For the best experience, open
https://m.punjabitribuneonline.com
on your mobile browser.
Advertisement

ਖੇਤੀ ਵਿਭਾਗ ਨੇ ਕਿਸਾਨਾਂ ਨੂੰ ਬਰਾਨੀ ਫ਼ਸਲਾਂ ਬੀਜਣ ਦਾ ਦਿੱਤਾ ਸੱਦਾ

08:09 AM Aug 21, 2024 IST
ਖੇਤੀ ਵਿਭਾਗ ਨੇ ਕਿਸਾਨਾਂ ਨੂੰ ਬਰਾਨੀ ਫ਼ਸਲਾਂ ਬੀਜਣ ਦਾ ਦਿੱਤਾ ਸੱਦਾ
Advertisement

ਪੱਤਰ ਪ੍ਰੇਰਕ
ਮਾਨਸਾ, 20 ਅਗਸਤ
ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਮਾਲਵਾ ਪੱਟੀ ਦੇ ਇਸ ਖੇਤਰ ਵਿਚਲੇ ਗ਼ੈਰ-ਸਿੰਜਾਈ ਵਾਲੇ ਰਕਬੇ (ਬਰਾਨੀ ਖੇਤਾਂ) ਵਿੱਚ ਕਿਸਾਨਾਂ ਨੂੰ ਗੁਆਰਾ, ਬਾਜਰਾ, ਮੋਠ, ਤਿਲ ਬੀਜਣ ਦੀ ਸਲਾਹ ਦਿੱਤੀ ਹੈ। ਖੇਤੀ ਮਹਿਕਮੇ ਦਾ ਕਹਿਣਾ ਹੈ ਕਿ ਰਾਜ ਵਿਚ ਅੱਜ-ਕੱਲ੍ਹ ਪੈ ਰਹੀ ਵਰਖਾ ਕਾਰਨ ਧਰਤੀ ਵਿੱਚ ਸਾਉਣੀ ਦੀਆਂ ਫ਼ਸਲਾਂ ਬੀਜਣ ਜੋਗੀ ਗਿੱਲ ਬੈਠਣ ਲੱਗੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਦੱਸਿਆ ਕਿ ਜੇ ਅਗਲੇ ਦਿਨਾਂ ਵਿੱਚ ਵਿੱਚ ਭਰਵੀਂ ਬਾਰਸ਼ ਹੋ ਗਈ ਤਾਂ ਬਰਾਨੀ ਖੇਤਾਂ ਵਾਲੇ ਕਿਸਾਨਾਂ ਦੇ ਵਾਰੇ-ਨਿਆਰੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਇਸ ਨਵੇਂ ਯੁੱਗ ਵਿਚ ਬਰਾਨੀ ਖੇਤ ਮਿਹਨਤੀ ਕਿਸਾਨਾਂ ਨੇ ਰਹਿਣ ਹੀ ਨਹੀਂ ਦਿੱਤੇ ਹਨ, ਪਰ ਫਿਰ ਵੀ ਦੱਖਣੀ ਪੰਜਾਬ ਦੇ ਇਸ ਖੇਤਰ ਵਿਚ ਇਹ ਅਜੇ ਵੀ ਮੌਜੂਦ ਹਨ, ਜਿਥੇ ਇਨ੍ਹਾਂ ਮੀਂਹਾਂ ਨੇ ਲਹਿਰਾਂ-ਬਹਿਰਾਂ ਲਾ ਦੇਣੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਦੱਖਣੀ ਪੰਜਾਬ ਦੇ ਖੁਸ਼ਕ ਤੇ ਰੇਤਲੇ ਖੇਤਰ ਮਾਨਸਾ ਤੇ ਇਸ ਦੇ ਨਾਲ ਲੱਗਦੇ ਬਹੁਤ ਸਾਰੇ ਖੇਤ ਅਜੇ ਵੀ, ਨਹਿਰਾਂ ਤੇ ਟਿਊਬਵੈੱਲਾਂ ਦੀ ਬਜਾਇ ਕੇਵਲ ਵਰਖਾ ਉੱਪਰ ਹੀ ਨਿਰਭਰ ਕਰਦੇ ਹਨ।
