For the best experience, open
https://m.punjabitribuneonline.com
on your mobile browser.
Advertisement

ਹੜ੍ਹਾਂ ਦੀ ਆਫ਼ਤ ਸਿਰ ’ਤੇ ਆਉਣ ਮਗਰੋਂ ਜਾਗਿਆ ਪ੍ਰਸ਼ਾਸਨ

07:55 AM Jul 11, 2023 IST
ਹੜ੍ਹਾਂ ਦੀ ਆਫ਼ਤ ਸਿਰ ’ਤੇ ਆਉਣ ਮਗਰੋਂ ਜਾਗਿਆ ਪ੍ਰਸ਼ਾਸਨ
ਮੁਕਤਸਰ ਦੇ ਡੀਸੀ ਦਫਤਰ ਦੀਆਂ ਰੂੜੀਆਂ ’ਤੇ ਪਈ ਕਿਸ਼ਤੀ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ
ਹੜ੍ਹਾਂ ਦੀ ਆਫਤ ਸਿਰ ਉਪਰ ਆਈ ਹੋਈ ਹੈ ਪਰ ਮੁਕਤਸਰ ਪ੍ਰਸ਼ਾਸਨ ਵੱਲੋਂ ਹੁਣ ਇਸ ਦੇ ਪ੍ਰਬੰਧਾਂ ਲਈ ਬੈਠਕਾਂ ਸ਼ੁਰੂ ਕੀਤੀਆਂ ਹਨ ਜਿਸ ਕਰਕੇ ਹੰਗਾਮੀ ਹਾਲਤ ’ਚ ਨਜਿੱਠਣ ਉਪਰ ਸਵਾਲ ਲੱਗਿਆ ਹੋਇਆ ਹੈ। ਹੰਗਾਮੀ ਹਾਲਤ ਨਾਲ ਨਜਿੱਠਣ ਲਈ ਲੋੜੀਂਦੀਆਂ ਕਿਸ਼ਤੀਆਂ ਡਿਪਟੀ ਕਮਿਸ਼ਨਰ ਦਫਤਰ ਦੀਆਂ ਰੂੜੀਆਂ ’ਤੇ ਰੁਲ਼ ਰਹੀਆਂ ਹਨ। ਇਕ ਅਧਿਕਾਰੀ ਨੇ ਦੱਬੀ ਜ਼ੁਬਾਨ ’ਚ ਦੱਸਿਆ ਕਿ ਮੁਕਤਸਰ ਦੀ ਇਕ ਕਿਸ਼ਤੀ ਫਾਜ਼ਿਲਕਾ ਹੈ ਤੇ ਇਕ ਇਥੇ ਜਿਹੜੀ ਕੰਡਮ ਹਾਲਤ ’ਚ ਰੂੜੀ ’ਤੇ ਪਈ ਹੈ। ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਆਪਣੇ ਤੌਰ ’ਤੇ ਕਰੀਬ ਹਫਤੇ ਤੋਂ ਸੇਮ ਨਾਲਿਆਂ ਦੀ ਸਫਾਈ ਲਈ ਦੌਰਾ ਕਰਕੇ ਇਸ ਦੇ ਮਾੜੇ ਪ੍ਰਬੰਧਾਂ ’ਤੇ ਚਿੰਤਾ ਜਾਹਿਰ ਕੀਤੀ ਜਾ ਰਹੀ ਹੈ। ਸ੍ਰੀ ਬਰਾੜ ਵੱਲੋਂ ਠੇਕੇਦਾਰਾਂ ਨੂੰ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਪਿੰਡ ਮਾਨ ਸਿੰਘ ਵਾਲਾ, ਡੋਹਕ, ਸੀਰਵਾਲੀ, ਕਾਨਿਆਂਵਾਲੀ ਦੇ ਮੁੱਖ ਸੇਮ ਨਾਲੀਆਂ ’ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਹਰ ਸੰਭਵ ਸਹਿਯੋਗ ਦਾ ਭਰੋਸਾ ਦੁਆਇਆ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਮੁਦਕੀ ਡਰੇਨ ਤੇ ਪੱਕਾ ਡਾਇਵਰਸ਼ਨ ਦਾ ਕੰਮ ਸ਼ੁਰੂ ਕਰਨ ਲਈ ਕਿਹਾ। ਹਲਕਾ ਲੰਬੀ ਦੀ ਗੱਲ ਕਰੀਏ ਤਾਂ ਉੱਥੇ ਵੀ ਸਥਿਤ ਗੰਭੀਰ ਬਣੀ ਹੋਈ ਹੈ। ਲੰਬੀ ਨੇੜਲੇ ਕਈ ਪਿੰਡਾਂ ’ਚ ਸੇਮ ਨਾਲ ਬਾਰਿਸ਼ ਦੇ ਪਾਣੀ ਕਾਰਨ ਓਵਰਫਲੋਅ ਹੋ ਗਏ ਹਨ ਤੇ ਸੇਮ ਨਾਲਿਆਂ ਦਾ ਪਾਣੀ ਕਿਸਾਨਾਂ ਦੀਆਂ ਫ਼ਸਲਾਂ ’ਚ ਭਰ ਗਿਆ ਹੈ।ਪਿੰਡ ਫਤਹਿਪੁਰ ਮਨੀਆਂ ’ਚ ਓਵਰਫਲੋਅ ਹੋਇਆ ਪਾਣੀ ਖੇਤਾਂ ’ਚ ਭਰ ਗਿਆ। ਕਿਸਾਨ ਸੁਖਚੈਨ ਸਿੰਘ, ਰਾਮ ਸਿੰਘ ਤਪਾ ਖੇੜਾ, ਗੁਰਵਿੰਦਰ ਸਿੰਘ, ਧਰਤਵੀਰ ਸਿੰਘ ਕਿਸਾਨਾਂ ਨੇ ਕਿਹਾ ਕਿ ਹੁਣ ਬਾਰਿਸ਼ ਆਉਣ ਤੋਂ ਬਾਅਦ ਡਰੇਨ ਵਿਭਾਗ ਸੇਮ ਨਾਲਿਆਂ ਦੀ ਸਫ਼ਾਈ ਕਰਨ ਲੱਗਿਆ ਹੈ ਜਦੋਂਕਿ ਪਹਿਲਾਂ ਕਰਨੀ ਚਾਹੀਦੀ ਸੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਲੰਬੀ ਹਲਕੇ ਦੇ ਨਾਇਬ ਤਹਿਸੀਦਾਰ ਭੋਲਾ ਰਾਮ (81468-00087, 70352-00011) ਜੇਐੱਸ. ਬਰਾੜ ਤਹਿਸੀਲਦਾਰ ਮਲੋਟ (98154-01115), ਜਸਵਿੰਦਰ ਕੌਰ ਨਾਇਬ ਤਹਿਸੀਲਦਾਰ ਮਲੋਟ (98140-69499, 70099-62654), ਸ੍ਰੀ ਮੁਕਤਸਰ ਸਾਹਿਬ ਦੇ ਤਹਿਸੀਲਦਾਰ ਸਤਵਿੰਦਰ ਸਿੰਘ (73557-00026) ਅਤੇ ਗੁਰਵਿੰਦਰ ਸਿੰਘ ਨਾਇਬ ਤਹਿਸੀਲਦਾਰ (95049-00003) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡੀਸੀ ਡਾ. ਰੂਹੀ ਦੁੱਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐੱਸਡੀਐੱਮ ਅਤੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹੜ੍ਹਾਂ ਦੇ ਬਚਾਅ ਵਾਲੇ ਯੰਤਰਾਂ ਨੂੰ ਆਪੋ-ਆਪਣੀ ਕਸਟੱਡੀ ਵਿੱਚ ਲੈ ਲੈਣ। ਜੇ ਕਿਸੇ ਵਸਤ ਦੀ ਮੁਰੰਮਤ ਹੋਣੀ ਹੈ ਤਾਂ ਮੁਰੰਮਤ ਕੀਤੀ ਜਾਵੇ ਅਤੇ ਜੇ ਨਵੇਂ ਦੀ ਲੋੜ ਹੈ ਤਾਂ ਦੱਸਿਆ ਜਾਵੇ।
ਸਿਵਲ ਹਸਪਤਾਲ ਵਿੱਚ ਫਲੱਡ ਰੂਮ ਸਥਾਪਤ
ਮੋਗਾ (ਨਿੱਜੀ ਪੱਤਰ ਪ੍ਰੇਰਕ ): ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਫਲੱਡ ਕੰਟਰੋਲ ਰੂਮ ਦੀ ਸਥਾਪਨਾ ਕਰ ਦਿੱਤੀ ਗਈ ਹੈ, ਜਿਸ ਦਾ ਐਮਰਜੈਂਸੀ ਨੰਬਰ 01636-220544 ਹੈ। ਇਹ ਕੰਟਰੋਲ ਰੂਮ ਹਫ਼ਤੇ ਦੇ ਸੱਤੋ ਦਨਿ 24 ਘੰਟੇ ਆਪਣੀਆਂ ਸੇਵਾਵਾਂ ਦੇਵੇਗਾ। ਸਤਲੁਜ ਦਰਿਆ ਦੇ ਨੇੜੇ ਹੋਣ ਕਾਰਨ ਸੀਐੱਚਸੀ ਕੋਟ ਈਸੇ ਖਾਂ ਵਿੱਚ ਕੰਟਰੋਲ ਰੂਮ ਅਲੱਗ ਤੋਂ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੈਲੀਫੋਨ ਨੰਬਰ 01682-240023 ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆਵਾਂ, ਨਹਿਰਾਂ, ਸੂਏ, ਸੇਮ ਆਦਿ ਦੇ ਬੰਨ੍ਹਾਂ ਦੀ ਰਾਖੀ ਲਈ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਇਨ੍ਹਾਂ ਕੰਟਰੋਲ ਨੰਬਰਾਂ ਰਾਹੀਂ ਮੈਡੀਕਲ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

Advertisement

Advertisement
Tags :
Author Image

Advertisement
Advertisement
×