ਵਿਰਾਸਤੀ ਫਰਨੀਚਰ ਦੀ ਦੇਖਭਾਲ ਲਈ ਮਿਊਜ਼ੀਅਮ ਸਥਾਪਤ ਕਰੇਗਾ ਪ੍ਰਸ਼ਾਸਨ
ਆਤਿਸ਼ ਗੁਪਤਾ
ਚੰਡੀਗੜ੍ਹ, 31 ਅਗਸਤ
ਯੂਟੀ ਪ੍ਰਸ਼ਾਸਨ ਦੇ ਸੱਭਿਆਚਾਰ ਵਿਭਾਗ ਨੇ ਸਿਟੀ ਬਿਊਟੀਫੁਲ ਦੇ ਵਿਰਾਸਤੀ ਫਰਨੀਚਰ ਦੀ ਦੇਖਭਾਲ ਲਈ ਪ੍ਰਦਰਸ਼ਨੀ ਲਾਉਣ ਦੇ ਉਦੇਸ਼ ਨਾਲ ਸ਼ਹਿਰ ਵਿੱਚ ਵਿਰਾਸਤੀ ਮਿਊਜ਼ੀਅਮ ਸਥਾਪਿਤ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਹ ਮਿਊਜ਼ੀਅਮ ਸੈਕਟਰ-18 ਵਿੱਚ ਸਥਿਤ ਪ੍ਰਿੰਟਿੰਗ ਪ੍ਰੈੱਸ ਦੀ ਬਿਲਡਿੰਗ ਵਿੱਚ ਤਿਆਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪਿਛਲੇ ਸਾਲ 18 ਅਗਸਤ ਨੂੰ ਯੂਟੀ ਪ੍ਰਸ਼ਾਸਨ ਦੀ ਸਲਾਹਕਾਰ ਕੌਂਸਲ ਦੀ ਮੀਟਿੰਗ ਵਿੱਚ ਪ੍ਰੋ. ਰਜਨੀਸ਼ ਵਤਸ ਨੇ ਸ਼ਹਿਰ ਵਿੱਚ ਵਿਰਾਸਤੀ ਵਸਤਾਂ ਲਈ ਮਿਊਜ਼ੀਅਮ ਬਣਾਉਣ ਦੀ ਪੇਸ਼ਕਸ਼ ਰੱਖੀ ਸੀ। ਉਸੇ ਪੇਸ਼ਕਸ਼ ਦੇ ਆਧਾਰ ’ਤੇ ਯੂਟੀ ਦੇ ਸੱਭਿਆਚਾਰ ਵਿਭਾਗ ਨੇ ਸੈਕਟਰ-18 ਵਿੱਚ ਪ੍ਰਿੰਟਿੰਗ ਪ੍ਰੈੱਸ ਦੀ ਬਿਲਡਿੰਗ ਵਿੱਚ ਵਿਰਾਸਤੀ ਵਸਤੂਆਂ ਲਈ ਮਿਊਜ਼ੀਅਮ ਬਣਾਉਣ ਬਾਰੇ ਵਿਚਾਰ-ਚਰਚਾ ਕਰ ਰਿਹਾ ਹੈ। ਇਸ ਬਾਰੇ 30 ਸਤੰਬਰ ਨੂੰ ਹੋਣ ਵਾਲੀ ਸਲਾਹਕਾਰ ਕੌਂਸਲ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸਿਟੀ ਬਿਊਟੀਫੁਲ ਦਾ ਵਿਰਾਸਤੀ ਫਰਨੀਚਰ ਵਿਦੇਸ਼ਾਂ ਵਿੱਚ ਕਰੋੜਾਂ ਰੁਪਏ ਵਿੱਚ ਨਿਲਾਮ ਹੋ ਰਿਹਾ ਹੈ। ਇਸੇ ਨਿਲਾਮੀ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਵਿਰਾਸਤੀ ਫਰਨੀਚਰ ਦੀ ਦੇਖਭਾਲ ਲਈ ਸ਼ਹਿਰ ਵਿੱਚ ਵਿਰਾਸਤੀ ਵਸਤੂਆਂ ਦਾ ਮਿਊਜ਼ੀਅਮ ਬਣਾਉਣ ਬਾਰੇ ਵਿਚਾਰ ਕੀਤਾ ਹੈ। ਇਸ ਦੇ ਨਾਲ ਹੀ ਸੱਭਿਆਚਾਰ ਵਿਭਾਗ ਨੇ ਯੂਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪਏ ਵਿਰਾਸਤੀ ਫਰਨੀਚਰ ਦੀ ਸੂਚੀ ਤਿਆਰ ਕਰਨ ਦਾ ਵੀ ਫ਼ੈਸਲਾ ਕੀਤਾ ਹੈ।
ਯੂਟੀ ਪ੍ਰਸ਼ਾਸਨ ਦੇ ਸ਼ਹਿਰ ਵਿੱਚ 40 ਤੋਂ ਵੱਧ ਵਿਭਾਗ ਹਨ, ਜਿੱਥੇ ਵਧੇਰੇ ਥਾਵਾਂ ’ਤੇ ਵਿਰਾਸਤੀ ਵਸਤੂਆਂ ਪਈਆਂ ਹਨ। ਚੰਡੀਗੜ੍ਹ ਹੈਰੀਟੇਜ ਇਨਵੈਂਟਰੀ ਕਮੇਟੀ ਨੇ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਵਿੱਚ ਪਈਆਂ 12,793 ਵਿਰਾਸਤੀ ਵਸਤਾਂ ਦੀ ਸੂਚੀ ਵੀ ਤਿਆਰ ਕੀਤੀ ਸੀ। ਜੋ ਫਰਾਂਸ ਦੇ ਆਰਕੀਟੈਕਟ ਲੀਅ ਕਾਰਬੂਜ਼ੀਅਰ ਤੇ ਉਸ ਦੇ ਚਚੇਰੇ ਭਰਾ ਪਿਅਰੇ ਜੇਨੇਰੇਟ ਅਤੇ ਸਾਲ 1950 ਤੋਂ 60 ਦੇ ਦਹਾਕੇ ਨਾਲ ਸਬੰਧਤ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਰਾਸਤੀ ਵਸਤੂਆਂ ਸੈਕਟਰ-10 ਵਿਚ ਸਥਿਤ ਸਰਕਾਰੀ ਅਜਾਇਬ ਘਰ ਤੇ ਆਰਟ ਗੈਲਰੀ ਵਿੱਚ ਪਈਆਂ ਸਨ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਸਕੱਤਰੇਤ, ਪੰਜਾਬ ਤੇ ਹਰਿਆਣਾ ਵਿਧਾਨ ਸਭਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੱਡੀ ਗਿਣਤੀ ਵਿੱਚ ਵਿਰਸਾਤੀ ਮੇਜ਼ ਤੇ ਕੁਰਸੀਆਂ ਪਈਆਂ ਸਨ।