ਪ੍ਰਸ਼ਾਸਨ ਨੇ ਕੈਂਬਵਾਲਾ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 24 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਿੰਡ ਕੈਂਬਵਾਲਾ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਇੱਕ ਦਿਨ ਦੀ ਦਿੱਤੀ ਗਈ ਮੋਹਲਤ ਤੋਂ ਬਾਅਦ ਅੱਜ ਇੱਥੇ ਹੋਈਆਂ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਮਿਲਖ ਦਖ਼ਤਰ ਦੀ ਟੀਮ ਬੀਤੇ ਦਿਨ ਇੱਥੇ ਕਾਰਵਾਈ ਕਰਨ ਲਈ ਪੁੱਜੀ ਸੀ ਪਰ ਤਿੱਖੇ ਵਿਰੋਧ ਅਤੇ ਦੁਕਾਨਾਂ ਵਿੱਚ ਭਾਰੀ ਮਾਤਰਾ ਵਿੱਚ ਸਾਮਾਨ ਪਿਆ ਹੋਣ ਕਾਰਨ ਐਸਟੇਟ ਆਫ਼ਿਸ (ਮਿਲਖ ਦਫ਼ਤਰ) ਦੇ ਅਧਿਕਾਰੀਆਂ ਨੇ ਦੁਕਾਨਾਂ ਨੂੰ ਖਾਲੀ ਕਰਨ ਲਈ ਇੱਕ ਦਿਨ ਦੀ ਮੋਹਲਤ ਦੇ ਦਿੱਤੀ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਇਹ ਮੋਹਲਤ ਖਤਮ ਹੋਣ ਤੋਂ ਬਾਅਦ ਐਸਟੇਟ ਦਫਤਰ ਦੇ ਕਬਜ਼ੇ ਹਟਾਉਣ ਵਾਲੇ ਦਸਤੇ ਨੇ ਜੇਸੀਬੀ ਦੀ ਮਦਦ ਨਾਲ ਇੱਥੇ ਬਣੀਆਂ ਤਿੰਨ ਗੈਰਕਾਨੂੰਨੀ ਦੁਕਾਨਾਂ ਢਾਹ ਦਿੱਤੀਆਂ। ਅੱਜ ਸਵੇਰੇ ਜਿਵੇਂ ਹੀ ਮਿਲਖ ਦਫ਼ਤਰ ਦੀ ਟੀਮ ਤਹਿਸੀਲਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੂਰੇ ਅਮਲੇ ਨਾਲ ਇੱਥੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁੱਜੀ ਤਾਂ ਪਿੰਡ ਵਾਸੀ ਅਤੇ ਹੋਰ ਲੋਕ ਵਿਰੋਧ ਵਿੱਚ ਇਕੱਠੇ ਹੋ ਗਏ ਅਤੇ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਿਲਖ ਦਖ਼ਤਰ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਵਿਰੋਧ ਦੇ ਬਾਵਜੂਦ ਟੀਮ ਨੇ ਕਾਰਵਾਈ ਜਾਰੀ ਰੱਖੀ ਅਤੇ ਜੇਸੀਬੀ ਦੀ ਮਦਦ ਨਾਲ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ।