ਪ੍ਰਸ਼ਾਸਨ ਨੇ ਪ੍ਰਾਪਰਟੀ ਡੀਲਰਾਂ ਦੀਆਂ ਮੰਗਾਂ ਮੰਨੀਆਂ
ਸਰਕਾਰ ਖ਼ਿਲਾਫ਼ ਰੋਹ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ
ਕੁਲੈਕਟਰ ਰੇਟ ਘੱਟ ਕਰਨ ਦੀ ਮੰਗ ਨੂੰ ਲੈ ਕੇ ਪ੍ਰਾਪਰਟੀ ਡੀਲਰਾਂ ਵੱਲੋਂ ਸ਼ੁਰੂ ਕੀਤੇ ਧਰਨੇ ਦੇ 17ਵੇਂ ਦਿਨ ਵਿਧਾਇਕ ਕਾਕਾ ਬਰਾੜ ਨੇ ਧਰਨੇ ’ਚ ਪਹੁੰਚ ਕੇ ਮੰਗਾਂ ਸਵੀਕਾਰ ਕਰਨ ਅਤੇ ਕੁਲੈਕਟਰ ਰੇਟ ਪਹਿਲਾਂ ਵਾਲੇ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਸੰਘਰਸ਼ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਕਾਕਾ ਬਰਾੜ ਨੇ ਪ੍ਰਾਪਰਟੀ ਡੀਲਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਇਸ ਮੰਗ ਨੂੰ ਜਲਦ ਹੀ ਪ੍ਰਵਾਨ ਕਰ ਲਿਆ ਜਾਵੇਗਾ ਅਤੇ ਪਹਿਲਾਂ ਦੇ ਰੇਟ ’ਤੇ ਹੀ ਰਜਿਸਟਰੀਆਂ ਕੀਤੀਆਂ ਜਾਣਗੀਆਂ। ਪ੍ਰਾਪਰਟੀ ਡੀਲਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਚੁੱਘ ਅਤੇ ਵਾਈਸ ਪ੍ਰਧਾਨ ਕਰਮਜੀਤ ਸਿੰਘ ਕਰਮਾ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਪ੍ਰਸ਼ਾਸਨ ਅਤੇ ਪ੍ਰਾਪਰਟੀ ਡੀਲਰਾਂ ਵਿਚਕਾਰ ਕੜੀ ਬਣ ਕੇ ਇਸ ਮਸਲੇ ਨੂੰ ਸੁਲਝਾਇਆ ਹੈ। ਅੱਜ ਦੇ ਇਸ ਸਮਾਪਤੀ ਧਰਨੇ ਦੌਰਾਨ ਭਾਜਪਾ ਦੇ ਰਾਜੇਸ਼ ਗੋਰਾ ਪਠੇਲਾ, ਪੁਸ਼ਪਿੰਦਰ ਭੰਡਾਰੀ, ਭਾਈ ਹਰਨਿਰਪਾਲ ਸਿੰਘ ਕੁੱਕੂ, ਜਗਜੀਤ ਸਿੰਘ ਹਨੀ ਫੱਤਣਵਾਲਾ, ਮਨਜੀਤ ਬੱਤਰਾ, ਹਰੀਸ਼ ਕੁਮਾਰ, ਜੱਗਾ ਐਮਸੀ, ਮੇਲੂ ਭਠੇਜਾ, ਨਰਿੰਦਰ ਬਾਂਸਲ, ਬੰਟੀ, ਮਹਿੰਦਰ ਧਵਨ, ਟਿੰਕੂ, ਕਾਲਾ ਸੋਨੀ, ਕਸ਼ਮੀਰ ਸਿੰਘ, ਹਰੀਸ਼ ਭਾਟੀਆ, ਗੁਰਦਾਰ ਗਿਰਧਰ, ਵਿੱਕੀ ਬਾਂਸਲ, ਰਿੰਕੂ ਗੁਪਤਾ, ਵਰਿੰਦਰ ਬਿੰਨੀ, ਗੁਰਮਿੰਦਰ ਸੰਧੂ,ਰਿੰਪਲ ਕੱਪੜੇ ਵਾਲੇ, ਕਸ਼ਮੀਰ ਸਿੰਘ ਕੱਪੜੇ ਵਾਲੇ, ਅਸ਼ੋਕ ਅਰੋੜਾ, ਨਿਰੰਜਣ ਰੱਖਰਾ, ਵਰਿੰਦਰ ਗਲੋਰੀ, ਵਰਿੰਦਰ ਕਟਾਰੀਆ, ਭੋਲਾ ਯਮਲਾ, ਟਿੱਲੂ ਭੱਠੇ ਵਾਲਾ ਆਦਿ ਹਾਜ਼ਰ ਸਨ। ਮੁਕਤਸਰ ਵਿਚ ਧਰਨੇ ਦੀ ਸਮਾਪਤੀ ਤੋਂ ਬਾਅਦ ਸਮੂਹ ਪ੍ਰਾਪਰਟੀ ਡੀਲਰਾਂ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਮੱਥਾ ਟੇਕਿਆ ਗਿਆ।
ਸੀਪੀਐੱਫ ਕਾਮਿਆਂ ਵੱਲੋਂ ਗਿੱਦੜਬਾਹਾ ਵਿੱਚ ਸਰਕਾਰ ਦੇ ਘਿਰਾਓ ਦਾ ਐਲਾਨ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸੀਪੀਐੱਫ ਕਰਮਚਾਰੀਆਂ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਗਿੱਦੜਬਾਹਾ ਜ਼ਿਮਨੀ ਵਿੱਚ ਘੇਰਨ ਅਤੇ ਆਪਣੀਆਂ ਮੰਗਾਂ ਮੰਨਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਦੀਪਕ ਕੁਮਾਰ ਸੋਨੀ, ਕਪੂਰਥਲਾ ਦੇ ਪ੍ਰਧਾਨ ਸੰਗਤ ਰਾਮ, ਫਰੀਦਕੋਟ ਦੇ ਪ੍ਰਧਾਨ ਕਰਨ ਜੈਨ, ਮਾਨਸਾ ਦੇ ਪ੍ਰਧਾਨ ਧਰਮਿੰਦਰ ਸਿੰਘ, ਫਿਰੋਜ਼ਪੁਰ ਦੇ ਪ੍ਰਧਾਨ ਜਗਸੀਰ ਸਿੰਘ ਭਾਂਗਰ ਤੇ ਕਿਰਨਾ ਰਾਣੀ ਦੀ ਅਗਵਾਈ ਹੇਠ ਇਥੇ ਹੋਈ ਇਕ ਬੈਠਕ ਦੌਰਾਨ ਕੀਤਾ ਗਿਆ। ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਥੇਬੰਦੀ ਨੂੰ ਬੈਠਕ ਦਾ ਸਮਾਂ ਦੇ ਕੇ ਬੈਠਕ ਮੁਲਤਵੀ ਕਰ ਦਿੱਤੀ ਗਈ ਜਿਸ ਕਰਕੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਹੁਣ ਗਿੱਦੜਬਾਹਾ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਦੀਪਕ ਕੁਮਾਰ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਵਾਰ ਵਾਰ ਮੀਟਿੰਗਾਂ ਤੋਂ ਟਾਲਾ ਵੱਟਣਾ ਸਰਕਾਰ ਦੀ ਮਨਸ਼ਾ ਨੂੰ ਜ਼ਾਹਿਰ ਕਰਦਾ ਹੈ ਪ੍ਰੰਤੂ ਸੀਪੀਐੱਫ ਕਾਮੇ ਵੀ ਆਪਣੇ ਸੰਘਰਸ਼ ਨੂੰ ਲੈ ਕੇ ਦ੍ਰਿੜ ਹਨ।