ਖੇਤਾਂ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਸ਼ਾਸਨ ਸਖ਼ਤ
ਜਗਤਾਰ ਸਿੰਘ ਲਾਂਬਾ
ਅੰਮ੍ਰਤਿਸਰ, 4 ਨਵੰਬਰ
ਖੇਤਾਂ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵਧੇਰੇ ਚੌਕਸ ਹੈ ਅਤੇ ਅੱਗ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਖ਼ੁਦ ਪਿੰਡਾਂ ਵਿੱਚ ਖੇਤਾਂ ਦਾ ਦੌਰਾ ਕੀਤਾ।
ਇਸ ਦੌਰਾਨ ਪਿੰਡ ਗਾਲਬਿ ’ਚ ਜਦੋਂ ਉਨ੍ਹਾਂ ਨੇ ਖੇਤਾਂ ’ਚੋਂ ਧੂੰਆਂ ਉੱਠਦਾ ਵੇਖਿਆ ਤਾਂ ਨੇੜੇ ਕੰਮ ਕਰਦੀਆਂ ਟੀਮਾਂ ਨੂੰ ਅੱਗ ਬੁਝਾਊ ਦਸਤੇ ਸਮੇਤ ਮੌਕੇ ’ਤੇ ਬੁਲਾ ਲਿਆ। ਇੱਥੇ 5-6 ਏਕੜ ਰਕਬੇ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ, ਜਿਸ ’ਤੇ ਅੱਗ ਬੁਝਾਊ ਦਸਤੇ ਨੇ ਕਾਫ਼ੀ ਮੁਸ਼ਕੱਤ ਨਾਲ ਕਾਬੂ ਪਾਇਆ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝਣ। ਜੇਕਰ ਪਰਾਲੀ ਨੂੰ ਲਗਾਈ ਜਾਂਦੀ ਅੱਗ ਛੋਟੀ ਜਿਹੀ ਗੱਲ ਹੁੰਦੀ ਤਾਂ ਉਹ ਖੁਦ ਖੇਤਾਂ ਤੱਕ ਅੱਗ ਬੁਝਾਉਣ ਨਾ ਆਉਂਦੇ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ, ਜੋ ਕਿ ਸ਼ਹਿਰਾਂ ’ਚ ਕਿਸੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਕੰਮ ਕਰਦੀਆਂ ਹਨ, ਅੱਜ ਕੱਲ੍ਹ ਪਰਾਲੀ ਦੀ ਅੱਗ ਬੁਝਾਉਣ ’ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬੰਧਤ ਕਿਸਾਨ, ਜਿਨ੍ਹਾਂ ਨੇ ਖੇਤਾਂ ਵਿੱਚ ਪਰਾਲੀ ਸਾੜਨ ਦੀ ਕੋਸ਼ਿਸ਼ ਕੀਤੀ ਹੈ, ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਹੋਰ ਸੀਨੀਅਰ ਅਧਿਕਾਰੀ ਵੀ ਸਨ। ਸ਼ਨਿਚਰਵਾਰ ਦੀ ਛੁੱਟੀ ਦੇ ਬਾਵਜੂਦ ਐੱਸਡੀਐੱਮ ਅੰਮ੍ਰਤਿਸਰ-2 ਨਿਕਾਸ ਕੁਮਾਰ ਅਤੇ ਡੀਐਸਪੀ ਆਪਣੀਆਂ ਟੀਮਾਂ ਨਾਲ ਸ਼ਹਿਰ ਦੇ ਨੇੜੇ ਪੈਂਦੇ ਪਿੰਡਾਂ ਵਿੱਚ ਦੌਰੇ ’ਤੇ ਰਹੇ। ਇਸੇ ਦੌਰਾਨ ਉਨ੍ਹਾਂ ਨੂੰ ਖਾਸਾ ਪਿੰਡ ਨੇੜੇ ਖੇਤਾਂ ਵਿੱਚ ਪਰਾਲੀ ਨੂੰ ਲੱਗੀ ਅੱਗ ਵਿਖਾਈ ਦਿੱਤੀ ਤਾਂ ਉਨ੍ਹਾਂ ਤੁਰੰਤ ਅੱਗ ਬੁਝਾਊ ਦਸਤੇ ਨੂੰ ਨਾਲ ਲੈ ਕੇ ਅੱਗ ’ਤੇ ਕਾਬੂ ਪਾਇਆ।
ਅਧਿਕਾਰੀਆਂ ਵੱਲੋਂ ਨਕੋਦਰ ਹਲਕੇ ਦਾ ਦੌਰਾ
ਜਲੰਧਰ (ਪੱਤਰ ਪ੍ਰੇਰਕ): ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਅਤੇ ਐੱਸਡੀਐੱਮ ਨਕੋਦਰ ਇਰਵਿਨ ਕੌਰ ਵਲੋਂ ਅੱਜ ਨਕੋਦਰ ਉਪ ਮੰਡਲ ਦੇ ਪਿੰਡਾਂ ਵਿੱਚ ਪਰਾਲੀ ਨੂੰ ਲਗਾਈ ਗਈ ਅੱਗ ਮੌਕੇ ’ਤੇ ਹੀ ਫਾਇਰ ਬ੍ਰਿਗੇਡ ਬੁਲਾ ਕੇ ਬੁਝਵਾਈ ਗਈ। ਉਨ੍ਹਾਂ ਅੱਜ ਨਕੋਦਰ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਸ਼ਾਹ ਸਲੇਮਪੁਰ ਅਤੇ ਸ਼ਾਹਪੁਰ ਵਿੱਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ ਜਿਸ ਸਬੰਧੀ ਅਧਿਕਾਰੀਆਂ ਵਲੋਂ ਨਕੋਦਰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਪਾਸੋਂ ਮੌਕੇ ’ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਬੁਝਾਈ ਗਈ। ਉਨ੍ਹਾਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਵੀ ਦਿੱਤੇ।