੇਗੀ । ਉਨ੍ਹਾਂ ਦੱਸਿਆ ਕਿ ਐੱਸਸੀ ਚੌਪਾਲ ਲਈ 20 ਲੱਖ ਅਤੇ 14.39 ਲੱਖ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਪਿੰਡ ਵਿੱਚ ਅੰਬੇਡਕਰ ਭਵਨ ਅਤੇ ਦੋ ਛੱਪੜ ਬਣਾਉਣ ਦਾ ਵੀ ਵਾਅਦਾ ਕੀਤਾ।ਪਿੰਡ ਟੋਪਰਾ ਖੁਰਦ ਦੇ ਸਰਪੰਚ ਦਵਿੰਦਰ ਗੋਲਡੀ ਨੇ ਮੰਤਰੀ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਪਿੰਡ ਦੀਆਂ ਲਟਕਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਉਨ੍ਹਾਂ ਰਾਖੀ ਨਦੀ ਦੀ ਸਫ਼ਾਈ ਦਾ ਮੁੱਦਾ ਚੁੱਕਿਆ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਪਿੰਡ ਮੋਢਲੀ ਵਿੱਚ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਬਿਨਾਂ ਕਿਸੇ ਝਿਜਕ ਦੇ ਦੱਸਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਪਿੰਡ ਉਨ੍ਹੇੜੀ ਦੇ ਸਰਪੰਚ ਨੇ ਆਪਣੀ ਮੰਗ ਕੈਬਨਿਟ ਮੰਤਰੀ ਅੱਗੇ ਰੱਖੀ ਜਿਸ ‘ਤੇ ਮੰਤਰੀ ਨੇ ਕਿਹਾ ਕਿ ਪਿੰਡ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ 2014 ਤੋਂ 2019 ਤੱਕ ਰਾਦੌਰ ਵਿਧਾਨ ਸਭਾ ਵਿੱਚ 1650 ਕਰੋੜ ਰੁਪਏ ਦੀ ਰਾਸ਼ੀ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਵਿਧਾਨ ਸਭਾ ਹਲਕਾ ਰਾਦੌਰ ਦੇ ਸਾਰੇ ਪਿੰਡਾਂ ਵਿੱਚ ਪਹਿਲਾਂ ਨਾਲੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਨੇਪਾਲ ਰਾਣਾ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਅਗਨੀ ਵਿਜੇ ਸਿੰਘ, ਸੰਦੀਪ ਰਾਣਾ, ਹਰਪਾਲ ਮਾਰੂ ਪੁਰ, ਨੀਰਜ ਰਾਣਾ, ਨਰਿੰਦਰ ਰਾਣਾ, ਸਰਪੰਚ ਸੰਦੀਪ ਰਾਣਾ, ਗੋਪਾਲ, ਕਿਸਾਨ ਆਗੂ ਰਾਮਵੀਰ, ਅਮਿਤ ਬੁਬਕਾ, ਰਾਕੇਸ਼ ਗਰਗ, ਮਾਸਟਰ ਸਤਪਾਲ ਕੰਬੋਜ ਹਾਜ਼ਰ ਸਨ।
ਨੌਕਰੀਆਂ ਮੈਰਿਟ ਦੇ ਆਧਾਰ ’ਤੇ ਦੇਣ ਦਾ ਐਲਾਨ
ਉਨ੍ਹਾਂ ਕਿਹਾ ਕਿ ਲੋਕਾਂ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿਤਾਇਆ ਹੈ, ਹੁਣ ਸਾਡੀ ਵਾਰੀ ਹੈ। ਉਨ੍ਹਾਂ ਕਾਂਗਰਸ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਆਗੂ ਸੱਤਾ ਵਿੱਚ ਆਉਂਦੇ ਹੀ ਆਪਣੀਆਂ ਜੇਬਾਂ ਭਰਨ ਬਾਰੇ ਸੋਚਦੇ ਹਨ, ਜਦਕਿ ਉਨ੍ਹਾਂ ਦੀ ਸਰਕਾਰ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਸਾਰੀਆਂ ਨੌਕਰੀਆਂ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਜਾਣਗੀਆਂ।