ਪ੍ਰਸ਼ਾਸਨ ਨੇ ਔਰਤ ਆਟੋ ਚਾਲਕਾਂ ਲਈ ਪਿੰਕ ਈ-ਆਟੋ ਸਕੀਮ ਐਲਾਨੀ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 10 ਅਗਸਤ
ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਲੋਂ ਸ਼ਹਿਰ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਈ-ਆਟੋ ਚਲਾਉਣ ਦੀ ਸਕੀਮ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਹੁਣ ਸ਼ਹਿਰ ਵਿਚ ਔਰਤਾਂ ਨੂੰ ਵੀ ਪਿੰਕ ਈ-ਆਟੋ ਦੇਣ ਦੀ ਯੋਜਨਾ ਹੈ।
ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਸੀਈਓ ਅਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ, ਜਿਨ੍ਹਾਂ ਦਾ ਅੱਜ ਤਬਾਦਲਾ ਕਰ ਦਿੱਤਾ ਗਿਆ ਹੈ, ਨੇ ਦੱਸਿਆ ਕਿ ਰਾਹੀ ਸਕੀਮ ਅਧੀਨ ਅੰਮ੍ਰਿਤਸਰ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਡੀਜ਼ਲ ਆਟੋ ਚਾਲਕਾਂ ਦੀ ਕਮਾਈ ’ਚ ਹੋਰ ਵਾਧਾ ਕਰਨ ਲਈ 1.40 ਲੱਖ ਰੁਪਏ ਦੀ ਸਬਸਿਡੀ ਨਾਲ ਈ-ਆਟੋ ਮੁਹੱਈਆ ਕਰਨ ਦੀ ਸਕੀਮ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਰਾਹੀ ਸਕੀਮ ਅਧੀਨ ਹੀ ਔਰਤ ਆਟੋ ਚਾਲਕਾਂ ਨੂੰ ਵਿਤੀ ਤੌਰ ’ਤੇ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਆਟੋ ਚਲਾਉਣ ਲਈ ਇੱਛੁਕ ਔਰਤਾਂ ਲਈ 90% ਸਬਸਿਡੀ ਨਾਲ ਪਿੰਕ ਈ-ਆਟੋ ਮੁਹੱਈਆ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਪਿੰਕ ਈ-ਆਟੋ ਔਰਤ ਆਟੋ ਚਾਲਕਾਂ ਨੂੰ 90% ਸਬਸਿਡੀ ਨਾਲ ਦਿੱਤੇ ਜਾਣਗੇ ਜਿਸ ਵਿਚ ਪੁਰਾਣਾ ਡੀਜ਼ਲ ਆਟੋ ਸਕਰੈਪ ਕਰਨ ਦੀ ਸ਼ਰਤ ਨਹੀਂ ਹਵੇਗੀ। ਉਨ੍ਹਾਂ ਦਸਿਆ ਕਿ ਲਾਭਪਾਤਰੀ ਨੂੰ ਪਿੰਕ ਈ-ਆਟੋ ਦੀ ਕੁੱਲ ਕੀਮਤ ਦਾ 10% ਹਿੱਸਾ ਦੇਣਾ ਹੋਵੇਗਾ। ਇਸ ਯੋਜਨਾ ਨਾਲ ਸਮਾਜ ਦੀ ਤੱਰਕੀ ਲਈ ਔਰਤਾਂ ਵਾਸਤੇ ਰੁਜੰਗਾਰ ਦੇ ਹੋਰ ਵਸੀਲੇ ਪੈਦਾ ਹੋ ਸਕਣਗੇ।
ਉਨ੍ਹਾਂ ਨੇ ਔਰਤ ਆਟੋ ਚਾਲਕਾਂ ਅਤੇ ਆਟੋ ਚਲਾਉਣ ਲਈ ਇਛੁਕ ਔਰਤਾਂ ਨੂੰ ਅਪੀਲ ਕੀਤੀ ਕਿ ਰਾਹੀ ਸਕੀਮ ਅਧੀਨ ਪਿੰਕ ਈ-ਆਟੋ ਲਈ ਰਜਿਸਟ੍ਰੇਸ਼ਨ ਲਈ ਲਗਾਏ ਜਾਣ ਵਾਲੇ ਕੈਪ ਦਾ ਲਾਭ ਲਿਆ ਜਾਵੇ ਅਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੈਪ ਦੀ ਤਾਰੀਖ ਅਤੇ ਥਾਂ ਬਾਰੇ ਜਲਦ ਹੀ ਘੋਸ਼ਣਾ ਕੀਤੀ ਜਾਵੇਗੀ।