ਖਾਦ ਨਾਲ ਬੇਲੋੜੀਆਂ ਵਸਤਾਂ ਦੇਣ ਖ਼ਿਲਾਫ਼ ਪ੍ਰਸ਼ਾਸਨ ਸਖ਼ਤ
ਸ਼ਗਨ ਕਟਾਰੀਆ
ਬਠਿੰਡਾ/ਜੈਤੋ, 5 ਅਗਸਤ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਖੇਤੀ ਵਸਤਾਂ ਵੇਚਣ ਵਾਲੇ ਡੀਲਰਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਯੂਰੀਆ ਖਾਦ ਨਾਲ ਬੇਲੋੜੀਆਂ ਵਸਤੂਆਂ ਜਬਰੀ ਨਾ ਦੇਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਜ਼ਮੀਨੀ ਪੱਧਰ ’ਤੇ ਕੁੱਝ ਡੀਲਰਾਂ ਵੱਲੋਂ ਕਿਸਾਨਾਂ ਨੂੰ ਯੂਰੀਆਂ ਖਾਦ ਨਾਲ ਅਜਿਹੀਆਂ ਚੀਜ਼ਾਂ ਅਤੇ ਦਵਾਈਆਂ ਦੇਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਡੀਲਰ ਖ਼ਿਲਾਫ਼ ਇਸ ਤਰ੍ਹਾਂ ਦੀ ਸ਼ਿਕਾਇਤ ਪ੍ਰਾਪਤ ਹੋਈ ਤਾਂ ਉਸ ਵਿਰੁੱਧ ਐਫਸੀਓ 1985 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਹਸਨ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰਤ ਮੁਤਾਬਕ ਹੀ ਖਾਦਾਂ ਖ਼ਰੀਦਣ ਅਤੇ ਵਾਧੂ ਸਟਾਕ ਨਾ ਕਰਨ। ਜ਼ਿਲ੍ਹੇ ’ਚ ਲੋੜ ਮੁਤਾਬਕ ਖਾਦਾਂ ਸਰਕਾਰੀ ਸੁਸਾਇਟੀਆਂ ਤੇ ਪ੍ਰਾਈਵੇਟ ਡੀਲਰਾਂ ਰਾਹੀਂ ਉਪਲੱਬਧ ਹਨ। ਉਨ੍ਹਾਂ ਬਲਾਕ ਖੇਤੀਬਾੜੀ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਖਾਦਾਂ ਦੀ ਵਿਕਰੀ ’ਤੇ ਨਜ਼ਰ ਰੱਖਣ।
ਇਸ ਦੌਰਾਨ ਪਿਛਲੇ ਦਿਨੀਂ ਜੈਤੋ ਦੇ ਰਾਮਲੀਲ੍ਹਾ ਗਰਾਊਂਡ ਨੇੜਲੇ ਇਕ ਖਾਦ ਵਿਕ੍ਰੇਤਾ ਦੁਕਾਨਦਾਰ ਵੱਲੋਂ ਖਾਦ ਨਾਲ ਹੋਰ ਵਸਤਾਂ ਕਿਸਾਨ ਨੂੰ ਦੇਣ ਦਾ ਮਾਮਲਾ ਅੱਜ ਮੁੱਖ ਖੇਤੀਬਾੜੀ ਅਧਿਕਾਰੀ ਜ਼ਿਲ੍ਹਾ ਫ਼ਰੀਦਕੋਟ ਡਾ. ਕਿਰਨਜੀਤ ਸਿੰਘ ਗਿੱਲ ਤੱਕ ਅੱਪੜ ਗਿਆ ਹੈ। ਕਿਸਾਨ ਆਗੂ ਗੁਰਜੀਤ ਸਿੰਘ ਅਨੁਸਾਰ ਖਾਦ ਵਿਕ੍ਰੇਤਾ ਨੇ ਪਿੰਡ ਨਿਆਮੀਵਾਲਾ ਦੇ ਕਿਸਾਨ ਮਹਿੰਦਰ ਸਿੰਘ ਨੂੰ ਯੂਰੀਆ ਖਾਦ ਪ੍ਰਤੀ ਗੱਟਾ 280 ਰੁਪਏ ਦੇ ਹਿਸਾਬ ਦਿੱਤਾ ਤੇ 10 ਗੱਟਿਆਂ ਦੇ ਨਾਲ 50 ਕਿਲੋ ਪਦਾਨ ਦੇਣ ਦੀ ਸ਼ਰਤ ਲਾ ਦਿੱਤੀ। ਖੇਤੀਬਾੜੀ ਅਫ਼ਸਰ ਨੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਤਾਂ ਕਿਸਾਨ ਰਜ਼ਾਮੰਦ ਹੋ ਗਏ।