ਪ੍ਰਸ਼ਾਸਨ ਨੇ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਨੂੰ ਉਤਾਰਿਆ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 26 ਸਤੰਬਰ
ਸਿੱਖਿਆ ਵਿਭਾਗ ਵਿੱਚ ਡਿਊਟੀ ’ਤੇ ਜੁਆਇਨ ਕਰਵਾਉਣ ਦੀ ਮੰਗ ਲਈ ਕੱਲ੍ਹ ਪੁਲੀਸ ਨੂੰ ਝਕਾਨੀ ਦੇ ਕੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਪਾਣੀ ਦੀ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਵੀਰ ਸਿੰਘ ਵਾਸੀ ਸ਼ੇਰਸਿੰਘ ਵਾਲਾ ਮਲੋਟ ਨੂੰ ਮੁਹਾਲੀ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਛੇਤੀ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਥੱਲੇ ਉਤਾਰ ਲਿਆ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ, ਜਿਸ ਦੇ ਮੋਢਿਆਂ ’ਤੇ ਪੂਰੇ ਟੱਬਰ ਦੀ ਜ਼ਿੰਮੇਵਾਰੀ ਹੈ। ਵੀਰ ਸਿੰਘ ਰੱਸਾ ਲੈ ਕੇ ਟੈਂਕੀ ’ਤੇ ਚੜ੍ਹਿਆ ਸੀ ਅਤੇ ਉਸ ਨੇ ਫਾਹਾ ਲਗਾਉਣ ਦੀ ਧਮਕੀ ਦਿੱਤੀ ਸੀ। ਟੈਂਕੀ ਤੋਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਵੀਡੀਓ ਵਿੱਚ ਬੇਰੁਜ਼ਗਾਰ ਅਧਿਆਪਕ ਨੇ ਕਿਹਾ ਸੀ ਕਿ ਸਾਲ ਪਹਿਲਾਂ ਸਿੱਖਿਆ ਵਿਭਾਗ ਨੇ 2364 ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ ਪਰ ਹੁਣ ਤੱਕ ਡਿਊਟੀ ’ਤੇ ਜੁਆਇਨ ਨਹੀਂ ਕਰਵਾਇਆ। ਇਹੀ ਨਹੀਂ ਵਿਭਾਗ ਨੇ ਬੀਤੇ ਦਿਨੀਂ ਉਨ੍ਹਾਂ ਨੂੰ ਜਾਰੀ ਨਿਯੁਕਤੀ ਪੱਤਰ ਰੱਦ ਕਰ ਕੇ 15 ਹੋਰ ਵਿਅਕਤੀਆਂ ਨੂੰ ਡਿਊਟੀ ਜੁਆਇਨ ਕਰਵਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਦੇ ਰੋਸ ਵਜੋਂ ਉਹ ਟੈਂਕੀ ’ਤੇ ਚੜ੍ਹਿਆ ਹੈ ਜੇ ਵਿਭਾਗ ਨੇ ਇਨ੍ਹਾਂ 15 ਵਿਅਕਤੀਆਂ ਨੂੰ ਡਿਊਟੀ ’ਤੇ ਲੈਣ ਦਾ ਪ੍ਰੋਗਰਾਮ ਰੱਦ ਨਹੀਂ ਕੀਤਾ ਤਾਂ ਅਗਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ। 2364 ਈਟੀਟੀ ਬੇਰੁਜ਼ਗਾਰ ਅਧਿਆਪਕ 20 ਅਗਸਤ ਤੋਂ ਮੁਹਾਲੀ ਸਥਿਤ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਹਨ।
ਪੰਚਾਇਤਾਂ ਚੋਣਾਂ ਵਿੱਚ ਸਰਕਾਰ ਵਿਰੁੱਧ ਪ੍ਰਚਾਰ ਦੀ ਚਿਤਾਵਨੀ
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਿਸੇ ਵੀ ਬੇਰੁਜ਼ਗਾਰ ਈਟੀਟੀ ਅਧਿਆਪਕ ਨੇ ਇਨਸਾਫ਼ ਮਿਲਣ ਦੀ ਉਮੀਦ ’ਚ ਢਾਈ ਸਾਲਾਂ ਤੋਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਕੀਤਾ। ਹੁਣ ਤੱਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵੀ ਕਰੀਬ 15-20 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੰਤਰੀ ਹਰੇਕ ਮੀਟਿੰਗ ’ਚ ਝੂਠੇ ਲਾ ਕੇ ਘਰ ਨੂੰ ਤੋਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨੇ ਪੱਲਾ ਨਹੀਂ ਫੜਾਇਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ ਤੇ ਪੰਚਾਇਤੀ ਚੋਣਾਂ ’ਚ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਵੇਗਾ।