ਪਗਡੰਡੀਆਂ ਦਾ ਜ਼ਮਾਨਾ
ਹਿੰਦੀ ਵਿਅੰਗ
ਹਰੀ ਸ਼ੰਕਰ ਪਰਸਾਈ
ਮੈਂ ਮੁੜ ਇਮਾਨਦਾਰ ਬਣਨ ਦਾ ਕੋਸ਼ਿਸ਼ ਕੀਤੀ ਸੀ, ਪਰ ਸਫ਼ਲ ਨਹੀਂ ਹੋ ਸਕਿਆ। ਇੱਕ ਬੰਦਾ ਮੈਨੂੰ ਕਹਿੰਦਾ, ‘‘ਕਿਸੇ ਜਾਣ ਪਛਾਣ ਦੇ ਅਧਿਆਪਕ ਨੂੰ ਕਹਿ ਕੇ ਮੇਰੇ ਮੁੰਡੇ ਦੇ ਨੰਬਰ ਹੀ ਵਧਵਾ ਦੇ।’’ ਉਸ ਦਾ ਕੰਮ ਤਾਂ ਮੈਂ ਕਰਵਾ ਦਿੰਦਾ, ਪਰ ਮੇਰੇ ਅੰਦਰੋਂ ਇਮਾਨ ਜਾਗ ਪਿਆ। ਉਸੇ ਪਲ ਮੈਂ ਇਮਾਨਦਾਰ ਬਣਨ ਦਾ ‘ਪ੍ਰਣ’ ਕਰ ਲਿਆ। ਮੈਨੂੰ ਪੁਰਾਣੀਆਂ ਕਥਾਵਾਂ ਚੇਤੇ ਆ ਗਈਆਂ। ਪ੍ਰਣ ਕੀਤੇ ਨੂੰ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਇੰਦਰ ਅਤੇ ਵਿਸ਼ਣੂ ਦੇਵਤਾ ਮੇਰੀ ਪ੍ਰੀਖਿਆ ਲੈਣ ਲਈ ਪਹੁੰਚ ਗਏ। ਉਨ੍ਹਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਸ ਜ਼ਮਾਨੇ ਵਿੱਚ ਕੋਈ ਇੰਨੀ ਲੰਬੀ ਤਪੱਸਿਆ ਕਰਨ ਲਈ ਕਿਵੇਂ ਤਿਆਰ ਹੋ ਸਕਦਾ ਹੈ। ਇੱਥੇ ਤਾਂ ਚਾਰ ਕਹਾਣੀਆਂ ਲਿਖ ਕੇ ਲੋਕ, ਯੁੱਗ ਪ੍ਰਵਰਤਕਾਂ ਦੀ ਸੂਚੀ ਵਿੱਚ ਆਪਣਾ ਨਾਂ ਲੱਭਣ ਲੱਗਦੇ ਹਨ। ਤਾਂ ਹੀ ਦੇਵਤੇ ਵੀ ਅੱਜਕੱਲ੍ਹ ‘ਪ੍ਰਣ’ ਦਾ ਐਲਾਨ ਹੁੰਦੇ ਸਾਰ ਪ੍ਰੀਖਿਆ ਲੈਣ ਲਈ ਪਹੁੰਚ ਜਾਂਦੇ ਹਨ। ਮੈਂ ਉਨ੍ਹਾਂ ਨੂੰ ਮਨੋ-ਮਨੀਂ ਪ੍ਰਣਾਮ ਕੀਤਾ ਅਤੇ ਕਹਿ ਦਿੱਤਾ, ‘‘ਮੈਂ ਇਸ ਹੇਰਾਫੇਰੀ ਨੂੰ ਠੀਕ ਨਹੀਂ ਮੰਨਦਾ। ਇਹ ਅਨੈਤਿਕ ਕੰਮ ਮੈਂ ਨਹੀਂ ਕਰਾਂਗਾ।’’ ਮੈਨੂੰ ਉਮੀਦ ਸੀ ਕਿ ਦੇਵਤੇ ਆਪਣੇ ਮੂਲ ਰੂਪ ਵਿੱਚ ਪ੍ਰਗਟ ਹੋ ਕੇ ਮੈਨੂੰ ਕਹਿਣਗੇ, ‘‘ਭਗਤਾ! ਤੂੰ ਪ੍ਰੀਖਿਆ ਵਿੱਚ ਕਾਮਯਾਬ ਹੋਇਆ ਏਂ। ਬੋਲ ਤੈਨੂੰ ਕੀ ਚਾਹੀਦਾ ਏ? ਬੋਲ ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਤੇਰੇ ਉੱਤੇ ਖੋਜ ਪੱਤਰ ਲਿਖਵਾ ਦੇਈਏ? ਜੇ ਆਖੇਂ ਤਾਂ ਕਿਸੇ ਆਲੋਚਕ ਦੀ ਤੇਰੇ ਘਰ ਪਾਣੀ ਭਰਨ ਦੀ ਡਿਊਟੀ ਲਗਾ ਦਿੱਤੀ ਜਾਵੇ?’’ ਉਹ ਆਪਣੇ ਅਸਲੀ ਰੂਪ ਵਿੱਚ ਆਏ ਤਾਂ ਸੀ, ਪਰ ਉਹ ਖ਼ੁਸ਼ ਹੋਣ ਨਾਲੋਂ ਜ਼ਿਆਦਾ ਗੁੱਸੇ ਵਿੱਚ ਸਨ। ਬੁੜ ਬੁੜ ਕਰਦੇ ਚਲੇ ਗਏ। ਮੈਂ ਸੁਣਿਆ, ਉਹ ਲੋਕਾਂ ਨੂੰ ਮੇਰੇ ਬਾਰੇ ਕਹਿ ਰਹੇ ਸਨ, ‘‘ਅੱਜਕੱਲ੍ਹ ਇਹ ਬੜਾ ਇਮਾਨਦਾਰ ਬਣਿਆ ਫਿਰਦਾ ਏ।’’ ਮੈਂ ਜਿਨ੍ਹਾਂ ਨੂੰ ਦੇਵਤੇ ਸਮਝ ਬੈਠਾ ਸੀ, ਉਹ ਤਾਂ ਇਨਸਾਨ ਨਿਕਲੇ। ਮੈਂ ਆਪਣੀ ਆਤਮਾ ਕੋਲੋਂ ਪੁੱਛਿਆ, ‘‘ਤੂੰ ਹੀ ਦੱਸ, ਗਾਲ੍ਹਾਂ ਖਾ ਕੇ, ਬੇਇੱਜ਼ਤੀ ਕਰਾ ਕੇ ਵੀ ਹੁਣ ਮੈਂ ਇਮਾਨਦਾਰ ਹੀ ਬਣਿਆ ਰਹਾਂ?’’
ਮੇਰੀ ਆਤਮਾ ’ਚੋਂ ਆਵਾਜ਼ ਆਈ, ‘‘ਕੋਈ ਲੋੜ ਨਹੀਂ। ਇੰਨੀ ਕੀ ਕਾਹਲ਼ੀ ਐ? ਅੱਗੇ ਜਦੋਂ ਜ਼ਮਾਨਾ ਬਦਲੇਗਾ, ਉਦੋਂ ਇਮਾਨਦਾਰ ਬਣ ਜਾਈਂ।’’ ਮੇਰੀ ਆਤਮਾ ਵੀ ਕਦੇ ਕਦੇ ਬੜੀ ਸੁਲਝੀ ਹੋਈ ਗੱਲ ਕਰ ਦਿੰਦੀ ਹੈ। ਚੰਗੀ ਆਤਮਾ ਤਾਂ ਫੋਲਡਿੰਗ ਕੁਰਸੀ ਵਰਗੀ ਹੋਣੀ ਚਾਹੀਦੀ ਹੈ। ਲੋੜ ਪਵੇ ਖੋਲ੍ਹ ਕੇ ਉੱਪਰ ਬੈਠ ਜਾਓ, ਨਹੀਂ ਤਾਂ ਮੋੜ ਕੇ ਕਿਸੇ ਖੂੰਜੇ ਵਿੱਚ ਟਿਕਾ ਦਿਉ। ਜਦ ਕਿਤੇ ਆਤਮਾ ਅੜਿੱਕਾ ਪਾਉਣ ਲੱਗਦੀ ਹੈ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਪੁਰਾਤਨ ਕਹਾਣੀਆਂ ਵਿੱਚ ਦੈਂਤ ਆਪਣੀ ਆਤਮਾ ਨੂੰ ਦੂਰ ਕਿਸੇ ਪਹਾੜ ’ਤੇ ਤੋਤੇ ਵਿੱਚ ਕਿਉਂ ਰੱਖਦੇ ਹੁੰਦੇ ਸਨ? ਉਹ ਆਤਮਾ ਤੋਂ ਮੁਕਤ ਹੋ ਕੇ ਬੇਝਿਜਕ ਮਾਰਧਾੜ ਕਰ ਸਕਦੇ ਸਨ। ਦੇਵਤਿਆਂ ਤੇ ਰਾਖਸ਼ਾਂ ਵਿੱਚ ਹੁਣ ਵੀ ਤਾਂ ਇਹੋ ਅੰਤਰ ਹੈ। ਇੱਕ ਦੀ ਆਤਮਾ ਉਸ ਦੇ ਕੋਲ ਹੁੰਦੀ ਹੈ ਅਤੇ ਦੂਜੇ ਦੀ ਉਸ ਕੋਲੋਂ ਦੂਰ। ਮੈਂ ਅਜਿਹੇ ਆਦਮੀ ਵੀ ਦੇਖੇ ਹਨ ਜਿਨ੍ਹਾਂ ਵਿੱਚੋਂ ਕਿਸੇ ਨੇ ਆਪਣੀ ਆਤਮਾ ਕੁੱਤੇ ਵਿੱਚ ਰੱਖੀ ਹੁੰਦੀ ਹੈ ਅਤੇ ਕਿਸੇ ਨੇ ਸੂਰ ਵਿੱਚ। ਹੁਣ ਤਾਂ ਜਾਨਵਰਾਂ ਨੇ ਵੀ ਮਨੁੱਖਾਂ ਤੋਂ ਇਹ ਗੁਰ ਸਿੱਖ ਲਿਆ ਹੈ। ਕੁਝ ਕੁੱਤੇ ਅਤੇ ਸੂਰ ਆਪਣੀ ਆਤਮਾ ਕਿਸੇ ਨਾ ਕਿਸੇ ਇਨਸਾਨ ਵਿੱਚ ਵੀ ਰੱਖ ਦਿੰਦੇ ਹਨ। ਆਤਮਾ ਦੇ ਆਖੇ ਲੱਗ ਕੇ ਮੈਂ ਇਮਾਨਦਾਰ ਬਣਨ ਦਾ ਇਰਾਦਾ ਤਿਆਗ ਦਿੱਤਾ ਸੀ।
ਰਾਧੇ ਸ਼ਿਆਮ ਨੇ ਵੀ ਅਜਿਹੀ ਕੋਸ਼ਿਸ਼ ਕੀਤੀ ਸੀ। ਉਹ ਵੀ ਸਫ਼ਲ ਨਹੀਂ ਹੋਇਆ। ਉਸ ਦੀ ਇੱਕ ਛੋਟੀ ਜਿਹੀ ਦੁਕਾਨ ਹੈ। ਉਸ ਨੇ ਦੁਕਾਨ ਦੇ ਇੱਕ ਇੱਕ ਪੈਸੇ ਦਾ ਸਹੀ ਹਿਸਾਬ ਰੱਖਿਆ ਸੀ। ਹਿਸਾਬ ਕਿਤਾਬ ਸੇਲ ਟੈਕਸ ਦੇ ਦਫ਼ਤਰ ਲੈ ਗਿਆ। ਉਹ ਕਹਿੰਦੇ, ‘‘ਤੇਰਾ ਹਿਸਾਬ ਕਿਤਾਬ ਤਾਂ ਫਰਜ਼ੀ ਹੈ।’’ ਫਿਰ ਹਿਸਾਬ ਕਿਤਾਬ ਨੂੰ ਸਹੀ ਕਰਾਉਣ ਲਈ ਵੀ ਰਿਸ਼ਵਤ ਦੇਣੀ ਪੈ ਗਈ। ਅੱਕ ਕੇ ਰਾਧੇ ਸ਼ਿਆਮ ਕਹਿੰਦਾ, ‘‘ਮੈਂ ਵੀ ਹੁਣ ਫਰਜ਼ੀ ਹਿਸਾਬ ਕਿਤਾਬ ਹੀ ਰੱਖਿਆ ਕਰਾਂਗਾ। ਰਿਸ਼ਵਤ ਦੇ ਕੇ ਸਹੀ ਕਰਵਾ ਲਿਆ ਕਰਾਂਗਾ। ਸਚਾਈ ਲਈ ਰਿਸ਼ਵਤ ਦੇਣ ਨਾਲੋਂ ਜ਼ਿਆਦਾ ਚੰਗਾ ਏ ਕਿ ਮੈਂ ਝੂਠ ਲਈ ਰਿਸ਼ਵਤ ਦਿਆਂ। ਐਨਾ ਮਹਿੰਗਾ ਇਮਾਨ ਬਣਾਈ ਰੱਖਣਾ ਆਪਣੀ ਹੈਸੀਅਤ ਤੋਂ ਬਾਹਰ ਹੈ। ਇਸ ਨਾਲੋਂ ਤਾਂ ਬੇਈਮਾਨੀ ਕਰਨੀ ਸਸਤੀ ਪੈਂਦੀ ਹੈ।’’
ਇਕ ਔਰਤ ਨੌਕਰੀ ਦੇ ਸਿਲਸਿਲੇ ਵਿੱਚ ਇੱਕ ਨਾਮਵਰ ਆਦਮੀ ਤੋਂ ਚੰਗੇ ਚਰਿੱਤਰ ਦਾ ਪ੍ਰਮਾਣ ਲੈਣ ਗਈ। ਉਸ ਆਦਮੀ ਨੇ ਪਹਿਲਾਂ ਉਸ ਨੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਦੇਵਤੇ ਆਦਮੀ ਬਣ ਕੇ ਠੱਗੀ ਮਾਰਦੇ ਸਨ, ਹੁਣ ਆਦਮੀ ਦੇਵਤੇ ਬਣ ਕੇ ਠੱਗਦੇ ਹਨ।
ਇਨ੍ਹਾਂ ਦਿਨਾਂ ਵਿੱਚ ਮੈਨੂੰ ਸੱਜਣ ਮਿੱਤਰ ਬੜੇ ਮਿਲਣ ਆਉਂਦੇ ਹਨ। ਦੇਖਦੇ ਸਾਰ ਮੈਂ ਸਮਝ ਜਾਂਦਾ ਹਾਂ ਕਿ ਉਹ ਕਿਸ ਕੰਮ ਆਏ ਹਨ। ਮੈਨੂੰ ਮੌਸਮ ਤੋਂ ਵੀ ਅੰਦਾਜ਼ਾ ਲੱਗ ਜਾਂਦਾ ਹੈ। ਜਦੋਂ ਕੋਈ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ, ਜਦੋਂ ਅੰਬਰੀਂ ਘਟਾ ਚੜ੍ਹੀ ਹੋਵੇ, ਮੋਰ ਪਪੀਹੇ ਬੋਲਦੇ ਹੋਣ, ਬਿਜਲੀ ਨੀਗਰੋ ਸੁੰਦਰੀ ਦੇ ਦੰਦਾਂ ਵਾਂਗ ਚਮਕਦੀ ਹੋਵੇ, ਉਦੋਂ ਆਇਆ ਬੰਦਾ ਬੱਚਿਆਂ ਨੂੰ ਸਕੂਲ ਦਾਖ਼ਲ ਕਰਾਉਣ ਲਈ ਮਦਦ ਮੰਗਣ ਆਇਆ ਹੁੰਦਾ ਹੈ। ਮਾਰਚ ਵਿੱਚ ਆਉਣ ਵਾਲਾ ਨੰਬਰ ਵਧਵਾਉਣ ਜਾਂ ਪੇਪਰ ਆਊਟ ਕਰਾਉਣ ਨੂੰ ਆਉਂਦਾ ਹੈ। ਗੱਲ ਇਹ ਹੈ ਕਿ ਸਾਡੇ ਸਾਰੇ ਹੀ ਸਿਲੇਬਸ ਅਤੇ ਪ੍ਰਾਸਪੈਕਟਸ ਗ਼ਲਤ ਹੁੰਦੇ ਹਨ। ਉਨ੍ਹਾਂ ਵਿੱਚ ਦੋ ਪਰਚਿਆਂ ਦਾ ਤਾਂ ਜ਼ਿਕਰ ਹੀ ਨਹੀਂ ਹੁੰਦਾ ਜੋ ਬੜੇ ਜ਼ਰੂਰੀ ਹੁੰਦੇ ਹਨ। ਇੱਕ ਪੇਪਰ ਸ਼ੁਰੂ ਦਾ, ਦੂਜਾ ਆਖ਼ਰੀ। ਪਹਿਲਾ ‘ਪੇਪਰ ਆਊਟ ਕਰਨ’ ਦਾ ਹੁੰਦਾ, ਆਖ਼ਰੀ ਪੇਪਰ ‘ਨੰਬਰ ਵਧਵਾਉਣ’ ਦਾ। ਜੋ ਇਨ੍ਹਾਂ ਪੇਪਰਾਂ ਨੂੰ ਚੰਗੀ ਤਰ੍ਹਾਂ ਕਰ ਲਵੇ, ਉਹ ਪਾਸ ਹੋ ਜਾਂਦਾ ਹੈ। ਫਸਟ ਡਿਵੀਜ਼ਨ ਵੀ ਲੈ ਸਕਦਾ ਹੈ। ਇਨ੍ਹਾਂ ਪਰਚਿਆਂ ਨੂੰ ਜਿਹੜੇ ਵਿਦਿਆਰਥੀ ਖ਼ੁਦ ਕਰ ਲੈਂਦੇ ਹਨ, ਉਹ ਪ੍ਰਤਿਭਾਵਾਨ ਹੁੰਦੇ ਹਨ। ਉਨ੍ਹਾਂ ਦਾ ਭਵਿੱਖ ਉੱਜਲਾ ਹੁੰਦਾ ਹੈ। ਕਈਆਂ ਦੇ ਮਾਂ ਪਿਓ ਨੂੰ ਇਹ ਪਰਚੇ ਹੱਲ ਕਰਨੇ ਪੈਂਦੇ ਹਨ। ਅਜਿਹੇ ਵਿਦਿਆਰਥੀਆਂ ਦਾ ਭਵਿੱਖ ਸ਼ੱਕੀ ਹੁੰਦਾ ਹੈ। ਉਨ੍ਹਾਂ ਦੇ ਮਾਂ ਪਿਓ ਦਾ ਤਾਂ ਫਿਰ ਵੀ ਕੋਈ ਭਵਿੱਖ ਹੁੰਦਾ ਹੈ।
