ਅੰਬਾਲਾ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ’ਤੇ ਪੁਖ਼ਤਾ ਪ੍ਰਬੰਧ
ਰਤਨ ਸਿੰਘ ਢਿੱਲੋਂ
ਅੰਬਾਲਾ, 5 ਦਸੰਬਰ
ਕਿਸਾਨਾਂ ਨੇ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਮਗਰੋਂ ਅੰਬਾਲਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਕਮਰ ਕੱਸ ਲਈ ਹੈ। ਅੱਜ ਸਵੇਰ ਤੋਂ ਹੀ ਸ਼ੰਭੂ ਸਰਹੱਦ ’ਤੇ ਪ੍ਰਸ਼ਾਸਨ ਅਤੇ ਕਿਸਾਨਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਵੇਰੇ ਹੀ ਅੰਬਾਲਾ ਦੇ ਲਗਭਗ ਸਾਰੇ ਥਾਣਿਆਂ ਅਤੇ ਚੌਕੀਆਂ ਦੇ ਪੁਲੀਸ ਮੁਲਾਜ਼ਮ ਅੰਬਾਲਾ ਸਿਟੀ ਪੁਲੀਸ ਲਾਈਨ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਬਾਅਦ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ’ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਸ਼ੰਭੂ ਬਾਰਡਰ ’ਤੇ ਪਹੁੰਚ ਗਏ।
ਪ੍ਰਸ਼ਾਸਨ ਵੱਲੋਂ ਸ਼ੰਭੂ ਸਰਹੱਦ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਵਜਰਾ ਵਾਹਨ, ਭਾਰੀ ਵਾਹਨ ਅਤੇ ਜੇ.ਸੀ.ਬੀ ਵੀ ਸਰਹੱਦ ’ਤੇ ਤਾਇਨਾਤ ਕੀਤੇ ਗਏ ਹਨ। ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਸ਼ੰਭੂ ਟੌਲ ਪਲਾਜ਼ਾ ਤੋਂ ਪਹਿਲਾਂ ਕੈਥਲ ਨੂੰ ਜਾਂਦੀ ਸੜਕ ਨੂੰ ਬੈਰੀਕੇਡ ਹਟਾ ਕੇ ਖੋਲ੍ਹ ਦਿੱਤਾ ਸੀ, ਅੱਜ ਫਿਰ ਤੋਂ ਇਸ ਸੜਕ ’ਤੇ ਜੇਸੀਬੀ ਦੀ ਮਦਦ ਨਾਲ ਦੁਬਾਰਾ ਭਾਰੀ ਸਲੈਬਾਂ ਰੱਖ ਕੇ ਰੋਕਾਂ ਲਾ ਦਿੱਤੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਸ਼ਹੀਦ ਭਗਤ ਸਿੰਘ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਇੱਕ ਵੀਡੀਓ ਵੀ ਜਾਰੀ ਕਿਹਾ ਹੈ ਜਿਸ ਵਿੱਚ ਉਨ੍ਹਾਂ ਕਿਹਾ,‘‘ਹਰਿਆਣਾ ਸਰਕਾਰ ਦੇ ਕਰਮਚਾਰੀਆਂ ਨੇ ਸ਼ੰਭੂ ਮੋਰਚੇ ’ਤੇ ਧਾਰਾ 144 ਦਾ ਨੋਟਿਸ ਚਿਪਕਾਇਆ ਹੋਇਆ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੇਂਦਰ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ ਹੈ।’’
ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ 6 ਦਸੰਬਰ ਨੂੰ ਸ਼ਾਂਤੀਪੂਰਵਕ ਦਿੱਲੀ ਵੱਲ ਮਾਰਚ ਕਰਨਗੇ ਜਿਸ ਲਈ ਉਨ੍ਹਾਂ ਨੇ ਰਾਸ਼ਨ ਇਕੱਠਾ ਕਰ ਲਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ, ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਦੇ ਹੀ ਉਹ ਦਿੱਲੀ ਵੱਲ ਮਾਰਚ ਕਰਨਗੇ।
ਕਾਨੂੰਨ ਵਿਵਸਥਾ ਠੀਕ ਰੱਖਣ ਲਈ ਸਾਰੇ ਪ੍ਰਬੰਧ ਮੁਕੰਮਲ: ਐੱਸਪੀ
ਕਿਸਾਨਾਂ ਦੇ ਦਿੱਲੀ ਕੂਚ ਦੇ ਐਲਾਨ ਨੂੰ ਲੈ ਕੇ ਦੇਰ ਸ਼ਾਮ ਨੂੰ ਅੰਬਾਲਾ ਦੇ ਐਸ.ਪੀ ਸੁਰਿੰਦਰ ਸਿੰਘ ਭੌਰੀਆ ਨੇ ਮੀਡੀਆ ਨੂੰ ਦੱਸਿਆ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲੀਸ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ,‘‘ ਕਿਸਾਨ ਬਾਕਾਇਦਾ ਆਗਿਆ ਲੈ ਕੇ ਜਾਣ, ਕੋਈ ਦਿੱਕਤ ਨਹੀਂ ਹੈ, ਉਸ ਦੀ ਇੱਕ ਪ੍ਰਕਿਰਿਆ ਹੈ, ਮਨਜ਼ੂਰੀ ਲੈਣ ਅਤੇ ਜਾਣ। ਮੈਂ ਹਰ ਤਰ੍ਹਾਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ।’’