For the best experience, open
https://m.punjabitribuneonline.com
on your mobile browser.
Advertisement

ਫ਼ਰੀਦਕੋਟ ’ਚ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਬਾਰੇ ਪ੍ਰਸ਼ਾਸਨ ਚੁੱਪ

07:48 AM Jun 04, 2024 IST
ਫ਼ਰੀਦਕੋਟ ’ਚ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਬਾਰੇ ਪ੍ਰਸ਼ਾਸਨ ਚੁੱਪ
ਫਰੀਦਕੋਟ ਦੇ ਬ੍ਰਿਜਿੰਦਰਾ ਕਾਲਜ ਦੇ ਸਾਹਮਣੇ ਪੁਲੀਸ ਵੱਲੋਂ ਕੀਤੀ ਗਈ ਬੈਰੀਕੇਡਿੰਗ।
Advertisement

ਜਸਵੰਤ ਜੱਸ
ਫ਼ਰੀਦਕੋਟ, 3 ਜੂਨ
ਫ਼ਰੀਦਕੋਟ ਲੋਕ ਸਭਾ ਹਲਕੇ ਦੀਆਂ ਕਰੀਬ 50 ਫ਼ੀਸਦੀ ਵੋਟਾਂ ਦੀ ਗਿਣਤੀ ਇੱਥੋਂ ਦੇ ਬ੍ਰਿਜਿੰਦਰਾ ਕਾਲਜ ਵਿੱਚ ਹੋਣੀ ਹੈ ਜਦੋਂਕਿ ਮੋਗਾ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਮੋਗੇ ਦੇ ਆਈਟੀ ਕਾਲਜ ਵਿੱਚ ਹੋਣੀ ਹੈ। ਇੱਥੋਂ ਦੇ ਗਿਣਤੀ ਕੇਂਦਰ ਵਿੱਚ ਫ਼ਰੀਦਕੋਟ, ਕੋਟਕਪੂਰਾ, ਜੈਤੋ, ਗਿੱਦੜਬਾਹਾ ਅਤੇ ਰਾਮਪੁਰਾ ਫੂਲ ਹਲਕੇ ਦੀਆਂ ਵੋਟਾਂ ਦੀ ਗਿਣਤੀ ਹੋਣੀ ਹੈ। ਸੂਚਨਾ ਅਨੁਸਾਰ 1700 ਈਵੀਐੱਮਜ਼ ਮਸ਼ੀਨਾਂ ਇੱਥੋਂ ਦੇ ਬ੍ਰਿਜਿੰਦਰਾ ਕਾਲਜ ਵਿੱਚ ਪੁੱਜੀਆਂ ਹਨ। ਜਿੱਥੇ 5 ਲੱਖ ਤੋਂ ਉੱਪਰ ਵੋਟਾਂ ਦੀ ਗਿਣਤੀ ਹੋਣੀ ਹੈ ਪਰੰਤੂ ਗਿਣਤੀ ਤੋਂ ਕੁਝ ਘੰਟੇ ਪਹਿਲਾਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਉਮੀਦਵਾਰਾਂ ਨੂੰ ਗਿਣਤੀ ਕੇਂਦਰ ਵਿੱਚ ਪਹੁੰਚਣ ਬਾਰੇ ਕੋਈ ਲਿਖਤੀ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਗਿਣਤੀ ਕੇਂਦਰਾਂ ਤੇ ਉਮੀਦਵਾਰਾਂ ਨੂੰ ਪਹੁੰਚਣ ਲਈ ਕੋਈ ਲਿਖਤੀ ਹਦਾਇਤਾਂ ਭੇਜੀਆਂ ਗਈਆਂ ਹਨ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਗਿਣਤੀ ਕੇਂਦਰ ਤੇ ਕਦੋਂ ਤੇ ਕਿੱਥੇ ਪਹੁੰਚਣਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਵੀ ਗਿਣਤੀ ਕੇਂਦਰ ’ਤੇ ਪਹੁੰਚਣ ਲਈ ਕੋਈ ਲਿਖਤੀ ਜਾਣਕਾਰੀ ਨਹੀਂ ਮਿਲੀ। ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਨੇ ਕਿਹਾ ਕਿ ਉਸ ਨੂੰ ਵੀ ਲਿਖਤੀ ਤੌਰ ’ਤੇ ਗਿਣਤੀ ਕੇਂਦਰ ਵਿੱਚ ਪਹੁੰਚਣ ਸਬੰਧੀ ਕੋਈ ਸੂਚਨਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਸਮੁੱਚੀ ਕਾਰਵਾਈ ਕਈ ਤਰ੍ਹਾਂ ਦੇ ਖਦਸ਼ੇ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਸਟਰੌਂਗ ਰੂਮਾਂ ਵਿੱਚ ਈਵੀਐੱਮਜ਼ ਨੂੰ 17 ਘੰਟੇ ਬਾਅਦ ਸੀਲ ਕੀਤਾ ਗਿਆ ਹੈ ਪਰੰਤੂ ਏਨੀ ਦੇਰੀ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਦੀ ਅਜੇ ਤੱਕ ਸ਼ਨਾਖਤ ਨਹੀਂ ਕੀਤੀ ਗਈ। ਲੋਕ ਸੰਪਰਕ ਵਿਭਾਗ ਨੇ ਵੋਟਾਂ ਦੀ ਗਿਣਤੀ ਸਬੰਧੀ ਕੀਤੇ ਗਏ ਪ੍ਰਬੰਧਾਂ ਦੀ ਅਜੇ ਤੱਕ ਮੀਡੀਆ ਨੂੰ ਕੋਈ ਜਾਣਕਾਰੀ ਨਸ਼ਰ ਨਹੀਂ ਕੀਤੀ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਤੋਂ ਵੀ ਗਿਣਤੀ ਪ੍ਰਬੰਧਾਂ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਤੋਂ ਵੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲ ਸਕੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ ਅਤੇ 7 ਵਜੇ ਉਮੀਦਵਾਰਾਂ ਦੇ ਗਿਣਤੀ ਏਜੰਟ ਗਿਣਤੀ ਵਾਲੇ ਸਥਾਨ ’ਤੇ ਪੁੱਜਣਗੇ।
ਦੂਜੇ ਪਾਸੇ ਆਪ ਉਮੀਦਵਾਰ ਕਰਮਜੀਤ ਅਨਮੋਲ, ਭਾਜਪਾ ਦੇ ਹੰਸ ਰਾਜ ਹੰਸ, ਆਜ਼ਾਦ ਉਮੀਦਵਾਰ ਸਰਬਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਖਸ਼ ਸਿੰਘ ਸਮੇਤ ਹੋਰ ਉਮੀਦਵਾਰ ਵੋਟਾਂ ਦੇ ਨਤੀਜੇ ਸੁਣਨ ਲਈ ਖੁਦ ਫਰੀਦਕੋਟ ਦੇ ਗਿਣਤੀ ਕੇਂਦਰਾਂ ’ਤੇ ਹਾਜ਼ਰ ਰਹਿਣਗੇ ਕਿਉਂਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਲਿਖਤੀ ਸੁਨੇਹਾ ਜਾਂ ਪੱਤਰ ਨਹੀਂ ਦਿੱਤਾ ਹੈ। ਆਪ ਨੇ ਗਿਣਤੀ ਲਈ ਨਾਮਜ਼ਦ ਕੀਤੇ ਗਏ ਏਜੰਟਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹਨ ਕਿ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਉਹ ਵੋਟਿੰਗ ਮਸ਼ੀਨਾਂ ਦੀਆਂ ਸੀਲਾਂ ਬਾਰੇ ਵਿਸ਼ੇਸ਼ ਚੌਕਸੀ ਰੱਖਣ। ਛੇ ਦੇ ਕਰੀਬ ਉਮੀਦਵਾਰ ਚੋਣਾਂ ਦੇ ਨਤੀਜੇ ਜਾਨਣ ਲਈ ਮੋਗੇ ਦੇ ਗਿਣਤੀ ਕੇਂਦਰ ਵਿੱਚ ਹਾਜ਼ਰ ਹੋਣਗੇ ਜਦਕਿ ਬਾਕੀ ਸਾਰੇ ਉਮੀਦਵਾਰ ਫਰੀਦਕੋਟ ਦੇ ਗਿਣਤੀ ਕੇਂਦਰ ਉੱਪਰ ਹੀ ਪੁੱਜ ਰਹੇ ਹਨ। ਚੋਣ ਨਤੀਜਿਆਂ ਤੋਂ ਬਾਅਦ ਜਿੱਤ ਦੇ ਜਸ਼ਨ ਮਨਾਉਣ ਬਾਰੇ ਸਾਰੇ ਉਮੀਦਵਾਰਾਂ ਨੇ ਚੁੱਪੀ ਵੱਟੀ ਹੋਈ ਹੈ ਹਾਲਾਂਕਿ ਕਰਮਜੀਤ ਅਨਮੋਲ ਨੇ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਉਹ ਜਿੱਤ ਦਾ ਜਸ਼ਨ ਨਹੀਂ ਮਨਾਉਣਗੇ ਕਿਉਂਕਿ ਪੰਜਾਬ ਵਿੱਚ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ।

Advertisement

ਮੁਕਤਸਰ ਤੇ ਮਲੋਟ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ ਪ੍ਰਬੰਧ ਮੁਕੰਮਲ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ ਦੀਆਂ ਲੋਕ ਸਭਾ ਚੋਣਾਂ ਵਾਸਤੇ ਪਈਆਂ ਵੋਟਾਂ ਦੀ ਗਿਣਤੀ ਬਲੈਕ ਰੋਜ਼ ਕਲੱਬ ਹਾਲ, ਸੀਆਰਸੀ ਬਿਲਡਿੰਗ ਪੁੱਡਾ ਕਲੋਨੀ, ਮਲੋਟ ਵਿੱਚ ਹੋਵੇਗੀ ਜਿਸਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਗਿਦੜਬਾਹਾ, ਫਰੀਦਕੋਟ ਲੋਕ ਸਭਾ ਹਲਕੇ ਵਿੱਚ ਸ਼ਾਮਲ ਹੈ ਜਿਸ ਦੀਆਂ ਵੋਟਾਂ ਦੀ ਗਿਣਤੀ ਫਰੀਦਕੋਟ ਵਿਖੇ ਹੋਵੇਗੀ ਜਦਕਿ ਇਸੇ ਜ਼ਿਲ੍ਹੇ ਦਾ ਲੰਬੀ ਉਪ ਮੰਡਲ ਖੇਤਰ ਲੋਕ ਸਭਾ ਹਲਕਾ ਬਠਿੰਡਾ ਵਿੱਚ ਸ਼ਾਮਲ ਹੈ ਜਿਸ ਦੀਆਂ ਵੋਟਾਂ ਦੀ ਗਿਣਤੀ ਬਠਿੰਡਾ ਹੋਵੇਗੀ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਗਿਣਤੀ ਕੇਂਦਰ ਵਿੱਚ ਗਿਣਤੀ ਲਈ ਲੋੜੀਂਦੇ ਸੁਰੱਖਿਆ ਤੇ ਸਹੂਲਤੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਾਮਿਆਂ ਦੇ ਨਾਲ ਸਿਆਸੀ ਪਾਰਟੀਆਂ ਤੇ ਚੋਣ ਉਮੀਦਵਾਰਾਂ ਦੇ ਗਿਣਤੀ ਏਜੰਟਾਂ ਨੂੰ ਪਾਸ ਜਾਰੀ ਕਰਨ ਤੇ ਉਨ੍ਹਾਂ ਦੇ ਆਉਣ-ਜਾਣ ਅਤੇ ਬੈਠਣ ਦੇ ਪ੍ਰਬੰਧ ਵੀ ਮੁਕੰਮਲ ਹਨ। ਵੋਟਿੰਗ ਮਸ਼ੀਨਾਂ ਨੂੰ ਗਿਣਤੀ ਉਪਰੰਤ ਸਾਂਭਣ ਲਈ ਵੀ ਰੂਪ ਰੇਖਾ ਤੈਅ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਗਿਣਤੀ ਕੇਂਦਰ ਦੀਸੁਰੱਖਿਆ ਵਾਸਤੇ ਗਿਣਤੀ ਕੇਂਦਰ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਨਿੱਜੀ ਵਾਹਨ ਦੇ ਦਾਖਲ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ ਤਾਂ ਜੋ ਕਿਸੇ ਕਿਸਮ ਦੀ ਘਟਨਾ ਨਾ ਵਾਪਰੇ ਅਤੇ ਵੋਟਾਂ ਦੀ ਗਿਣਤੀ ਦਾ ਕੰਮ ਨਿਰਵਿਘਨ ਚੱਲ ਸਕੇ। ਹੁਕਮਾਂ ਅਨੁਸਾਰ ਸਰਕਾਰੀ ਵਹੀਕਲਾਂ ਅਤੇ ਚੋਣ ਮਕਸਦ ਲਈ ਪ੍ਰਸ਼ਾਸਨ ਵੱਲੋਂ ਹਾਇਰ ਕੀਤੇ ਪ੍ਰਾਈਵੇਟ ਵਹੀਕਲਾਂ ’ਤੇ ਇਹ ਮਨਾਹੀ ਦੇ ਹੁਕਮ ਲਾਗੂ ਨਹੀਂ ਹੋਣਗੇ।

Advertisement

Advertisement
Author Image

Advertisement