ਅਧਿਆਪਕਾਂ ਨਾਲ ਚੰਗੇ ਸੰਬੰਧ ਹੋਣ ਕਰਕੇ ਮੇਰੇ ਕੋਲ ਦੋਵੇਂ ਤਰ੍ਹਾਂ ਦੇ ਲੋਕ ਆਉਂਦੇ ਹਨ। ਕੱਲ੍ਹ ਜੋ ਮਿਲਣ ਆਏ ਸੀ, ਦੋ ਸਾਲ ਪਹਿਲਾਂ ਉਹ ਮੈਨੂੰ ਕਿਸੇ ਵਿਆਹ ਵਿੱਚ ਮਿਲੇ ਸਨ। ਛੋਟੀ ਜਿਹੀ ਮੁਲਾਕਾਤ ਹੋਈ ਸੀ। ਇੰਨੀ ਅਪਣੱਤ ਪਾ ਲਈ ਕਿ ਬੱਚੇ ਦੇ ਇਮਤਿਹਾਨ ਵਿੱਚ ਬੈਠਣ ਵੇਲੇ ਉਸ ਨੂੰ ਮੇਰੀ ਯਾਦ ਸਤਾਉਣ ਲੱਗੀ। ਕਹਿੰਦੇ ਨੇ -ਬਿਰਹਨ ਨੂੰ ਬਰਸਾਤ ਸਮੇਂ ਪਿਆਰੇ ਦੀ ਯਾਦ ਆਉਂਦੀ ਹੈ, ਪੇਪਰਾਂ ਦੇ ਦਿਨਾਂ ਵਿੱਚ ਵੀ ਕਈ ਲੋਕਾਂ ਅੰਦਰ ਬਿਰਹਾ ਜਾਗ ਪੈਂਦਾ ਹੈ। ਜਾਣ ਪਛਾਣ ਦੇ ਲੋਕ ਯਾਦ ਆਉਣ ਲੱਗਦੇ ਹਨ। ਕੋਈ ਕਹਿੰਦਾ, ‘‘ਫਲਾਣਾ ਪ੍ਰੋਫੈਸਰ ਆਪਣਾ ਮਿੱਤਰ ਹੈ, ਉਨ੍ਹਾਂ ਕੋਲੋਂ ਪੇਪਰ ਆਊਟ ਕਰਵਾਇਆ ਹੈ, ਕਿਸੇ ਤੋਂ ਥੋੜ੍ਹਾ ਪੇਪਰ ਹੱਲ ਹੀ ਕਰਾ ਦਿਉ।’’ ਮੈਂ ਸੋਚਿਆ ਕਿਸੇ ਨਾਲ ਮਿੱਤਰਤਾ ਦਾ ਬੱਸ ਫ਼ਾਇਦਾ ਇਹੀ ਹੈ ਕਿ ਉਸ ਕੋਲੋਂ ਜਦ ਵੀ ਲੋੜ ਪਵੇ ਗ਼ਲਤ ਕੰਮ ਕਰਵਾ ਲਓ। ਕੋਈ ਇਹ ਤਾਂ ਕਹਿੰਦਾ ਨਹੀਂ ਕਿ ਫਲਾਣੇ ਨਾਲ ਆਪਣੀ ਮਿੱਤਰਤਾ ਹੈ, ਉਹਨੂੰ ਸਮਝਾ ਕਿ ਅਜਿਹਾ ਗਲਤ ਕੰਮ ਨਾ ਕਰੇ। ਨਾ ਕੋਈ ਇਹ ਕਹਿੰਦਾ ਹੈ ਕਿ ਫਲਾਣਾ ਤੁਹਾਡਾ ਦੁਸ਼ਮਣ ਹੈ ਤਾਂ ਉਸ ਕੋਲੋਂ ਪੇਪਰ ਆਊਟ ਕਰਵਾ ਕੇ ਉਸ ਦਾ ਇਮਾਨ ਹੀ ਵਿਗਾੜ ਦਿਉ। ਦੁਸ਼ਮਣ ਤਾਂ ਸਾਰੇ ਬਚ ਜਾਂਦੇ ਹਨ। ਇਮਾਨ ਤਾਂ ਹਮੇਸ਼ਾ ਮਿੱਤਰ ਦਾ ਹੀ ਵਿਗਾੜਿਆ ਜਾਂਦਾ ਹੈ।
ਇਨ੍ਹਾਂ ‘ਪਰਚਾ ਆਊਟ ਕਰਵਾਉਣ ਵਾਲਿਆਂ’ ਅਤੇ ‘ਨੰਬਰ ਵਧਵਾਉਣ ਵਾਲਿਆਂ’ ’ਤੇ ਹੱਸ ਵੀ ਨਹੀਂ ਸਕਦੇ। ਇਨ੍ਹਾਂ ਵਿੱਚੋਂ ਬਹੁਤੇ ਤਾਂ ਤਰਸ ਦੇ ਪਾਤਰ ਹੁੰਦੇ ਹਨ। ਬੇਹੱਦ ਦੁਖੀ ਅਤੇ ਘਬਰਾਏ ਹੋਏ। ਕੋਈ ਚਾਹੁੰਦਾ ਹੈ ਕਿ ਮੁੰਡਾ ਪਾਸ ਹੋ ਜਾਵੇ, ਉਸ ਨੂੰ ਨੌਕਰੀ ਕਰਾ ਲਵਾਂਗਾ। ਕਿਸੇ ਨੂੰ ਫ਼ਿਕਰ ਹੈ ਕਿ ਜੇ ਮੁੰਡਾ ਫੇਲ੍ਹ ਹੋ ਗਿਆ, ਇੱਕ ਹੋਰ ਸਾਲ ਲਗਾਉਣਾ ਪੈ ਜਾਵੇਗਾ। ਉਸ ਦੀ ਪੜ੍ਹਾਈ ਦਾ ਖ਼ਰਚਾ ਕਿਵੇਂ ਚੱਲੇਗਾ। ਕੋਈ ਚਾਹੁੰਦਾ ਹੈ ਕਿ ਕੁੜੀ ਪਾਸ ਹੋ ਜਾਵੇ, ਉਸ ਦੀ ਸ਼ਾਦੀ ਕਰ ਕੇ ਬੋਝ ਸਿਰੋਂ ਲਾਹ ਲਵਾਂ। ਬੜੇ ਦੁਖੀ ਲੋਕ ਹੁੰਦੇ ਹਨ ਇਹ। ਇਨ੍ਹਾਂ ਵਿੱਚ ਕਈ ਲੋਕ ਇੰਨੇ ਵਿਚਾਰੇ ਹੁੰਦੇ ਹਨ ਕਿ ਉਨ੍ਹਾਂ ਦੇ ਗਲ਼ ਲੱਗ ਕੇ ਰੋਣ ਨੂੰ ਦਿਲ ਕਰਦਾ ਹੈ। ਮੈਂ ਇਸ ਕਰਕੇ ਦੁਖੀ ਹਾਂ ਕਿ ਇਹ ਲੋਕ ਹੁਣ ਬੇਝਿਜਕ ਅਤੇ ਬੇਸ਼ਰਮੀ ਨਾਲ ਕੰਮ ਕਰਨ ਲੱਗ ਪਏ ਹਨ। ਦਸ ਸਾਲ ਪਹਿਲਾਂ ਵੀ ਮੈਂ ਇਹ ਕੰਮ ਕਰਾ ਦਿੰਦਾ ਸੀ। ਉਦੋਂ ਨੰਬਰ ਵਧਾਉਣ ਵਾਲੇ ਲੋਕ ਬੜੇ ਝਿਜਕਦੇ, ਸ਼ਰਮਾਉਂਦੇ ਹੁੰਦੇ ਸਨ। ਲੋਕ ਖੁੱਲ੍ਹ ਕੇ ਨਹੀਂ ਕਹਿੰਦੇ ਸਨ। ਕਦੇ ਕੋਈ ਲੁਕਵੀਂ ਚਿੱਠੀ ਪਾ ਦਿੰਦਾ ਸੀ: ਆਪਣੇ ਦੋਸਤ ਰਮੇਸ਼ ਚੰਦ ਦੇ ਭਾਈ, ਸੁਰੇਸ਼ ਦੀ ਮੋਟਰ ਸਾਈਕਲ, ਜਿਸ ’ਤੇ ਅੰਗਰੇਜ਼ੀ ਵਿੱਚ ਨੰਬਰ 2431 ਲਿਖਿਆ ਹੈ, ਖ਼ਰਾਬ ਹੋ ਗਈ ਹੈ। ਇਹ ਤੁਹਾਡੇ ਮਿੱਤਰ ਸਿਨਹਾ ਕੋਲ ਠੀਕ ਹੋਣ ਨੂੰ ਗਈ ਹੋਈ ਹੈ। ਤੁਸੀਂ ਉਸ ਕੋਲੋਂ ਠੀਕ ਕਰਾ ਦਿਓ ਕਿ ਘੱਟੋ-ਘੱਟ 40 ਫ਼ੀਸਦੀ ਕੰਮ ਤਾਂ ਦੇਣ ਲੱਗ ਪਵੇ।
ਇਸ ਦਾ ਮਤਲਬ ਇਹ ਹੁੰਦਾ ਸੀ ਕਿ ਸੁਰੇਸ਼ ਦਾ ਰੋਲ ਨੰਬਰ 2431 ਹੈ। ਉਸ ਦਾ ਅੰਗਰੇਜ਼ੀ ਦਾ ਪੇਪਰ ਖਰਾਬ ਹੋਇਆ ਹੈ। ਸਿਨਹਾ ਉਸ ਨੂੰ ਚੈੱਕ ਕਰ ਰਹੇ ਹਨ। ਉਸ ਨੂੰ ਚਾਲ਼ੀ ਪ੍ਰਤੀਸ਼ਤ ਨੰਬਰ ਦਿਵਾਉਣੇ ਹਨ। ਹੁਣ ਤਾਂ ਸਿੱਧੀ ਚਿੱਠੀ ਵੀ ਆ ਜਾਂਦੀ ਹੈ। ਖੁੱਲ੍ਹਾ ਕਾਰਡ ਤੱਕ ਆ ਜਾਂਦਾ ਹੈ। ਹੁਣ ਨੰਬਰ ਵਧਵਾਉਣ ਵਾਲਾ ਇਸ ਤਰ੍ਹਾਂ ਆਉਂਦਾ ਹੈ ਜਿਵੇਂ ਬਾਜ਼ਾਰ ਵਿੱਚ ਸਬਜ਼ੀ ਖਰੀਦਣ ਆਇਆ ਹੁੰਦਾ ਹੈ। ਸਿੱਧਾ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਝਾਕਦਾ ਹੈ ਅਤੇ ਹੱਕ ਜਤਾਉਂਦਿਆਂ ਕਹਿੰਦਾ ਹੈ, ‘‘ਜਨਾਬ, ਨੰਬਰ ਵਧਵਾਉਣੇ ਹਨ।’’
ਦਸ ਸਾਲਾਂ ਵਿੱਚ ਹੋਈ ਇਹ ਤਰੱਕੀ ਮੈਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ। ਬੜੀ ਡਰਾਉਣੀ ਸੰਕੋਚਹੀਣਤਾ ਹੈ। ਮੈਂ ਉਡੀਕਦਾ ਹਾਂ ਕਿ ਕੋਈ ਤਾਂ ਸੰਕੋਚ ਵਾਲਾ ਆਵੇ, ਮੈਨੂੰ ਕੋਈ ਉਮੀਦ ਬੱਝੇ। ਪਰ ਕੋਈ ਨਹੀਂ ਆਉਂਦਾ। ਲੋਕ ਮੰਨ ਚੁੱਕੇ ਹਨ ਕਿ ਆਮ ਸੜਕਾਂ ਬੰਦ ਹੋ ਗਈਆਂ ਹਨ। ਜਾਣੀ ਕਿ ਸਿੱਧੇ ਰਾਹ ਬੰਦ ਹੋ ਚੁੱਕੇ ਹਨ। ਜਿਵੇਂ ਉਨ੍ਹਾਂ ’ਤੇ ਫੱਟੀ ਲਟਕਦੀ ਹੋਵੇ: ਸੜਕ ਮੁਰੰਮਤ ਲਈ ਬੰਦ ਹੈ। ਵਰ੍ਹਿਆਂ ਤੋਂ ਸੜਕਾਂ ਬੰਦ ਹਨ। ਸਭ ਲੋਕ ਹੁਣ ਪਗਡੰਡੀਆਂ ’ਤੇ ਹੀ ਤੁਰੇ ਜਾ ਰਹੇ ਹਨ। ਤੁਰਦੇ ਤੁਰਦੇ ਪਗਡੰਡੀਆਂ ਦੇ ਕੰਡੇ ਅਤੇ ਝਾੜੀਆਂ ਖ਼ਤਮ ਹੋ ਗਈਆਂ ਹਨ। ਪਗਡੰਡੀਆਂ ਸੜਕਾਂ ਵਾਂਗ ਸਾਫ਼ ਤੇ ਚੌੜੀਆਂ ਹੋ ਗਈਆਂ ਹਨ। ਲੋਕ ਬੇਝਿਜਕ ਇਨ੍ਹਾਂ ’ਤੇ ਨੰਗੇ ਪੈਰੀਂ ਚੱਲ ਰਹੇ ਹਨ। ਆਮ ਸੜਕ ’ਤੇ ਚੱਲਣ ਵਾਲੇ ਨੂੰ ਬੇਵਕੂਫ਼ ਜਾਂ ਪਾਗਲ ਸਮਝਿਆ ਜਾਣ ਲੱਗਾ ਹੈ। ਹੁਣ ਆਮ ਸੜਕਾਂ ਖੁੱਲ੍ਹ ਵੀ ਜਾਣ ਤਾਂ ਲੋਕ ਉਨ੍ਹਾਂ ਉੱਪਰ ਤੁਰਨ ਤੋਂ ਝਿਜਕਣਗੇ। ਮੁਰੰਮਤ ਕਰਨ ਵਾਲੇ ਵੀ ਇਸੇ ਕਰਕੇ ਢਿੱਲੇ ਪੈ ਗਏ ਹਨ। ਜਦ ਸੜਕਾਂ ਵਰਤੋਂ ਵਿੱਚ ਹੀ ਨਹੀਂ ਆਉਣਗੀਆਂ, ਇਨ੍ਹਾਂ ’ਤੇ ਜੰਗਲੀ ਪੌਦੇ ਤੇ ਝਾੜੀਆਂ ਉੱਗ ਪੈਣਗੀਆਂ। ਸੜਕਾਂ ਝਾੜੀਆਂ ਨਾਲ ਢਕੀਆਂ ਜਾਣਗੀਆਂ। ਕਿਸੇ ਨੂੰ ਆਭਾਸ ਹੀ ਨਹੀਂ ਹੋਣਾ ਕਿ ਇਸ ਦੇਸ਼ ਵਿੱਚ ਆਮ ਸੜਕਾਂ ਵੀ ਹਨ।
ਲੱਗਦਾ ਕਿ ਆਮ ਸੜਕਾਂ ਹੁਣ ਭਵਿੱਖ ਦੇ ਪੁਰਾਤਤਵ ਵਿਗਿਆਨੀਆਂ ਨੂੰ ਹੀ ਲੱਭਣਗੀਆਂ। ਉਹੀ ਇਨ੍ਹਾਂ ਨੂੰ ਖੋਜਣਗੇ। ਖੋਜ ਕਰਕੇ ਦੱਸਣਗੇ ਕਿ ਉਸ ਜ਼ਮਾਨੇ ਵਿੱਚ ਦੇਸ਼ ਵਿੱਚ ਸੜਕਾਂ ਤਾਂ ਹੁੰਦੀਆਂ ਸਨ, ਪਰ ਕੋਈ ਉਨ੍ਹਾਂ ’ਤੇ ਤੁਰਦਾ ਨਹੀਂ ਸੀ। ਸਾਰੇ ਪਗਡੰਡੀ ਪੈ ਜਾਂਦੇ ਸਨ। ਨਾ ਵਰਤਣ ਕਰਕੇ ਸੜਕਾਂ ਦੱਬੀਆਂ ਗਈਆਂ ਸਨ।
ਸਫ਼ਲਤਾ ਦੇ ਮਹਿਲ ਦੇ ਸਾਹਮਣੇ ਵਾਲਾ ਆਮ ਦਰਵਾਜ਼ਾ ਬੰਦ ਹੋ ਗਿਆ ਹੈ। ਕਈ ਲੋਕ ਅੰਦਰ ਵੜ ਗਏ ਹਨ। ਉਨ੍ਹਾਂ ਅੰਦਰੋਂ ਕੁੰਡੀ ਲਾ ਲਈ ਹੈ। ਜਿਸ ਨੇ ਉਸ ਵਿੱਚ ਵੜਨਾ ਹੋਵੇ, ਉਹ ਨੱਕ ’ਤੇ ਰੁਮਾਲ ਰੱਖ ਕੇ ਪਰਨਾਲੇ ਵਿੱਚੋਂ ਦੀ ਵੜ ਜਾਂਦਾ ਹੈ। ਆਸ-ਪਾਸ ਸੁਗੰਧਿਤ ਰੁਮਾਲਾਂ ਦੀਆਂ ਦੁਕਾਨਾਂ ਹਨ। ਲੋਕ ਰੁਮਾਲ ਖਰੀਦ ਕੇ ਨੱਕ ’ਤੇ ਰੱਖੀ ਜਾਂਦੇ ਨੇ ਅਤੇ ਪਰਨਾਲੇ ਵਿੱਚ ਵੜੀ ਜਾ ਰਹੇ ਹਨ। ਜਿਨ੍ਹਾਂ ਨੂੰ ਬਦਬੂ ਜ਼ਿਆਦਾ ਆਉਂਦੀ ਹੈ ਅਤੇ ਜਿਹੜੇ ਸਿਰਫ਼ ਮੁੱਖ ਦਰਵਾਜ਼ੇ ਤੋਂ ਹੀ ਅੰਦਰ ਜਾਣਾ ਚਾਹੁੰਦੇ ਹਨ, ਉਹ ਮੇਨ ਗੇਟ ’ਤੇ ਸਿਰ ਮਾਰ ਰਹੇ ਹਨ। ਉਨ੍ਹਾਂ ਦੀਆਂ ਖੋਪੜੀਆਂ ’ਚੋਂ ਖ਼ੂਨ ਵਹਿ ਰਿਹਾ ਹੈ।
- ਪੰਜਾਬੀ ਰੂਪ: ਹਰੀ ਕ੍ਰਿਸ਼ਨ ਮਾਇਰ
ਈ-ਮੇਲ: mayer_hk@yahoo.com