ਖੇਤੀ ਮਹਿਕਮੇ ਦੇ ਮਾਨਸਾ ਸਥਿਤ ਜ਼ਿਲ੍ਹਾ ਮੁੱਖ ਅਫ਼ਸਰ ਹਰਵਿੰਦਰ ਸਿੰਘ ਅਤੇ ਖੇਤੀ ਵਿਭਾਗ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਹਾ ਕਿ ਕਿਸਾਨ ਹੁਣ ਇਸ ਤਾਜ਼ੇ ਪਏ ਮੀਂਹ ਦਾ ਲਾਹਾ ਲੈਂਦਿਆ ਤੁਰੰਤ ਖੇਤਾਂ ਦੀ ਬਹਾਈ ਕਰਦਿਆਂ ਉੱਥੇ ਲੋੜੀਂਦੀਆਂ ਫ਼ਸਲਾਂ ਨੂੰ ਬੀਜਣ ਦਾ ਉਪਰਾਲਾ ਕਰਨ। ਉਨ੍ਹਾਂ ਦੱਸਿਆ ਕਿ ਹੁਣ ਬਾਜਰਾ, ਗੁਆਰਾ, ਮੋਠ, ਤਿਲ ਅਤੇ ਮੂੰਗੀ ਦੀ ਬਰਾਨੀ ਖੇਤੀ ਹੋ ਸਕਦੀ ਹੈ। ਖੇਤੀ ਅਧਿਕਾਰੀ ਨੇ ਦੱਸਿਆ ਕਿ ਕਿਸਾਨ, ਵਿਭਾਗ ਵਲੋਂ ਸਿਫ਼ਾਰਸ਼ ਕੀਤੀਆਂ ਬੀਜਾਂ ਦੀ ਕਿਸਮਾਂ ਨੂੰ ਬੀਜਣ ਦਾ ਉਪਰਾਲਾ ਕਰਨ ਅਤੇ ਜੇ ਕਿਸੇ ਬੀਜ ਦੀ ਕੋਈ ਨਾ ਮਿਲਣ ਦੀ ਤਕਲੀਫ਼ ਆ ਰਹੀ ਹੈ ਤਾਂ ਤੁਰੰਤ ਮਹਿਕਮੇ ਦੇ ਬਲਾਕ ਅਫ਼ਸਰਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਰਾਜ ਵਿਚ ਗ਼ੈਰ-ਪ੍ਰਵਾਨਤ ਕਿਸਮਾਂ ਨਾ ਬੀਜਣ, ਕਿਉਂਕਿ ਉਹ ਇਸ ਖਿੱਤੇ ਦੇ ਮੌਸਮ ਨਾਲ ਅਨੁਕੂਲਤ ਨਾ ਹੋਣ ਕਾਰਨ ਕਿਸਾਨਾਂ ਨੂੰ ਡੋਬਾ ਵੀ ਦੇ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਗ਼ੈਰ-ਸਿਫ਼ਾਰਸ਼ੀ ਖਾਦਾਂ ਅਤੇ ਦਵਾਈਆਂ ਆਦਿ ਦੀ ਵਰਤੋਂ ਨਾਲ ਜਿੱਥੇ ਫ਼ਸਲਾਂ ਨੂੰ ਕੋਈ ਲਾਭ ਨਹੀਂ ਹੁੰਦਾ, ਉੱਥੇ ਹੀ ਇਨ੍ਹਾਂ ਨਾਲ ਖੇਤੀ ਲਾਗਤਾਂ ਵਿੱਚ ਵਾਧਾ ਹੁੰਦਾ ਹੈ।

Advertisement

Advertisement
Advertisement
Author Image

Advertisement