ਟਰਾਈਸਿਟੀ ’ਚ ਸੜਕਾਂ ਦੀ ਮੁਰੰਮਤ ਲਈ ਪ੍ਰਸ਼ਾਸਨ ਸਰਗਰਮ
ਆਤਿਸ਼ ਗੁਪਤਾ
ਚੰਡੀਗੜ੍ਹ, 15 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਲਗਾਤਾਰ ਮੀਂਹ ਮਗਰੋਂ ਪ੍ਰਭਾਵਿਤ ਹੋਈ ਜ਼ਿੰਦਗੀ ਦੇ ਪਹੀਏ ਦੀ ਹਫ਼ਤਾਰ 120 ਘੰਟਿਆਂ ਮਗਰੋਂ ਵੀ ਪੂਰੀ ਤਰ੍ਹਾਂ ਲੀਹ ’ਤੇ ਨਹੀਂ ਆ ਸਕੀ। ਹਾਲਾਂਕਿ ਪ੍ਰਸ਼ਾਸਨ ਹੜ੍ਹ ਦੇ ਪਾਣੀ ’ਚ ਰੁੜੀਆਂ ਸੜਕਾਂ ਅਤੇ ਨੁਕਸਾਨੇ ਪੁਲਾਂ ਦੀ ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕਰ ਰਿਹਾ ਹੈ ਪਰ ਅਜੇ ਵੀ ਕਈ ਸੜਕਾਂ ਮੁਰੰਮਤ ਖੁਣੋਂ ਜਿਉਂ ਦੀਆਂ ਤਿਉਂ ਪਈਆਂ ਹਨ। ਅੱਜ ਪੰਜ ਦਨਿਾਂ ਬਾਅਦ ਵੀ ਸ਼ਹਿਰ ਦੀਆਂ ਤਿੰਨ ਮੁੱਖ ਸੜਕਾਂ, ਕਿਸ਼ਨਗੜ੍ਹ, ਸੀਟੀਯੂ ਵਰਕਸ਼ਾਪ ਅਤੇ ਮੱਖਣਮਾਜਰਾ ਪੁਲ ਦੀ ਮੁਰੰਮਤ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਅਤੇ ਪ੍ਰਸ਼ਾਸਨ ਵੱਲੋਂ ਤਿੰਨਾਂ ਸੜਕਾਂ ਦਾ ਕੰਮ ਜੰਗੀ ਪੱਧਰ ’ਤੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਹ ਸੜਕਾਂ ਸੋਮਵਾਰ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭਾਰੀ ਮੀਂਹ ਪੈਣ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਟੱਪ ਗਿਆ ਸੀ। ਯੂਟੀ ਪ੍ਰਸ਼ਾਸਨ ਨੇ ਪਾਣੀ ਦਾ ਪੱਧਰ ਵਧਦਾ ਦੇਖ ਸੁਖਨਾ ਝੀਲ ਦੇ ਰੈਗੂਲੇਟਰੀ ਐਂੱਡ ’ਤੇ ਸਥਿਤ ਫਲੱਡ ਗੇਟ 5-5 ਫੁੱਟ ਤੱਕ ਖੋਲ੍ਹ ਦਿੱਤੇ ਸਨ। ਇਸ ਦੌਰਾਨ ਸੁਖਨਾ ਚੋਅ ਦੇ ਰਾਹ ਵਿੱਚ ਆਉਣ ਵਾਲੇ ਚਾਰ ਪੁਲ ਨੁਕਸਾਨੇ ਗਏ ਸਨ। ਇਨ੍ਹਾਂ ਵਿੱਚ ਗੋਲਫ ਕਲੱਬ ਤੋਂ ਕਿਸ਼ਨਗੜ੍ਹ ਜਾਣ ਵਾਲਾ, ਇੰਡਸਟਰੀਅਲ ਏਰੀਆ ’ਚ ਸੀਟੀਯੂ ਵਰਕਸ਼ਾਪ ਦੇ ਨਜ਼ਦੀਕ, ਮੱਖਣਮਾਜਰਾ ਪੁਲ ਅਤੇ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਜਾਣ ਵਾਲਾ ਪੁਲ ਪ੍ਰਭਾਵਿਤ ਹੋਇਆ ਸੀ।
