ਗੰਧਲੇ ਪਾਣੀ ਦਾ ਮਾਮਲਾ ਸੁਰਖ਼ੀਆਂ ’ਚ ਆਉਣ ਮਗਰੋਂ ਹਰਕਤ ਵਿਚ ਆਇਆ ਪ੍ਰਸ਼ਾਸਨ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 12 ਜੁਲਾਈ
ਸ਼ਹਿਰ ਦੇ ਵਾਰਡ ਨੰਬਰ 16 ਅਤੇ 18 ਵਿੱਚ ਟੂਟੀਆਂ ਵਿੱਚ ਆਉਂਦੇ ਦੂਸ਼ਿਤ ਪਾਣੀ ਤੋਂ ਦੁਖੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣ ਮਗਰੋਂ ਪ੍ਰਸ਼ਾਸਨ ਨੇ ਇਸ ਸਮੱਸਿਆ ਦੇ ਹੱਲ ਲਈ ਮੁਸਤੈਦੀ ਵਿਖਾਈ ਹੈ। ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਅੱਜ ਉਪ ਮੰਡਲ ਮੈਜਿਸਟਰੇਟ ਸੁਨਾਮ ਪ੍ਰਮੋਦ ਸਿੰਗਲਾ ਵੱਲੋਂ ਸੁਨਾਮ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਲਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਦੌਰਾਨ ਸ਼ਹਿਰ ਦੇ ਵਾਰਡ ਨੰ. 16 ਅਤੇ 18 ਵਿੱਚ ਪੀਣ ਲਈ ਸਪਲਾਈ ਹੋ ਰਹੇ ਪਾਣੀ ਵਿੱਚ ਗੰਦੇ ਪਾਣੀ ਦੇ ਰਲੇਵੇਂ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਉਸ ਥਾਂ ਦੀ ਜਲਦੀ ਤੋਂ ਜਲਦੀ ਪਛਾਣ ਕਰਕੇ ਇਸ ਦਾ ਪੱਕਾ ਹੱਲ ਕਰਨ ਦੇ ਹੁਕਮ ਦਿੱਤੇ। ਸ੍ਰੀ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਇਸਦੀ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਮੌਕੇ ਦਾ ਨਿਰੀਖਣ ਕਰਨ ਦਾ ਫ਼ੈਸਲਾ ਲਿਆ ਤਾਂ ਜੋ ਖਾਮੀ ਪਾਏ ਜਾਣ ’ਤੇ ਤੁਰੰਤ ਇਸ ਦਾ ਢੁਕਵਾਂ ਹੱਲ ਨਿਕਲ ਸਕੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਈਓ ਸੁਨਾਮ ਨੂੰ ਸਾਰੇ ਏਰੀਏ ਵਿੱਚ ਲਗਾਤਾਰ ਫੌਗਿੰਗ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਲੋਕਾਂ ਨੂੰ ਘਰੇਲੂ ਕੂੜੇ ਦੇ ਸਹੀ ਪ੍ਰਬੰਧਨ ਵਿਚ ਸਫਾਈ ਕਰਮੀਆਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ ਤੇ ਸਟਾਫ ਹਾਜ਼ਰ ਸੀ।