ਮੇਰੇ ਪੁੱਤ ਦਾ ਭਵਿੱਖ ਖ਼ਰਾਬ ਕਰਨ ਵਾਲੀ ਏਜੰਟ ਨੂੰ ਗ੍ਰਿਫਤਾਰ ਕੀਤਾ ਜਾਵੇ: ਜੋਗਾ ਸਿੰਘ
ਜਗਮੋਹਨ ਸਿੰਘ
ਰੂਪਨਗਰ, 30 ਜੂਨ
ਕੈਨੇਡਾ ਵਿੱਚ ਜਲਾਵਤਨੀ ਦਾ ਸਾਹਮਣਾ ਕਰ ਰਹੇ 700 ਵਿਦਿਆਰਥੀਆਂ ਵਿੱਚ ਸ਼ਾਮਲ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲਾ ਦੇ ਵਸਨੀਕ ਲਵਪ੍ਰੀਤ ਸਿੰਘ ਦੇ ਪਿਤਾ ਜੋਗਾ ਸਿੰਘ ਨੇ ਕਥਿਤ ਤੌਰ ’ਤੇ ਉਸ ਦੇ ਪੁੱਤਰ ਦਾ ਭਵਿੱਖ ਖਰਾਬ ਕਰਨ ਵਾਲੀ ਮੁਹਾਲੀ ਦੀ ਏਜੰਟ ਜਸਮੀਤ ਕੌਰ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕੈਨੇਡਾ ਸਰਕਾਰ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਸੂਚੀ ਵਿੱਚ ਹੀ ਲਵਪ੍ਰੀਤ ਸਿੰਘ ਦਾ ਨਾਮ ਸ਼ਾਮਲ ਸੀ ਅਤੇ ਉਸ ਨੇ 13 ਜੂਨ ਨੂੰ ਡਿਪੋਰਟ ਹੋ ਕੇ ਆਪਣੇ ਘਰ ਪਰਤਣਾ ਸੀ, ਪਰ ਐਨ ਮੌਕੇ ਕੈਨੇਡਾ ਸਰਕਾਰ ਵੱਲੋਂ ਜਾਂਚ ਸ਼ੁਰੂ ਕਰਨ ਕਰ ਕੇ ਉਸ ਦੀ ਜਲਾਵਤਨੀ ਆਰਜ਼ੀ ਤੌਰ ’ਤੇ ਰੁਕ ਗਈ ਹੈ। ਪਿੰਡ ਚਤਾਮਲਾ ਵਿੱਚ ਅੱਜ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਲਵਪ੍ਰੀਤ ਸਿੰਘ ਦੇ ਪਿਤਾ ਜੋਗਾ ਸਿੰਘ ਨੇ ਦੱਸਿਆ ਕਿ ਪੁੱਤਰ ਲਵਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਦਸਤਾਵੇਜ਼ ਤਿਆਰ ਕਰਵਾਉਣ ਲਈ ਉਨ੍ਹਾਂ ਓਰੈਂਜ ਓਵਰਸੀਜ਼ ਇਮੀਗਰੇਸ਼ਨ ਤੇ ਬ੍ਰਿਟਿਸ਼ ਲਾਇਬ੍ਰੇਰੀ ਇਮੀਗ੍ਰੇਸ਼ਨ ਦੇ ਮੁਹਾਲੀ ਸਥਿਤ ਦਫਤਰ ਵਿੱਚ ਸੰਪਰਕ ਕੀਤਾ, ਜਿੱਥੇ ਉਨ੍ਹਾਂ ਨੂੰ ਜਸਮੀਤ ਕੌਰ ਵਾਸੀ ਮਕਾਨ ਨੰਬਰ 1674 ਫੇਜ਼-10 ਮੁਹਾਲੀ ਮਿਲੀ। ਉਸ ਨੇ ਉਨ੍ਹਾਂ ਦੇ ਪੁੱਤਰ ਲਵਪ੍ਰੀਤ ਸਿੰਘ ਤੋਂ ਦਸਤਾਵੇਜ਼ ਅਤੇ ਤੈਅਸ਼ੁਦਾ ਫੀਸ ਲੈਣ ਉਪਰੰਤ ਸਤੰਬਰ 2017 ਵਿੱਚ ਉਸ ਨੂੰ ਕੈਨੇਡਾ ਭੇਜ ਦਿੱਤਾ। ਜੋਗਾ ਸਿੰਘ ਨੇ ਦੱਸਿਆ ਕਿ ਜਦੋਂ ਲਵਪ੍ਰੀਤ ਸਿੰਘ ਏਜੰਟ ਵੱਲੋਂ ਦੱਸੇ ਲੈਂਪਟਾਨ ਕਾਲਜ ਟੋਰਾਂਟੋ ਪੁੱਜਿਆ ਤਾਂ ਕਾਲਜ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਨਾ ਉਸ ਦੀ ਸੀਟ ਬੁੱਕ ਹੈ ਅਤੇ ਨਾ ਹੀ ਕੋਈ ਫੀਸ ਪੁੱਜੀ ਹੈ। ਜਦੋਂ ਇਸ ਬਾਰੇ ਉਨ੍ਹਾਂ ਅਤੇ ਲਵਪ੍ਰੀਤ ਨੇ ਏਜੰਟ ਜਸਮੀਤ ਕੌਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਕੋਨਸਟੋਗਾ ਕਾਲਜ ਵਿੱਚ ਦਾਖਲਾ ਲੈ ਲਵੇ ਅਤੇ ਉਹ ਲੈਂਪਟਾਨ ਕਾਲਜ ਤੋਂ ਫੀਸ ਟਰਾਂਸਫਰ ਕਰਵਾ ਦੇਵੇਗੀ, ਪਰ ਉਸ ਨੇ ਫੀਸ ਟਰਾਂਸਫਰ ਨਹੀਂ ਕਰਵਾਈ, ਜਿਸ ਕਰ ਕੇ ਲਵਪ੍ਰੀਤ ਨੂੰ ਮੁਡ਼ ਫੀਸ ਭਰ ਕੇ ਦਾਖਲਾ ਲੈਣਾ ਪਿਆ। ਇਸ ਬਾਰੇ ਜਸਮੀਤ ਨੂੰ ਪੁੱਛਣ ’ਤੇ ਉਸ ਨੇ ਕਿਹਾ ਕਿ ਉਸ ਨੇ ਲੈਂਪਟਾਨ ਕਾਲਜ ਤੋਂ ਕੋਨਸਟੋਗਾ ਕਾਲਜ ਫੀਸ ਟਰਾਂਸਫਰ ਕਰਵਾ ਦਿੱਤੀ ਹੈ ਅਤੇ ਇਸ ਸਬੰਧੀ ਈ-ਮੇਲ ਵੀ ਕਰ ਦਿੱਤੀ ਹੈ। ਉਹ ਕਾਲਜ ਤੋਂ ਫੀਸ ਵਾਪਸ ਲੈ ਲੈਣ। ਜਦੋਂ ਲਵਪ੍ਰੀਤ ਫੀਸ ਵਾਪਸ ਲੈਣ ਕਾਲਜ ਪੁੱਜਿਆ ਤਾਂ ਕਾਲਜ ਨੇ ਪੁਲੀਸ ਸੱਦ ਕੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਤੇ ਪੁਲੀਸ ਨੇ ਸਾਰਾ ਦਿਨ ਉਸ ਨੂੰ ਥਾਣੇ ਬਿਠਾਈ ਰੱਖਿਆ। ਉਨ੍ਹਾਂ ਮੁਹਾਲੀ ਜ਼ਿਲ੍ਹੇ ਦੇ ਮਟੌਰ ਪੁਲੀਸ ਥਾਣੇ ਵਿੱਚ ਜਸਮੀਤ ਕੌਰ ਖ਼ਿਲਾਫ਼ ਫਰਵਰੀ 2018 ਨੂੰ ਕੇਸ ਦਰਜ ਕਰਵਾ ਦਿੱਤੀ ਸੀ, ਪਰ ਹਾਲੇ ਤੱਕ ਪੁਲੀਸ ਨੇ ਜਸਮੀਤ ਕੌਰ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਉਨ੍ਹਾਂ ਜਸਮੀਤ ਕੌਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਦੋ ਮੁਲਜ਼ਮ ਗ੍ਰਿਫਤਾਰ ਤੇ ਜਸਮੀਤ ਕੌਰ ਬੇਗੁਨਾਹ ਕਰਾਰ ਦਿੱਤੀ: ਐੱਸਐੱਚਓ
ਮਟੌਰ ਥਾਣੇ ਦੇ ਐੱਸਐੱਚਓ ਗੱਬਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਲਵਪ੍ਰੀਤ ਸਿੰਘ ਦੀ ਮਾਤਾ ਸਰਬਜੀਤ ਕੌਰ ਵੱਲੋਂ ਦਿੱਤੀ ਦਰਖਾਸਤ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜਸਮੀਤ ਕੌਰ ਨੇ ਬਿਆਨ ਦਿੱਤੇ ਸਨ ਕਿ ਉਸ ਨੇ ਆਪਣੇ ਦਫਤਰ ਦੇ ਮਾਲਕਾਂ ਅਤੁਲ, ਇੰਦਰਜੀਤ ਅਤੇ ਅਮਨਦੀਪ ਕੌਰ ਦੇ ਕਹਿਣ ’ਤੇ ਫਾਈਲ ਤਿਆਰ ਕਰਕੇ ਕੈਨੇਡਾ ਅੰਬੈਸੀ ਭੇਜੀ ਸੀ। ਇਨ੍ਹਾਂ ਵਿੱਚੋਂ ਅਤੁਲ ਅਤੇ ਇੰਦਰਜੀਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਅਮਨਦੀਪ ਕੌਰ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ। ਜਸਮੀਤ ਕੌਰ ਨੂੰ 9 ਮਾਰਚ 2019 ਨੂੰ ਬੇਗੁਨਾਹ ਕਰਾਰ ਦਿੱਤਾ ਜਾ ਚੁੱਕਾ ਹੈ।