ਪ੍ਰਸ਼ਾਸਨ ਨੇ ਮਾਨਸਾ-ਸਿਰਸਾ ਮਾਰਗ ਦੇ ਪੁਲ ਦੀ ਮੁਰੰਮਤ ਕਰਵਾਈ
ਪੱਤਰ ਪ੍ਰੇਰਕ
ਮਾਨਸਾ, 4 ਜੂਨ
ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲੇ ਮਾਨਸਾ ਤੋਂ ਸਿਰਸਾ ਰੋਡ ‘ਤੇ ਬਣੇ ਪੁਲ ਦੀਆਂ ਸਲੈਬਾਂ ਨੂੰ ਮਿਲਾਉਣ ਲਈ ਬਣੇ ਐਕਸਪੈਨਸ਼ਨ ਜੋੜ ਅੰਦਰ ਖੱਡਿਆਂ ਅਤੇ ਤਰੇੜਾਂ ਆਉਣ ਦਾ ਡਿਪਟੀ ਕਮਿਸ਼ਨਰ ਟੀ .ਬੈਨਿਥ ਨੇ ਗੰਭੀਰ ਨੋਟਿਸ ਲਿਆ ਹੈ। ਇਸ ਦੌਰਾਨ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਪੁਲ ਦੀ ਤਸੱਲੀ ਨਾਲ ਮੁਰੰਮਤ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਆਮ ਲੋਕਾਂ ਨੂੰ ਓਵਰਬ੍ਰਿਜ ਤੋਂ ਲੰਘਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਟੀ .ਬੈਨਿਥ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਵੱਲੋਂ ਓਵਰਬ੍ਰਿਜ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਪੁਲ ਤੋਂ ਲੰਘਣ ਵਾਲੇ ਵਾਹਨਾਂ ਲਈ ਰੋਜ਼ਾਨਾ ਦੀ ਤਰ੍ਹਾਂ ਜਲਦ ਰਸਤਾ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਤੋਂ ਪੁਲ ‘ਤੇ ਪਏ ਟੋਇਆਂ ਦੇ ਕਾਰਨਾਂ ਦੀ ਲਿਖਤੀ ਰਿਪੋਰਟ ਮੰਗੀ ਗਈ ਹੈ। ਐਕਸੀਅਨ ਅਜੀਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੁਲ ਦੀ ਉਸਾਰੀ ਕਰੀਬ 15 ਸਾਲ ਪਹਿਲਾ ਹੋਈ ਹੈ, ਜਿਸ ਦੇ ਚੱਲਦਿਆਂ ਐਕਸਪੈਨਸ਼ਨ ਜੋੜ ਦੀ ਮੁਰੰਮਤ ਹੋਣਾ ਕੋਈ ਖਾਸ ਗੱਲ ਨਹੀਂ ਹੈ।