ਪ੍ਰਸ਼ਾਸਨ ਦੀ ਭਾਰੀ ਜੱਦੋ-ਜਹਿਦ ਮਗਰੋਂ ਸਿਰਫ਼ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਜਾਣ ਵਾਲਾ ਪੁਲ ਹੀ ਸ਼ੁਰੂ ਹੋ ਸਕਿਆ ਹੈ, ਜਦੋਂ ਕਿ ਕਿਸ਼ਨਗੜ੍ਹ ਜਾਣ ਵਾਲਾ, ਇੰਡਸਟਰੀਅਲ ਏਰੀਆ ’ਚ ਸੀਟੀਯੂ ਵਰਕਸ਼ਾਪ ਦੇ ਨਜ਼ਦੀਕ, ਮੱਖਣਮਾਜਰਾ ਪੁਲ ’ਤੇ ਕੰਮ ਜਾਰੀ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਸ਼ਾਂਤੀ ਪਾਥ ਤੇ ਸੈਕਟਰ-31/47 ਵਾਲੀ ਸੜਕ ’ਤੇ ਅਤੇ ਵਿਦਿਆ ਪਾਥ ਤੇ ਸੈਕਟਰ-14/15 ਵਾਲੀ ਸੜਕ ’ਤੇ ਪਾਣੀ ਦੀਆਂ ਪਾਈਪਲਾਈਨਾਂ ਟੁੱਟਣ ਕਰਕੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਪ੍ਰਸ਼ਾਸਨ ਨੇ ਪਾਈਪਲਾਈਨਾਂ ਨੂੰ ਜੋੜਨ ਸਬੰਧੀ ਸ਼ੁਰੂ ਕੀਤੇ ਗਏ ਕੰਮ ਕਰਕੇ ਦੋਵਾਂ ਸੜਕਾਂ ਨੂੰ ਆਵਾਜਾਈ ਲਈ ਬੰਦ ਕੀਤਾ ਹੋਇਆ ਹੈ, ਜਿਸ ਕਰਕੇ ਰਾਹਗੀਰਾਂ ਨੂੰ ਦੂਜੀਆਂ ਸੜਕਾਂ ਤੋਂ ਵਲ ਪਾ ਕੇ ਲੰਘਣਾ ਪੈ ਰਿਹਾ ਹੈ। ਚੰਡੀਗੜ੍ਹ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ’ਤੇ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਕਰਨੀ ਚਾਹੀਦੀ ਹੈ।
ਸਾਉਣ ਦੇ ਪਹਿਲੇ ਦਨਿ ਝੜੀ ਲੱਗਣ ਦੀ ਸੰਭਾਵਨਾ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਕ ਵਾਰ ਮੁੜ ਤੋਂ ਮੌਸਮ ਖਰਾਬ ਹੋਣ ਜਾ ਰਿਹਾ ਹੈ। ਇਸ ਨਾਲ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਪਿਛਲੇ ਹਫ਼ਤੇ ਪਏ ਮੀਂਹ ਕਾਰਨ ਲੋਕਾਂ ਦੇ ਸਾਹ ਵੀ ਸੁੱਕਣੇ ਪੈ ਗਏ ਹਨ। ਮੌਸਮ ਵਿਭਾਗ ਨੇ 16, 17, 18 ਤੇ 19 ਜੁਲਾਈ ਨੂੰ ਚੰਡੀਗੜ੍ਹ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਐਤਕੀਂ ਪਿਛਲੇ ਹਫ਼ਤੇ ਵਾਂਗ ਮੀਂਹ ਪੈਣ ਦੀ ਉਮੀਦ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਾ ਦਨਿ ਹੁੰਮਸ ਭਰਿਆ ਰਿਹਾ ਹੈ। ਦਨਿ ਸਮੇਂ ਨਿਕਲੀ ਧੁੱਪ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੁੰਮਸ ਕਾਰਨ ਲੋਕਾਂ ਨੂੰ ਚਿਪ-ਚਿਪੀ ਗਰਮੀ ਝੱਲਣੀ ਪਈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ ਵੱਧ ਰਿਹਾ ਹੈ। ਦੱਸਣਯੋਗ ਹੈ ਕਿ ਇਸ ਵਾਰ ਮੌਨਸੂਨ ਦੇ ਮੀਂਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਟੀ ਬਿਊਟੀਫੁੱਲ ’ਤੇ 1 ਜੂਨ ਤੋਂ ਹੁਣ ਤੱਕ 733.1 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 164.8 ਫ਼ੀਸਦ ਵੱਧ ਹੈ। ਇਹ ਅੱਜ ਤੱਕ ਦਾ ਨਵਾਂ ਰਿਕਾਰਡ ਹੈ। ਮੌਸਮ ਵਿਗਿਆਨੀਆਂ ਅਨੁਸਾਰ ਜੁਲਾਈ ਮਹੀਨੇ ਦੇ ਅਖੀਰ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ।
ਕਿਸ਼ਨਗੜ੍ਹ ਤੇ ਮੱਖਣਮਾਜਰਾ ਪੁਲ ਸੋਮਵਾਰ ਨੂੰ ਖੋਲ੍ਹੇ ਜਾਣਗੇ: ਓਝਾ
ਯੂਟੀ ਪ੍ਰਸ਼ਾਸਨ ਦੇ ਚੀਫ਼ ਇੰਜਨੀਅਰ ਸੀਬੀ ਓਝਾ ਨੇ ਕਿਹਾ ਕਿ ਇੰਜਨੀਅਰਿੰਗ ਵਿਭਾਗ ਵੱਲੋਂ ਗੋਲਫ ਕਲੱਬ ਤੋਂ ਕਿਸ਼ਨਗੜ੍ਹ ਜਾਣ ਵਾਲੇ ਪੁਲ ਅਤੇ ਮੱਖਣਮਾਜਰਾ ਵਾਲੇ ਪੁਲ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਇੰਜਨੀਅਰਿੰਗ ਵਿਭਾਗ ਵੱਲੋਂ ਦੋਵਾਂ ਪੁਲਾਂ ਨੂੰ ਸੋਮਵਾਰ ਸ਼ਾਮ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ, ਜਦੋਂ ਕਿ ਇੰਡਸਟਰੀਅਲ ਏਰੀਆ ’ਚ ਸੀਟੀਯੂ ਵਰਕਸ਼ਾਪ ਦੇ ਨਜ਼ਦੀਕ ਵਾਲੀ ਸੜਕ ਨਗਰ ਨਿਗਮ ਅਧੀਨ ਆਉਂਦੀ ਹੈ, ਜਿਸ ਦੀ ਮੁਰੰਮਤ ਦਾ ਕੰਮ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ।
ਹੜ੍ਹ ਕੇ ਆਈਆਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਵਾਪਸੀ ਦਾ ਅਮਲ ਜਾਰੀ
