ਪ੍ਰਸ਼ਾਸਨ ਨੇ ਮਨੀਮਾਜਰਾ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ
ਮੁਕੇਸ਼ ਕੁਮਾਰ
ਚੰਡੀਗੜ੍ਹ, 8 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਦੀ ਕਬਜ਼ੇ ਹਟਾਓ ਟੀਮ ਨੇ ਨਗਰ ਨਿਗਮ ਦੇ ਰੋਡ ਵਿੰਗ ਨਾਲ ਅੱਜ ਕੀਤੀ ਸਾਂਝੀ ਕਾਰਵਾਈ ਦੌਰਾਨ ਇੱਥੇ ਮਨੀਮਾਜਰਾ ਪੁਲੀਸ ਥਾਣੇ ਨੇੜੇ ਗ਼ੈਰਕਾਨੂੰਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਨਾਜਾਇਜ਼ ਉਸਾਰੀਆਂ ਢਾਹੀਆਂ। ਭਾਰੀ ਸੁਰੱਖਿਆ ਹੇਠ ਕੀਤੀ ਇਸ ਕਾਰਵਾਈ ਦੌਰਾਨ ਇੱਥੇ ਲਗਪਗ 13 ਕਨਾਲ 7 ਮਰਲੇ ਰਕਬੇ ਵਿੱਚ ਗ਼ੈਰਕਾਨੂੰਨੀ ਤੌਰ ਕੀਤੀਆਂ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਇਹ ਮੁਹਿੰਮ ਮੰਗਲਵਾਰ ਸਵੇਰੇ 10 ਵਜੇ ਤੋਂ ਸ਼ੁਰੂ ਕੀਤੀ ਗਈ ਸੀ। ਜਿਵੇਂ ਹੀ ਪ੍ਰਸ਼ਾਸਨ ਦੀ ਟੀਮ ਭਾਰੀ ਸੁਰੱਖਿਆ ਹੇਠ ਇੱਥੇ ਪੁੱਜੀ ਲੋਕਾਂ ਨੂੰ ਭਾਜੜਾਂ ਪੈ ਗਈਆਂ। ਹਾਲਾਂਕਿ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਪੁਲੀਸ ਸੁਰੱਖਿਆ ਹੇਠ ਪ੍ਰਸ਼ਾਸਨ ਦੀ ਕਾਰਵਾਈ ਜਾਰੀ ਰਹੀ ਅਤੇ ਨਾਜਾਇਜ ਕਬਜ਼ੇ ਢਹਿ-ਢੇਰੀ ਕਰ ਦਿੱਤੇ ਗਏ।
ਇਹ ਕਾਰਵਾਈ ਤਹਿਸੀਲਦਾਰ ਅਵਤਾਰ ਸਿੰਘ ਅਤੇ ਨਾਇਬ ਤਹਿਸੀਲਦਾਰ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਚੱਲੀ। ਇਸ ਮੁਹਿੰਮ ਵਿੱਚ ਅਸਟੇਟ ਵਿਭਾਗ ਅਤੇ ਨਗਰ ਨਿਗਮ ਦੀ ਰੋਡ ਵਿੰਗ ਦੀ ਟੀਮ ਸਣੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਵੀ ਮੌਕੇ ’ਤੇ ਮੌਜੂਦ ਸੀ।
ਦੂਜੇ ਪਾਸੇ, ਪ੍ਰਸਾਸ਼ਨ ਦੀ ਇਸ ਕਾਰਵਾਈ ਬਾਰੇ ਗੁਰਦਿਆਲ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਜੱਦੀ ਜ਼ਮੀਨ ਹੈ। ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਇੱਥੇ ਮਕਾਨ ਬਣਾ ਕੇ ਰਹਿ ਰਹੀਆਂ ਸਨ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਉਨ੍ਹਾਂ ਨੂੰ ਆਪਣਾ ਸਾਮਾਨ ਇਕੱਠਾ ਕਰਨ ਦਾ ਮੌਕਾ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬੀਤੇ ਦਿਨ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਸਨ ਅਤੇ 7 ਦਿਨਾਂ ਦਾ ਸਮਾਂ ਵੀ ਮੰਗਿਆ ਸੀ। ਇਸ ਬਾਰੇ ਉਨ੍ਹਾਂ ਨੇ ਬਕਾਇਦਾ ਹਲਫ਼ਨਾਮੇ ਦੇ ਰੂਪ ਵਿੱਚ ਲਿਖਤ ਵਿੱਚ ਦਿੱਤਾ ਸੀ ਕਿ ਉਨ੍ਹਾਂ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਉਹ ਘਰਾਂ ਅਤੇ ਦੁਕਾਨਾਂ ਵਿੱਚੋਂ ਆਪਣਾ ਸਾਮਾਨ ਹਟਾ ਸਕਣ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਅਪੀਲ ਨੂੰ ਨਾ ਮੰਨ ਕੇ ਮੰਗਲਵਾਰ ਸਵੇਰੇ ਉਨ੍ਹਾਂ ਦੀ ਜ਼ਮੀਨ ’ਤੇ ਬਣੀਆਂ ਦੁਕਾਨਾਂ, ਮਕਾਨਾਂ ਅਤੇ ਗੁਦਾਮਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਪ੍ਰਸ਼ਾਸਨ ਦੀਆਂ ਟੀਮਾਂ ਨੇ ਚਾਰੇ ਪਾਸੇ ਤੋਂ ਜੇਸੀਬੀ ਮਸ਼ੀਨਾਂ ਦੀ ਸਹਾਇਤਾ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਭੱਜ ਦੌੜ ਕਰ ਕੇ ਆਪਣਾ ਸਾਮਾਨ ਚੁੱਕਿਆ।