For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਾਸਨ ਨੇ ਤੜਕੇ ਚਾਰ ਵਜੇ ਲਿਆ ਜ਼ਮੀਨ ਦਾ ਕਬਜ਼ਾ

08:36 AM Nov 22, 2024 IST
ਪ੍ਰਸ਼ਾਸਨ ਨੇ ਤੜਕੇ ਚਾਰ ਵਜੇ ਲਿਆ ਜ਼ਮੀਨ ਦਾ ਕਬਜ਼ਾ
ਿਪੰਡ ਦੁੱਨੇਵਾਲਾ ਵਿੱਚ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਕਿਸਾਨ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮਨੋਜ ਸ਼ਰਮਾ
ਬਠਿੰਡਾ, 21 ਨਵੰਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ ਸੜਕਾਂ ਦੇ ਕੰਮ ਨੂੰ ਪੂਰਾ ਕਰਵਾਉਣ ਲਈ ਅੱਜ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਤ ਬਲਾਕ ਦੇ ਪੈਂਦੇ ਤਿੰਨ ਪਿੰਡਾਂ ਵਿੱਚ ਜ਼ਮੀਨ ਦਾ ਤੜਕਸਾਰ ਚਾਰ ਵਜੇ ਕਬਜ਼ਾ ਲਿਆ। ਏਡੀਸੀ ਆਰਪੀ ਸਿੰਘ ਅਤੇ ਐੱਸਡੀਐੱਮ ਬਠਿੰਡਾ ਬਲਕਰਨ ਸਿੰਘ ਮਾਹਲ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਨਾਲ ਪੁੱਜੇ ਪ੍ਰਸ਼ਾਸਨ ਨੇ ਪਿੰਡ ਸ਼ੇਰਗੜ੍ਹ ਤੇ ਦੁਨੇਵਾਲਾ ਵਿੱਚ ਬੁਲਡੋਜ਼ਰ ਤੇ ਟਰੈਕਟਰ ਚਲਾ ਕੇ ਕਬਜ਼ਾ ਲਿਆ। ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਪਤਾ ਚੱਲਦੇ ਸਾਰ ਹੀ ਪਿੰਡਾਂ ਦੇ ਲੋਕ ਅਤੇ ਕਿਸਾਨ ਇਕੱਠ ਹੋ ਗਏ ਅਤੇ ਉਨ੍ਹਾਂ ਮੌਕੇ ‘ਤੇ ਪੁੱਜ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਭਾਰੀ ਪੁਲੀਸ ਫੋਰਸ ਅੱਗੇ ਉਨ੍ਹਾਂ ਦਾ ਕੋਈ ਵਾਹ ਨਾ ਚੱਲੀ ਅਤੇ ਪ੍ਰਸ਼ਾਸਨ ਦੇ ਕੰਮ ਨੂੰ ਰੋਕਣ ਵਿੱਚ ਅਸਫ਼ਲ ਰਹੇ। ਪੁਲੀਸ ਨੇ ਵਿਰੋਧ ਕਰ ਰਹੇ ਕਿਸਾਨ ਬਾਵਾ ਸਿੰਘ, ਗੁਰਮੇਲ ਸਿੰਘ, ਜੀਤ ਸਿੰਘ, ਖ਼ੁਸ਼ਦਿਲ ਸਿੰਘ ਪ੍ਰਗਟ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ ਆਦਿ ਨੂੰ ਕਬਜ਼ੇ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਥੇ ਬੀਤੇ ਡੇਢ ਵਰ੍ਹੇ ਤੋਂ ਕਿਸਾਨਾਂ ਵੱਲੋਂ ਮੋਰਚਾ ਲਾਇਆ ਹੋਇਆ ਹੈ। ਇਸ ਭਾਰਤ ਮਾਲਾ ਪ੍ਰਾਜੈਕਟ ਤਹਿਤ ਇਨ੍ਹਾਂ ਪਿੰਡਾਂ ਵਿੱਚ ਕੁਲ ਅੱਠ ਕਿਲੋਮੀਟਰ ਸੜਕ ਦਾ ਕੰਮ ਅਧੂਰਾ ਪਿਆ ਹੈ। ਕਿਸਾਨ ਆਗੂ ਰਾਮ ਸਿੰਘ ਕੋਟਗੁਰੂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦੁਨੇਵਾਲਾ ਤੇ ਸ਼ੇਰਗੜ੍ਹ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਪਥਰਾਲਾ ਅਤੇ ਕੋਟਸ਼ਮੀਰ ਵਿੱਚ ਇਸ ਪ੍ਰਾਜੈਕਟ ਲਈ ਮੁਆਵਜ਼ਾ 70 ਤੋਂ 80 ਲੱਖ ਰੁਪਏ ਦਿੱਤਾ ਗਿਆ ਹੈ ਜਦਕਿ ਇਨ੍ਹਾਂ ਪਿੰਡਾਂ ਨੂੰ 48 ਲੱਖ ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਇਹ ਮੁਆਵਜ਼ਾ ਵੀ ਸਾਂਝੇ ਖਾਤਿਆਂ ਵਿੱਚ ਪਾ ਦਿੱਤਾ ਗਿਆ ਜਦਕਿ ਅਸਲੀ ਕਾਸ਼ਤਕਾਰ ਮੁਆਵਜੇ ਤੋਂ ਵਾਂਝੇ ਰਹਿ ਗਏ ਹਨ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਜ਼ਿਮਨੀ ਚੋਣਾਂ ਖ਼ਤਮ ਹੁੰਦੇ ਹੀ ਪ੍ਰਸ਼ਾਸਨ ਨੇ ਆਪਣਾ ਰੰਗ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੰਗ ਕਰ ਰਹੇ ਹਨ ਕਿ ਜਾਇਜ਼ ਅਤੇ ਕਾਸ਼ਤਕਾਰ ਕਿਸਾਨਾਂ ਨੂੰ ਹੀ ਇਸਦਾ ਮੁਆਵਜ਼ਾ ਮਿਲੇ ਅਤੇ ਨਾਲ ਹੀ ਮੁਆਵਜ਼ਾ ਰਾਸ਼ੀ ਵੀ ਓਨੀ ਹੀ ਦਿੱਤੀ ਜਾਵੇ ਜੋ ਇਸ ਤੋਂ ਪਹਿਲਾਂ ਅਤੇ ਬਾਅਦ ਵਾਲੇ ਪਿੰਡਾਂ ਦੇ ਕਿਸਾਨਾਂ ਨੂੰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਭਾਰਤ ਮਾਲਾ ਪ੍ਰਾਜੈਕਟ ਦਾ ਵਿਰੋਧ ਕਰ ਰਹੇ 9 ਕਿਸਾਨਾਂ ਨੂੰ ਅੱਜ ਪੁਲੀਸ ਨੇ ਸਵੇਰ ਵੇਲੇ ਪਿੰਡਾਂ ਸ਼ੇਰਗੜ੍ਹ ਅਤੇ ਦੁਨੇਵਾਲਾ ਆਦਿ ਪਿੰਡਾਂ ਤੋਂ ਹਿਰਾਸਤ ਵਿੱਚ ਲਿਆ। ਇਸ ਤੋਂ ਇਲਾਵਾ ਪਿੰਡ ਦੁਨੇ ਵਾਲਾ ਵਿਚ ਕਿਸਾਨਾਂ ਵੱਲੋਂ ਲਾਏ ਗਏ ਪੱਕੇ ਮੋਰਚੇ ’ਚੋਂ ਵੀ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਲੂਆਣਾ ਚੌਕੀ ਅਤੇ ਪਥਰਾਲਾ ਚੌਕੀ ਵਿੱਚ ਸ਼ਾਮ 5 ਵਜੇ ਤੱਕ ਬਿਠਾ ਕੇ ਰੱਖਿਆ ਗਿਆ।

Advertisement

Advertisement
Advertisement
Author Image

sukhwinder singh

View all posts

Advertisement