ਿਛਲੇ ਦਨਿੀਂ ਪਏ ਮੀਂਹ ਕਰਕੇ ਸੜਕਾਂ ’ਤੇ ਇਕ ਤੋਂ ਦੋ ਫੁੱਟ ਤੱਕ ਪਾਣੀ ਖੜ੍ਹਨ ਕਾਰਨ ਵੱਡੀ ਗਿਣਤੀ ਵਿੱਚ ਵਾਹਨਾਂ ਦੀ ਨੰਬਰ ਪਲੇਟਾਂ ਰੁੜ ਗਈਆਂ। ਇਹ ਨੰਬਰ ਪਲੇਟਾਂ ਪੁਲੀਸ ਦੇ ਹੱਥ ਲੱਗ ਗਈਆਂ ਹਨ, ਜਨਿ੍ਹਾਂ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਮੁੜ ਵਾਹਨ ਦੇ ਮਾਲਕਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ। ਹਾਈ ਸਕਿਓਰਟੀ ਨੰਬਰ ਪਲੇਟਾਂ ਸੈਕਟਰ-23 ਸਥਿਤ ਚੰਡੀਗੜ੍ਹ ਟਰੈਫਿਕ ਪਾਰਕ ਵਿੱਚ ਰੱਖੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਕੋਲ ਹੁਣ ਤੱਕ 122 ਦੇ ਕਰੀਬ ਵਾਹਨਾਂ ਦੀ ਹਾਈ ਸਰਿਓਰਟੀ ਨੰਬਰ ਪਲੇਟਾਂ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ ਵਿੱਚੋਂ 76 ਦੇ ਕਰੀਬ ਨੰਬਰ ਪਲੇਟਾਂ ਪੁਲੀਸ ਦੇ ਹੱਥ ਲੱਗ ਗਈਆਂ ਹਨ, ਜਨਿ੍ਹਾਂ ਨੂੰ ਲੋਕਾਂ ਹਵਾਲੇ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਨਿੀਂ ਮੀਂਹ ਦੌਰਾਨ ਰੁੜ ਕੇ ਆਈ ਨੰਬਰ ਪਲੇਟਾਂ ਨੂੰ ਇਕ ਵਿਅਕਤੀ ਵੱਲੋਂ ਕਬਾੜੀਏ ਨੂੰ ਵੇਚਿਆ ਜਾ ਰਿਹਾ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਛਾਪਾ ਮਾਰ ਕੇ 22 ਨੰਬਰ ਪਲੇਟਾਂ ਬਰਾਮਦ ਕੀਤੀਆਂ। ਟਰੈਫਿਕ ਪੁਲੀਸ ਨੇ ਸ਼ਹਿਰ ਵਿੱਚ ਮੁਹਿੰਮ ਚਲਾ ਕੇ ਵੱਖ-ਵੱਖ ਥਾਵਾਂ ਤੋਂ ਡਿੱਗੀਆਂ ਨੰਬਰ ਪਲੇਟਾਂ ਬਰਾਮਦ ਕਰਕੇ ਸੈਕਟਰ-23 ਦੇ ਟਰੈਫਿਕ ਪਾਰਕ ਵਿੱਚ ਰੱਖ ਦਿੱਤੀਆਂ ਹਨ। ਟਰੈਫਿਕ ਪੁਲੀਸ ਦੇ ਇੱਕ ਮੁਲਾਜ਼ਮ ਅਨੁਸਾਰ ਜਨਿ੍ਹਾਂ ਦੀ ਨੰਬਰ ਪਲੇਟ ਗੁੰਮ ਹੋਈ ਹੈ, ਉਹ ਡੀਡੀਆਰ ਲਿਖਾ ਕੇ ਪੁਲੀਸ ਕੋਲੋਂ ਆਪਣੀ ਪਲੇਟ ਦੇਖ ਸਕਦੇ ਹਨ ਅਤੇ ਜੇਕਰ ਨੰਬਰ ਪਲੇਟ ਉੱਥੇ ਪਈ ਹੋਈ ਤਾਂ ਪੁਲੀਸ ਵੱਲੋਂ ਸ਼ਨਾਖਤ ਕਰਨ ਮਗਰੋਂ ਨੰਬਰ ਪਲੇਟ ਵਾਪਸ ਕਰ ਦਿੱਤੀ ਜਾਵੇਗੀ।