For the best experience, open
https://m.punjabitribuneonline.com
on your mobile browser.
Advertisement

ਸੈਕਟਰ-39 ਦੀ ਅਨਾਜ ਮੰਡੀ ’ਚ ਦੁਕਾਨਾਂ ਦੀ ਖੁੱਲ੍ਹੀ ਨਿਲਾਮੀ ਕਰੇਗਾ ਪ੍ਰਸ਼ਾਸਨ

09:48 AM Sep 25, 2024 IST
ਸੈਕਟਰ 39 ਦੀ ਅਨਾਜ ਮੰਡੀ ’ਚ ਦੁਕਾਨਾਂ ਦੀ ਖੁੱਲ੍ਹੀ ਨਿਲਾਮੀ ਕਰੇਗਾ ਪ੍ਰਸ਼ਾਸਨ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 24 ਸਤੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-26 ਵਿੱਚ ਸਥਿਤ ਅਨਾਜ, ਫਲ ਅਤੇ ਸਬਜ਼ੀ ਮੰਡੀ ਨੂੰ ਜਲਦ ਹੀ ਸੈਕਟਰ-39 ਵਿੱਚ ਤਬਦੀਦ ਕਰ ਦਿੱਤਾ ਜਾਵੇਗਾ। ਇਸ ਲਈ ਯੂਟੀ ਪ੍ਰਸ਼ਾਸਨ ਨੇ ਸੈਕਟਰ-39 ਦੀ ਨਵੀਂ ਅਨਾਜ, ਫਲ ਅਤੇ ਸਬਜ਼ੀ ਮੰਡੀ ਵਿੱਚ ਸਥਿਤ 92 ਦੁਕਾਨਾਂ ਦੀ ਨਿਲਾਮੀ ਜਲਦ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ। ਇਹ ਨਿਲਾਮੀ ਪਹਿਲੀ ਵਾਰ ਆਮ ਲੋਕਾਂ ਲਈ ਖੁੱਲ੍ਹੀ ਹੋਵੇਗੀ ਜਦੋਂਕਿ ਇਸ ਤੋਂ ਪਹਿਲਾਂ ਸੈਕਟਰ-26 ਦੀ ਮਾਰਕੀਟ ਦੇ ਲਾਇਸੈਂਸ ਧਾਰਕਾਂ ਨੂੰ ਨਿਲਾਮੀ ਵਿੱਚ ਪਹਿਲ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇਹ ਦੁਕਾਨਾਂ ਫਰੀ ਹੋਲਡ ਆਧਾਰ ’ਤੇ ਦੇਣ ਦੀ ਬਜਾਇ 99 ਸਾਲਾਂ ਲਈ ਲੀਜ਼ ’ਤੇ ਦਿੱਤੀਆਂ ਜਾਣਗੀਆਂ। ਪ੍ਰਸ਼ਾਸਨ ਨੇ 120 ਵਰਗ ਗਜ਼ ਦੀ ਦੁਕਾਨ ਲਈ ਰਾਖਵੀਂ ਕੀਮਤ 5 ਕਰੋੜ ਰੁਪਏ ਰੱਖੀ ਹੈ। ਯੂਟੀ ਪਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਸੈਕਟਰ-39 ਵਿੱਚ ਸਥਿਤ ਅਨਾਜ, ਫਲ ਅਤੇ ਸਬਜ਼ੀ ਮੰਡੀ ਨੂੰ ਪਹਿਲਾਂ ਹੀ ਤਬਦੀਲ ਕਰ ਦਿੱਤਾ ਜਾਣਾ ਸੀ, ਪਰ ਸੈਕਟਰ-39 ਸਾਈਟ ’ਤੇ ਪਾਈਪਲਾਈਨਾਂ ਨੂੰ ਬਦਲਣਾ ਇੱਕ ਗੁੰਝਲਦਾਰ ਕਾਰਜ ਬਣ ਗਿਆ ਹੈ। ਇਸ ਕਰ ਕੇ ਮੰਡੀ ਨੂੰ ਤਬਦੀਲ ਕਰਨ ਦਾ ਕੰਮ ਲਟਕ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸਨ ਵਲੋਂ ਜਲਦ ਹੀ ਮੰਡੀ ਨੂੰ ਤਬਦੀਲ ਕੀਤਾ ਜਾਵੇਗਾ।
