ਪ੍ਰਸ਼ਾਸਨ ਨੇ ਐਕੁਆਇਰ ਜ਼ਮੀਨਾਂ ’ਤੇ ਕਬਜ਼ਾ ਕੀਤਾ
ਗੁਰਬਖਸ਼ਪੁਰੀ
ਤਰਨ ਤਾਰਨ, 22 ਨਵੰਬਰ
ਗੋਇੰਦਵਾਲ ਸਾਹਿਬ ਖੇਤਰ ਵਿੱਚ ਭਾਰਤ ਮਾਲਾ ਪ੍ਰਾਜੈਕਟ ਤਹਿਤ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਲਈ ਪਿੰਡਾਂ ਦੀ ਐਕੁਆਇਰ ਕੀਤੀ ਜ਼ਮੀਨ ’ਤੇ ਬੀਤੀ ਅੱਧੀ ਰਾਤ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਬੀਜੀਆਂ ਫਸਲਾਂ ਨੂੰ ਵਾਹ ਕੇ ਕਬਜ਼ਾ ਕਰ ਲਿਆ| ਐੱਸਡੀਐੱਮ ਦੀਪਕ ਭਾਟੀਆ ਨੇ ਜ਼ਮੀਨ ’ਤੇ ਪ੍ਰਸ਼ਾਸਨ ਦਾ ਕਬਜ਼ਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਜਦੋਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਨੇ ਦਾਅਵਾ ਕੀਤਾ ਕਿ ਜਥੇਬੰਦੀ ਨੇ ਵਾਹ ਦਿੱਤੀਆਂ ਜ਼ਮੀਨਾਂ ’ਤੇ ਕਿਸਾਨਾਂ ਦਾ ਕਬਜ਼ਾ ਕਰਵਾ ਕੇ ਮੁੁੜ ਫਸਲਾਂ ਬੀਜ ਦਿੱਤੀਆਂ ਹਨ| ਇਸ ਦੌਰਾਨ ਪ੍ਰਸ਼ਾਸਨ ਨੇ ਖੇਤਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਮੌਕੇ 15 ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਇਸ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਗੋਇੰਦਵਾਲ ਸਾਹਿਬ ਥਾਣੇ ਦਾ ਘਿਰਾਓ ਕਰਕੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਕਰਵਾ ਲਿਆ।
ਜ਼ਿਕਰਯੋਗ ਹੈ ਕਿ ਖੇਤਰ ਦੇ ਪਿੰਡ ਧੁੰਦਾ, ਖੱਖ, ਦੀਨੇਵਾਲ, ਜਹਾਂਗੀਰ ਤੇ ਝੰਡੇਰ ਦੇ ਕਿਸਾਨਾਂ ਨੇ ਐਕੁਆਇਰ ਕੀਤੀ ਜ਼ਮੀਨ ਵਿੱਚ ਕਣਕ, ਮਟਰ ਅਤੇ ਗੋਭੀ ਬੀਜੀ ਹੋਈ ਸੀ| ਪ੍ਰਸ਼ਾਸਨ ਨੇ ਬੀਤੀ ਅੱਧੀ ਰਾਤ ਦੇ ਕਰੀਬ ਜੇਸੀਬੀ ਤੇ ਬੁਲਡੋਜ਼ਰ ਆਦਿ ਲਿਆ ਕੇ ਫਸਲਾਂ ਵਾਹ ਦਿੱਤੀਆਂ ਅਤੇ ਜ਼ਮੀਨ ’ਤੇ ਕਬਜ਼ਾ ਕਰ ਲਿਆ| ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਸਵੇਰੇ ਜਾਣਕਾਰੀ ਮਿਲੀ। ਉਨ੍ਹਾਂ ਇਕੱਠੇ ਹੋ ਕੇ ਜ਼ਮੀਨ ’ਤੇ ਮੁੜ ਕਿਸਾਨਾਂ ਦਾ ਕਬਜ਼ਾ ਕਰਵਾ ਦਿੱਤਾ। ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਉਹ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਲਈ ਮਾਰਕੀਟ ਭਾਅ ਨਾਲੋਂ ਛੇ ਗੁਣਾ ਵਧੇਰੇ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਦੇ ਚੱਲੇ ਗੇੜਾਂ ਮਗਰੋਂ ਪੁਲੀਸ ਨੇ ਹਿਰਾਸਤ ਵਿੱਚ ਲਏ 15 ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਅਤੇ ਇਸ ਸਬੰਧੀ ਸ਼ੁੱਕਰਵਾਰ ਨੂੰ ਡੀਸੀ ਅਤੇ ਐੱਸਐੱਸਪੀ ਨਾਲ ਮੀਟਿੰਗ ਮਿੱਥੀ ਹੈ। ਇਸ ਮੌਕੇ ਪਾਖਰ ਸਿੰਘ ਲਾਲਪੁਰ, ਭਗਵਾਨ ਸਿੰਘ ਸੰਗਰ, ਮੁਖਤਿਆਰ ਸਿੰਘ ਬਿਹਾਰੀਪੁਰ, ਸਤਨਾਮ ਸਿੰਘ ਖੋਜਕੀਪੁਰ ਹਾਜ਼ਰ ਸਨ।
ਜ਼ਮੀਨ ਦਾ ਕਬਜ਼ਾ ਲੈਣ ਆਏ ਅਧਿਕਾਰੀ ਮੁੜ ਬੇਰੰਗ ਪਰਤੇ
ਗੁਰੂਸਰ ਸੁਧਾਰ (ਸੰਤੋਖ ਗਿੱਲ): ਬਲਾਕ ਪੱਖੋਵਾਲ ਦੇ ਛਪਾਰ, ਧੂਰਕੋਟ ਅਤੇ ਗੁੱਜਰਵਾਲ ਵਿੱਚ ਭਾਰਤ ਮਾਲਾ ਪ੍ਰਾਜੈਕਟ ਤਹਿਤ ਅੱਜ ਦੂਜੇ ਦਿਨ ਵੀ ਧੱਕੇ ਨਾਲ ਜ਼ਮੀਨਾਂ ਦਾ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖ਼ਾਲੀ ਹੱਥ ਪਰਤਣਾ ਪਿਆ। ਬਲਜਿੰਦਰ ਸਿੰਘ ਢਿੱਲੋਂ ਐੱਸਡੀਐੱਮ ਖੰਨਾ ਦੀ ਅਗਵਾਈ ਵਿੱਚ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਜਿਉਂ ਹੀ ਪਿੰਡ ਜੁੜਾਹਾਂ ਵੱਲੋਂ ਹੁੰਦੇ ਹੋਏ ਭਾਰੀ ਮਸ਼ੀਨਰੀ ਸਣੇ ਤੜਕਸਾਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਮੌਕੇ ’ਤੇ ਪਹੁੰਚ ਗਏ। ਅਧਿਕਾਰੀਆਂ ਨੂੰ ਕਰੀਬ ਡੇਢ ਘੰਟਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਘੇਰ ਕੇ ਰੱਖਿਆ ਪਰ ਜ਼ਮੀਨਾਂ ’ਤੇ ਕਬਜ਼ਾ ਕਰਨ ਦੀ ਵਿਉਂਤਬੰਦੀ ਫ਼ੇਲ੍ਹ ਸਾਬਤ ਹੋਈ। ਇਸ ਮੌਕੇ ਸੂਬਾਈ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਬਿਨਾਂ ਉਚਿਤ ਮੁਆਵਜ਼ਾ ਦਿੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਦੀ ਜ਼ਮੀਨ ’ਤੇ ਕਬਜ਼ੇ ਦੀ ਮੁੜ ਕੋਸ਼ਿਸ਼ ਕੀਤੀ ਤਾਂ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਪਿੰਡ ਛਪਾਰ ਵਿੱਚ ਕਿਸਾਨਾਂ ਨੇ ਖੇਤਾਂ ਵਿੱਚ ਬਿਜਾਈ ਸ਼ੁਰੂ ਕਰ ਦਿੱਤੀ ਹੈ।