ਪ੍ਰਸ਼ਾਸਨ ਨੇ ਪਰਾਲੀ ਨਾ ਸਾੜਨ ਲਈ ਨੰਬਰਦਾਰਾਂ ਦਾ ਸਹਿਯੋਗ ਮੰਗਿਆ
ਪੱਤਰ ਪ੍ਰੇਰਕ
ਜ਼ੀਰਾ, 16 ਨਵੰਬਰ
ਨੰਬਰਦਾਰ ਯੂਨੀਅਨ ਜ਼ੀਰਾ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਐੱਸਡੀਐੱਮ ਸੂਰਜ ਕੁਮਾਰ ਨਾਲ ਮੀਟਿੰਗ ਕੀਤੀ ਗਈ। ਐੱਸਡੀਐਮ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਪਰ ਫਿਰ ਵੀ ਕਈ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਗੱਠਾਂ ਰਾਹੀਂ ਚੁਕਵਾਉਣ, ਮਸ਼ੀਨੀਰੀ ਨਾਲ ਖੇਤਾਂ ਵਿੱਚ ਵਾਹ ਕੇ ਸੁਪਰ ਸੀਡਰ ਆਦਿ ਸੰਦਾਂ ਰਾਹੀਂ ਕਣਕ ਬੀਜਣੀ ਚਾਹੀਦੀ ਹੈ। ਉਨ੍ਹਾਂ ਨੇ ਨੰਬਰਦਾਰਾਂ ਨੂੰ ਕਿਹਾ ਕਿ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ, ਗੁਰਦੁਆਰਿਆਂ ਵਿੱਚ ਆਵਾਜ਼ਾਂ ਦਿਵਾਈਆਂ ਜਾਣ ਅਤੇ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਹੋਰ ਢੰਗ ਅਪਣਾ ਕੇ ਕਣਕ ਦੀ ਫਸਲ ਬੀਜੀ ਹੈ ਜਾਂ ਬੀਜ ਰਹੇ ਹਨ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਤਾਂ ਜੋ ਦੂਸਰੇ ਕਿਸਾਨ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਨੰਬਰਦਾਰ ਯੂਨੀਅਨ ਜ਼ੀਰਾ ਦੇ ਪ੍ਰਧਾਨ ਸਰਦੂਲ ਸਿੰਘ ਗਿੱਲ ਨੇ ਦੱਸਿਆ ਕਿ ਨੰਬਰਦਾਰਾਂ ਵੱਲੋਂ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਅੱਗ ਨਾ ਲਾਉਣ ਲਈ ਪ੍ਰੇਰਤ ਕੀਤਾ ਜਾਵੇਗਾ।