ਸੈਕਟਰ-39 ਦੀ ਅਨਾਜ, ਫਲ ਅਤੇ ਸਬਜ਼ੀ ਮੰਡੀ ਦੀਆਂ ਦੁਕਾਨਾਂ ਦੀ ਖੁੱਲ੍ਹੀ ਨਿਲਾਮੀ ’ਤੇ ਸੈਕਟਰ-26 ਦੀ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਜ ਮੋਹਨ ਨੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਲੀਜ਼ ਹੋਲਡ ’ਤੇ ਦੁਕਾਨਾਂ ਦੀ ਨਿਲਾਮੀ ਕਰਨ ਲਈ ਜੋ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ, ਉਹ ਉਨ੍ਹਾਂ ਨੂੰ ਮਨਜ਼ੂਰ ਨਹੀਂ ਹਨ। ਉਨ੍ਹਾਂ ਕਿਹਾ ਕਿ ਦੁਕਾਨਾਂ ਦੀ ਰਾਖਵੀਂ ਰੱਖੀ ਗਈ ਕੀਮਤ ਬਹੁਤ ਜ਼ਿਆਦਾ ਹੈ, ਖ਼ਾਸ ਤੌਰ ’ਤੇ ਇਹ ਦੇਖਦੇ ਹੋਏ ਕਿ ਯੂਟੀ ਪ੍ਰਸ਼ਾਸਨ ਨੇ 1990 ਵਿੱਚ ਸੈਕਟਰ-39 ਵਿੱਚ ਲਗਪਗ 75 ਏਕੜ ਜ਼ਮੀਨ ਸਿਰਫ਼ ਦੋ ਕਰੋੜ ਰੁਪਏ ਵਿੱਚ ਐਕੁਆਇਰ ਕੀਤੀ ਸੀ। ਇਸ ਨੂੰ ਹੁਣ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ।
ਬ੍ਰਿਜ ਮੋਹਨ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੰ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ (ਪਲਾਟਾਂ ਦੀ ਵਿਕਰੀ ਤੇ ਤਬਾਦਲਾ) ਨਿਯਮ, 1961 ਦੀ ਪਾਲਣਾ ਕਰਨ ਲਈ ਸਾਈਟ ਅਲਾਟਮੈਂਟ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਆਪਣੀਆਂ ਸ਼ਰਤਾਂ ’ਤੇ ਅਮਲ ਕਰਦਾ ਹੈ ਤਾਂ ਉਹ ਅਦਾਲਤ ਦਾ ਰੁਖ਼ ਕਰਨਗੇ ਅਤੇ ਸਬੰਧਤ ਅਧਿਕਾਰੀਆਂ ਦੇ ਘਰਾਂ ਅੱਗੇ ਧਰਨਾ ਦੇਣਗੇ।

Advertisement

75 ਏਕੜ ਵਿੱਚ ਤਿਆਰ ਕੀਤੀ ਜਾਵੇਗੀ ਮੰਡੀ

ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-39 ਵਿੱਚ 75 ਏਕੜ ਵਿੱਚ ਅਨਾਜ, ਫਲ ਅਤੇ ਸਬਜ਼ੀ ਮੰਡੀ ਤਿਆਰ ਕੀਤੀ ਜਾ ਰਹੀ ਹੈ। ਇੱਥੇ 92 ਦੁਕਾਨਾਂ ਤਿਆਰ ਕੀਤੀਆਂ ਜਾਣਗੀਆਂ ਜਿਥੇ ਸੈਕਟਰ-26 ਦੀ ਮੰਡੀ ਨੂੰ ਤਬਦੀਲ ਕੀਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement