For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੇੇ ਰੈਗੂਲੇਟਰੀ ਐਂੱਡ ਦੀ ਸਫ਼ਾਈ ਸ਼ੁਰੂ

07:10 AM Jun 17, 2024 IST
ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੇੇ ਰੈਗੂਲੇਟਰੀ ਐਂੱਡ ਦੀ ਸਫ਼ਾਈ ਸ਼ੁਰੂ
ਸੁਖਨਾ ਝੀਲ ਦੇ ਰੈਗੂਲੇਟਰੀ ਐਂੱਡ ’ਤੇ ਸਫ਼ਾਈ ਕਰਦੀ ਹੋਈ ਜੇਸੀਬੀ ਮਸ਼ੀਨ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 16 ਜੂਨ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਯੂਟੀ ਪ੍ਰਸ਼ਾਸਨ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਸੁਖਨਾ ਝੀਲ ਦੇ ਰੈਗੂਲੇਟਰੀ ਐਂੱਡ ’ਤੇ ਸਥਿਤ ਫਲੱਡ ਗੇਟਾਂ ਦੇ ਨਜ਼ਦੀਕ ਸਫ਼ਾਈ ਕੀਤੀ ਜਾ ਰਹੀ ਹੈ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨ ਲਗਾ ਕੇ ਫਲੱਡ ਗੇਟ ਦੇ ਬਿਲਕੁੱਲ ਨਾਲ ਲੱਗੇ ਮਿੱਟੀ ਦੇ ਢੇਰਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਹਰ ਸਾਲ ਮੌਨਸੂਨ ਵਿੱਚ ਮੀਂਹ ਪੈਣ ਕਰ ਕੇ ਪਹਾੜਾਂ ਵਿੱਚ ਆਉਣ ਵਾਲੇ ਪਾਣੀ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਮਿੱਟੀ ਵੀ ਵਹਿ ਕੇ ਸੁਖਨਾ ਝੀਲ ਵਿੱਚ ਆ ਜਾਂਦਾ ਹੈ। ਉੱਧਰ, ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰ ਕੇ ਫਲੱਡ ਗੇਟ ਖੋਲ੍ਹਣ ’ਤੇ ਇਹ ਮਿੱਟੀ ਫਲੱਡ ਗੇਟਾਂ ਦੇ ਨਜ਼ਦੀਕ ਜਮ੍ਹਾਂ ਹੋ ਜਾਂਦੀ ਹੈ। ਫਲੱਡ ਗੇਟਾਂ ਕੋਲ ਮਿੱਟੀ ਫਸਣ ਕਰ ਕੇ ਪਾਣੀ ਦੇ ਨਿਕਾਸ ਵਿੱਚ ਮੁਸ਼ਕਲ ਆ ਜਾਂਦੀ ਹੈ। ਇਸੇ ਨੂੰ ਦੇੇਖਦਿਆਂ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵੱਲੋਂ ਮੌਨਸੂਨ ਦੀ ਆਮਦ ਤੋਂ ਪਹਿਲਾਂ ਹੀ ਸੁਖਨਾ ਝੀਲ ਦੇ ਰੈਗੂਲੇਟਰੀ ਐੱਂਡ ’ਤੇ ਸਥਿਤ ਫਲੱਡ ਗੇਟਾਂ ਕੋਲ ਸਫ਼ਾਈ ਪ੍ਰਬੰਧ ਕੀਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਨੇ ਵੀ ਮੌਨਸੂਨ ਦਾ ਆਮਦ ਤੋਂ ਪਹਿਲਾਂ ਸੁਖਨਾ ਚੋਅ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਸੀ। ਉਸ ਦੌਰਾਨ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ, ਕਮਿਸ਼ਨਰ ਅਨਿੰਦਿਤਾ ਮਿਤਰਾ, ਕੌਂਸਲਰਾਂ ਅਤੇ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਸੁਖਨਾ ਚੋਅ ਦੀ ਸਫ਼ਾਈ ਵੀ ਕੀਤੀ ਸੀ।

Advertisement

ਗਰਮੀ ਕਾਰਨ ਚੰਡੀਗੜ੍ਹ ਵਿੱਚ ਰੈੱਡ ਅਲਰਟ ਜਾਰੀ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਅੱਜ ਵੀ ਗਰਮੀ ਦਾ ਕਹਿਰ ਜਾਰੀ ਰਿਹਾ ਹੈ, ਜਿਸ ਕਰ ਕੇ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 8 ਡਿਗਰੀ ਵੱਧ ਹੈ। ਇਸੇ ਤਰ੍ਹਾਂ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 31.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਇਹ ਵੀ ਆਮ ਨਾਲੋਂ 4.8 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਉੱਧਰ ਮੌਸਮ ਵਿਗਿਆਨੀਆਂ ਨੇ 17 ਜੂਨ ਨੂੰ ਅਤਿ ਦੀ ਗਰਮੀ ਪੈਣ ਸਬੰਧੀ ਰੈਡ ਅਲਰਟ ਅਤੇ 18 ਜੂਨ ਲਈ ਓਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਲੂ ਚੱਲੇਗੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ 18 ਜੂਨ ਨੂੰ ਸ਼ਾਮ ਸਮੇਂ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਚੱਲਣ ਨਾਲ ਕਈ ਥਾਵਾਂ ’ਤੇ ਟੁੱਟਵਾਂ ਮੀਂਹ ਵੀ ਪੈ ਸਕਦਾ ਹੈ। ਇਸੇ ਤਰ੍ਹਾਂ 19, 20 ਤੇ 21 ਜੂਨ ਨੂੰ ਕੁਝ ਥਾਵਾਂ ’ਤੇ ਟੁੱਟਵਾਂ ਮੀਂਹ ਪਵੇਗਾ।

ਮੌਨਸੂਨ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕੀਤੇ: ਓਝਾ
ਯੂਟੀ ਪ੍ਰਸ਼ਾਸਨ ਦੇ ਚੀਫ਼ ਇੰਜਨੀਅਰ ਸੀਬੀ ਓਝਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੌਨਸੂਨ ਦੀ ਆਮਦ ਤੋਂ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਝੀਲ ਵਿੱਚ ਪਾਣੀ ਘੱਟ ਹੈ, ਜਿਸ ਕਰ ਕੇ ਸਫ਼ਾਈ ਪ੍ਰਬੰਧ ਆਸਾਨੀ ਨਾਲ ਕੀਤੇ ਜਾ ਰਹੇ ਹਨ। ਮੌਨਸੂਨ ਵਿੱਚ ਪਾਣੀ ਦਾ ਪੱਧਰ ਵਧਣ ਕਰ ਕੇ ਸਫ਼ਾਈ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ।

ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਘਟਿਆ
ਇਸ ਵਾਰ ਗਰਮੀ ਜ਼ਿਆਦਾ ਪੈਣ ਕਰ ਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਆਮ ਦਿਨਾਂ ਨਾਲੋਂ ਘਟਿਆ ਹੋਇਆ ਹੈ। ਇਸ ਦੌਰਾਨ ਰੈਗੂਲੇਟਰੀ ਐਂਡ ਤਾਂ ਬਿਲਕੁੱਲ ਹੀ ਸੁੱਕ ਗਿਆ ਹੈ। ਜੇ ਇਸੇ ਤਰ੍ਹਾਂ ਦੀ ਗਰਮੀ ਪੈਂਦੀ ਹੈ ਤਾਂ ਸੁਖਨਾ ਝੀਲ ਵਿੱਚ ਪਾਣੀ ਹੋਰ ਘਟ ਸਕਦਾ ਹੈ।

Advertisement
Author Image

Advertisement
Advertisement
×