ਪਲਾਸਟਿਕ ਡੋਰ ਦੀ ਵਿਕਰੀ ਨੂੰ ਲੈ ਕੇ ਪ੍ਰਸ਼ਾਸਨ ਸਖ਼ਤ
ਸਤਵਿੰਦਰ ਬਸਰਾ
ਲੁਧਿਆਣਾ, 25 ਦਸੰਬਰ
ਲੁਧਿਆਣਾ ਵਿੱਚ ਹੋਲ ਸੇਲ ਦੀ ਮਾਰਕੀਟ ਹੋਣ ਕਰ ਕੇ ਹਰ ਸਾਲ ਲੋਹੜੀ ਮੌਕੇ ਕਰੋੜਾ ਰੁਪਏ ਦਾ ਪਤੰਗਾਂ ਦਾ ਕਾਰੋਬਾਰ ਹੁੰਦਾ ਹੈ। ਸਿਰਫ ਪੰਜਾਬ ਵਿੱਚੋਂ ਹੀ ਨਹੀਂ ਸਗੋਂ ਹੋਰ ਸੂਬਿਆਂ ਦੇ ਲੋਕ ਵੀ ਇੱਥੋਂ ਪਤੰਗ ਅਤੇ ਡੋਰ ਖ੍ਰੀਦਣ ਆਉਂਦੇ ਹਨ। ਇਸ ਵਾਰ ਭਾਵੇਂ ਵੀਹ ਕੁ ਦਿਨ ਬਾਕੀ ਹਨ ਪਰ ਸ਼ਹਿਰ ਵਿੱਚ ਪਤੰਗਾਂ ਦੀਆਂ ਦੁਕਾਨਾਂ ਸੱਜਣੀਆਂ ਸ਼ੁਰੂ ਹੋ ਗਈਆਂ ਹਨ। ਦੁਕਾਨਾਂ ਦੇ ਬਾਹਰ ਰੱਖੇ ਪਤੰਗਾਂ ਵਿੱਚੋਂ 80 ਫੀਸਦੀ ਪਤੰਗ ਪਲਾਸਟਿਕ ਦੇ ਬਣੇ ਹੋਣ ਕਰਕੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੂਜੇ ਪਾਸੇ ਪੁਲੀਸ ਪ੍ਰਸਾਸ਼ਨ ਪਲਾਸਟਿਕ ਦੀ ਡੋਰ ਵੇਚਣ ਅਤੇ ਖ਼ਰੀਦਣ ਵਾਲਿਆਂ ਪ੍ਰਤੀ ਸਖਤ ਦਿਖਾਈ ਦੇ ਰਿਹਾ ਹੈ।
ਹੌਜ਼ਰੀ ਦੇ ਸਾਮਾਨ ਤੋਂ ਬਾਅਦ ਪਤੰਗਾਂ ਦੀ ਵਿਕਰੀ ਵਿੱਚ ਵੀ ਲੁਧਿਆਣਾ ਮੋਹਰੀ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ। ਹਰ ਸਾਲ ਇੱਥੇ ਕਰੋੜਾਂ ਰੁਪਏ ਦੇ ਪਤੰਗ ਅਤੇ ਡੋਰ ਵੇਚੀ ਜਾਂਦੀ ਹੈ। ਇੱਥੋਂ ਦੇ ਦਰੇਸੀ ਮੈਦਾਨ ਨੇੜੇ ਤਾਂ ਹੁਣ ਤੋਂ ਹੀ ਦਰਜਨਾਂ ਪਤੰਗਾਂ ਦੀਆਂ ਦੁਕਾਨਾਂ ਸੱਜਣੀਆਂ ਸ਼ੁਰੂ ਹੋ ਗਈਆਂ ਹਨ। ਇੰਨਾਂ ਦੁਕਾਨਾਂ ’ਤੇ ਪਲਾਸਟਿਕ ਅਤੇ ਕਾਗਜ਼ ਦੇ ਬਣੇ ਪਤੰਗਾਂ ਦੇ ਹਜ਼ਾਰਾਂ ਡਿਜ਼ਾਇਨ ਰੱਖੇ ਦੇਖੇ ਜਾ ਸਕਦੇ ਹਨ। ਪਤੰਗ ਦੇ ਆਕਾਰ ਅਤੇ ਡਿਜ਼ਾਇਨ ਦੇ ਹਿਸਾਬ ਨਾਲ ਇੰਨਾਂ ਦੇ ਰੇਟ ਵੀ ਤੈਅ ਕੀਤੇ ਜਾਂਦੇ ਹਨ। ਜੇਕਰ ਦੁਕਾਨਦਾਰਾਂ ਦੀ ਮੰਨੀਏ ਤਾਂ ਲੁਧਿਆਣਾ ਵਿੱਚ ਪਤੰਗ ਬਣਾਉਣ ਵਾਲੇ ਘੱਟ ਹਨ ਪਰ ਵਿਕਰੀ ਇੱਥੇ ਹੀ ਸਭ ਤੋਂ ਵੱਧ ਹੁੰਦੀ ਹੈ। ਲੋਹੜੀ ਮੌਕੇ ਸਭ ਤੋਂ ਵੱਧ ਪਤੰਗ ਲੁਧਿਆਣਾ ਵਿੱਚ ਹੀ ਉਡਾਏ ਜਾਂਦੇ ਹਨ ਇਹੋ ਵਜ੍ਹਾ ਹੈ ਕਿ ਉਨ੍ਹਾਂ ਦੇ 70 ਫੀਸਦੀ ਪਤੰਗ ਅਤੇ ਡੋਰ ਇੱਥੇ ਹੀ ਵਿਕ ਜਾਂਦੀ ਹੈ ਜਦਕਿ 30 ਫੀਸਦੀ ਪਤੰਗ ਅਤੇ ਡੋਰ ਸੂਬੇ ਦੇ ਹੋਰ ਸ਼ਹਿਰਾਂ ਦੇ ਦੁਕਾਨਦਾਰ ਅਤੇ ਪਤੰਗਬਾਜ਼ ਖ੍ਰੀਦ ਕੇ ਲੈ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਤੰਗਬਾਜ਼ਾਂ ਵੱਲੋਂ ਪਲਾਸਟਿਕ ਦੇ ਪਤੰਗ ਵੱਧ ਪਸੰਦ ਕੀਤੇ ਜਾਂਦੇ ਹਨ। ਇਹ ਪਤੰਗ ਧੁੰਦ ਵਿੱਚ ਵੀ ਖਰਾਬ ਨਹੀਂ ਹੁੰਦੇ। ਦੂਜੇ ਪਾਸੇ ਪ੍ਰਸ਼ਾਸਨ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ’ਤੇ ਤਾਂ ਪਾਬੰਦੀ ਲਾਈ ਹੋਈ ਹੈ ਪਰ ਪਤੰਗਾਂ ਦੀ ਵਿਕਰੀ ਧੜੱਲੇ ਨਾਲ ਕੀਤੀ ਜਾ ਰਹੀ ਹੈ। ਉੱਧਰ ਪੁਲੀਸ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਜਾਰੀ ਇੱਕ ਸੂਚਨਾ ਰਾਹੀਂ ਦੁਕਾਨਦਾਰਾਂ ਨੂੰ ਪਲਾਸਟਿਕ ਦੀ ਡੋਰ ਨਾ ਵੇਚਣ ਅਤੇ ਪਤੰਗਬਾਜ਼ਾਂ ਨੂੰ ਅਜਿਹੀ ਡੋਰ ਨਾ ਖ੍ਰੀਦਣ ਦੇ ਆਦੇਸ਼ ਦਿੱਤੇ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਵੀ ਚਿਤਾਵਨੀ ਦਿੱਤੀ ਹੋਈ ਹੈ।