ਤੇਜਪਾਲ ਦੀ ਦੇਹ ਵਾਪਸ ਲਿਆਉਣ ਲਈ ਪ੍ਰਸ਼ਾਸਨ ਨੇ ਕਾਰਵਾਈ ਆਰੰਭੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜੁਲਾਈ
ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਮਾਰੇ ਗਏ ਅੰਮ੍ਰਿਤਸਰ ਵਾਸੀ ਤੇਜਪਾਲ ਸਿੰਘ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਮੰਗ ਸਬੰਧੀ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਮਗਰੋਂ ਅੱਜ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਅੱਜ ਸ਼ਾਮ ਵੇਲੇ ਪੁਲੀਸ ਕਰਮਚਾਰੀ ਪੀੜਤ ਪਰਿਵਾਰ ਦੇ ਘਰ ਪੁੱਜੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਡੀਐੱਨਏ ਟੈਸਟ ਲਈ ਪ੍ਰਵਾਨਗੀ ਲੈਣ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਸਕੋ ਸਥਿਤ ਭਾਰਤੀ ਦੂਤਾਘਰ ਨੇ ਤੇਜਪਾਲ ਦੇ ਪਰਿਵਾਰ ਨੂੰ ਦੇਹ ਦੀ ਸ਼ਨਾਖ਼ਤ ਲਈ ਉਸ ਦੀ ਮਾਂ ਦੇ ਡੀਐੱਨਏ ਟੈਸਟ ਦੀ ਰਿਪੋਰਟ ਭੇਜਣ ਵਾਸਤੇ ਆਖਿਆ ਗਿਆ ਸੀ ਪਰ ਪੀੜਤ ਪਰਿਵਾਰ ਦੀ ਸਿਹਤ ਅਤੇ ਪੁਲੀਸ ਵਿਭਾਗ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ। ਤੇਜਪਾਲ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਸ਼ਾਮ ਵੇਲੇ ਦੋ ਪੁਲੀਸ ਕਰਮਚਾਰੀ ਉਨ੍ਹਾਂ ਦੇ ਘਰ ਆਏ ਸਨ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਪੁੱਛ ਪੜਤਾਲ ਕੀਤੀ ਸੀ, ਜੋ ਪਰਿਵਾਰ ਨੇ ਉਨ੍ਹਾਂ ਨੂੰ ਸੌਂਪ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਰਕਾਰ ਨੂੰ ਅਗਲੇਰੀ ਕਾਰਵਾਈ ਸਬੰਧੀ ਪ੍ਰਵਾਨਗੀ ਲਈ ਪੱਤਰ ਭੇਜਿਆ ਹੈ। ਪ੍ਰਸ਼ਾਸਨ ਨੇ ਸਰਕਾਰ ਨੂੰ ਕੇਂਦਰ ਨਾਲ ਰਾਬਤਾ ਕਰ ਕੇ ਪੀੜਤ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ। ਇਸ ਦੀ ਪੁਸ਼ਟੀ ਸਰਕਾਰੀ ਅਧਿਕਾਰੀ ਨੇ ਕੀਤੀ ਹੈ।
ਦੱਸਣਯੋਗ ਹੈ ਕਿ ਤੇਜਪਾਲ ਸਿੰਘ ਜਨਵਰੀ ਮਹੀਨੇ ਵਿੱਚ ਰੂਸ ਗਿਆ ਸੀ ਅਤੇ ਉਸ ਨੂੰ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਸੀ। ਯੂਕਰੇਨ ਜੰਗ ਦੌਰਾਨ ਉਸ ਦੀ ਮਾਰਚ ਮਹੀਨੇ ਮੌਤ ਹੋ ਗਈ ਸੀ, ਜਿਸ ਬਾਰੇ ਪਰਿਵਾਰ ਨੂੰ ਜੂਨ ਵਿੱਚ ਪਤਾ ਲੱਗਿਆ ਸੀ।