For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹਾ ਪਠਾਨਕੋਟ ਦੇ 54 ਵੋਟਰਾਂ ਦੀ ਉਮਰ ਸੌ ਸਾਲ ਤੋਂ ਵੱਧ

07:16 AM Mar 27, 2024 IST
ਜ਼ਿਲ੍ਹਾ ਪਠਾਨਕੋਟ ਦੇ 54 ਵੋਟਰਾਂ ਦੀ ਉਮਰ ਸੌ ਸਾਲ ਤੋਂ ਵੱਧ
ਯਮਨਾ ਦੇਵੀ ਗੀਤਾ ਦੇਵੀ ਦੇਸ ਰਾਜ
Advertisement

ਐਨਪੀ ਧਵਨ
ਪਠਾਨਕੋਟ, 26 ਮਾਰਚ
ਜ਼ਿਲ੍ਹਾ ਪਠਾਨਕੋਟ ਵਿੱਚ 9,258 ਅਜਿਹੇ ਵੋਟਰ ਹਨ ਜੋ 80 ਸਾਲ ਤੋਂ ਵੱਧ ਹਨ। ਇਨ੍ਹਾਂ ਵਿੱਚੋਂ 54 ਵੋਟਰ 100 ਸਾਲ ਨੂੰ ਟੱਪ ਚੁੱਕੇ ਹਨ। 100 ਸਾਲ ਦੀ ਉਮਰ ਵਾਲੇ ਜਾਂ ਇਸ ਤੋਂ ਵੱਧ ਉਮਰ ਵਾਲੇ ਵੋਟਰ ਦੇਸ਼ ਦੇ ਲੋਕਤੰਤਰ ਦੇ ਸਤੰਭ ਹਨ ਜੋ ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸਨ ਅਤੇ ਹੁਣ ਤੱਕ ਲਗਾਤਾਰ ਦੇਸ਼ ਵਿੱਚ ਹੋਈਆਂ ਵੋਟਾਂ ਦੌਰਾਨ ਆਪਣੀ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਆ ਰਹੇ ਹਨ। ਇੱਥੇ ਸਭ ਤੋਂ ਵੱਧ ਉਮਰ 111 ਸਾਲ ਦਾ ਵੋਟਰ ਚਤਰੋ ਰਾਮ ਪੁੱਤਰ ਬਿੱਲਾ ਰਾਮ ਵਾਸੀ ਪਿੰਡ ਫੰਗਤੋਲੀ ਦਾ ਰਹਿਣ ਵਾਲਾ ਹੈ। ਜਦਕਿ ਭੱਬਰ ਪਿੰਡ ਦੀ 104 ਸਾਲ ਦੀ ਗੀਤਾ ਦੇਵੀ ਪਤਨੀ ਸੰਸਾਰ ਸਿੰਘ ਅਤੇ ਅਖਵਾਨਾ ਪਿੰਡ ਦਾ 102 ਸਾਲ ਦਾ ਦੇਸ ਰਾਜ ਪੁੱਤਰ ਸਾਧੂ ਰਾਮ ਤੇ ਇਸੇ ਪਿੰਡ ਦੀ ਬਜ਼ੁਰਗ ਔਰਤ ਯਮਨਾ ਦੇਵੀ ਵੀ ਉਮਰ ਦਾ ਸੈਂਕੜਾ ਮਾਰ ਚੁੱਕੀ ਹੈ।
ਸੁਜਾਨਪੁਰ ਵਿਧਾਨ ਸਭਾ ਦੇ ਨੀਮ ਪਹਾੜੀ ਖੇਤਰ ਵਿੱਚ 17, ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿੱਚ 30 ਅਤੇ ਪਠਾਨਕੋਟ ਵਿੱਚ 7 ਵੋਟਰ 100 ਸਾਲ ਤੋਂ ਵੱਧ ਉਮਰ ਵਾਲੇ ਹਨ। ਇਨ੍ਹਾਂ ਲੋਕਾਂ ਦੀ ਵੱਧ ਉਮਰ ਦਾ ਰਾਜ਼ ਹੱਥੀਂ ਮਿਹਨਤ ਮਜ਼ਦੂਰੀ ਕਰਨਾ ਰਿਹਾ ਹੈ। ਜਦਕਿ ਸ਼ਹਿਰ ਅੰਦਰ ਮਹਿਜ਼ 7 ਹੀ ਵੋਟਰ 100 ਸਾਲ ਵਾਲੇ ਹਨ। 111 ਸਾਲ ਵਾਲਾ ਚਤਰੋ ਰਾਮ ਖੂੰਡੀ ਦਾ ਸਹਾਰਾ ਲੈ ਕੇ ਤੁਰਦਾ ਹੈ। ਉਹ ਅਜੇ ਤੱਕ ਪੂਰਾ ਨਿਰੋਗ ਹੈ। ਉਹ ਕੋਰਾ ਅਨਪੜ੍ਹ ਹੈ। ਉਸ ਦਾ ਕਹਿਣਾ ਸੀ ਕਿ ਉਸ ਨੂੰ ਵੱਧ ਉਮਰ ਕਰਕੇ ਚੋਣ ਕਮਿਸ਼ਨ ਵੱਲੋਂ ਦਸੰਬਰ 2023 ਅਤੇ 1 ਅਕਤੂਬਰ 2023 ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਵੇਲੇ 2 ਵਾਰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। 104 ਸਾਲ ਦੀ ਗੀਤਾ ਦੇਵੀ ਦੇ ਵੀ ਪੜਪੋਤੇ ਹਨ ਤੇ ਉਹ ਵੀ ਠੀਕਠਾਕ ਤੁਰੀ ਫਿਰਦੀ ਹੈ। ਉਹ ਚਰਖਾ ਕੱਤਦੀ ਰਹੀ ਹੈ ਤੇ ਹੁਣ 30 ਸਾਲ ਤੋਂ ਚਰਖੇ ਨੂੰ ਤਿਆਗ ਚੁੱਕੀ ਹੈ। ਉਸ ਨੂੰ ਵੀ ਕੋਈ ਰੋਗ ਨਹੀਂ। ਜਦਕਿ 102 ਸਾਲਾ ਦੇਸ ਰਾਜ ਦਾ ਕਹਿਣਾ ਸੀ ਕਿ ਉਹ ਤਾਂ ਸਾਰੀ ਉਮਰ ਰੇਹੜਾ ਚਲਾਉਂਦਾ ਰਿਹਾ ਹੈ। ਉਹ ਹੁਣ ਵੀ ਆਪਣੀ ਨੂੰਹ ਨਾਲ ਗੁੜ ਬਣਾ ਰਿਹਾ ਸੀ। ਬਿਰਧ ਔਰਤ ਯਮਨਾ ਦੇਵੀ ਜੋ ਚੱਲਣ ਵੇਲੇ ਖੁੰਡੀ ਦਾ ਸਹਾਰਾ ਲੈਂਦੀ ਹੈ, ਦਾ ਕਹਿਣਾ ਸੀ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੋਟ ਪਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×