ਅਦਾਕਾਰਾ ਨੇ ਫਿਲਮ ਸੈੱਟਾਂ ’ਤੇ ਵੈਨਿਟੀ ਵੈਨ ਵਿਚ ਲੁਕਵੇਂ ਕੈਮਰੇ ਲਾਏ ਜਾਣ ਦਾ ਕੀਤਾ ਵੱਡਾ ਖ਼ੁਲਾਸਾ
ਚੇਨਈ, 31 ਅਗਸਤ
ਮਲਿਆਲਮ ਫ਼ਿਲਮ ਇੰਡਸਟਰੀ ਲਈ ਇੱਕ ਹੋਰ ਮੁਸੀਬਤ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਅਤੇ ਭਾਜਪਾ ਆਗੂ ਰਾਧਿਕਾ ਸਰਤਕੁਮਾਰ ਨੇ ਦੋਸ਼ ਲਾਇਆ ਹੈ ਕਿ ਫ਼ਿਲਮਾਂ ਦੇ ਸੈੱਟਾਂ ’ਤੇ ਮਹਿਲਾ ਅਦਾਕਾਰਾਂ ਦੇ ਕੱਪੜੇ ਬਦਲਣ ਵਾਲੀ ਥਾਂ ’ਤੇ ਵੈਨਿਟੀ ਵੈਨ ਵਿੱਚ ਲੁਕਵੇਂ ਕੈਮਰੇ ਲਾਏ ਜਾਂਦੇ ਰਹੇ ਹਨ। ਅਦਾਕਾਰਾ ਨੇ ਇਕ ਨਿੱਜੀ ਟੈਲੀਵਿਜ਼ਨ ਚੈਨਲ ਨਾਲ ਗੱਲ ਕਰਦੇ ਹੋਏ ਖੁਲਾਸਾ ਕੀਤਾ ਕਿ ਇਕ ਵਾਰ ਕੰਮ ਦੌਰਾਨ ਜਦੋਂ ਉਸਨੇ ਦੇਖਿਆ ਕਿ ਉਨ੍ਹਾਂ ਦੀ ਕਾਰਾਵੈਨ ਵਿੱਚ ਲੁਕਵੇਂ ਕੈਮਰੇ ਲਗਾਏ ਗਏ ਸਨ ਜਿਨ੍ਹਾਂ ਵਿੱਚ ਮਹਿਲਾ ਅਦਾਕਾਰਾਂ ਕੱਪੜੇ ਬਦਲਦੀਆਂ ਹਨ । ਰਾਧਿਕਾ ਨੇ ਕਿਹਾ ਕਿ ‘ਮੈਨੂੰ ਮਲਿਆਲਮ ਫ਼ਿਲਮ ਇੰਡਸਟਰੀ 'ਚ ਕੰਮ ਕਰਨ ਵਾਲੀਆਂ ਵੱਖ-ਵੱਖ ਮਹਿਲਾ ਸ਼ਖਸੀਅਤਾਂ ਨੇ ਦੱਸਿਆ ਹੈ ਕਿ ਕਿਵੇਂ ਲੋਕ ਆ ਕੇ ਉਨ੍ਹਾਂ ਦੇ ਹੋਟਲ ਦੇ ਕਮਰਿਆਂ ’ਤੇ ਦਸਤਕ ਦਿੰਦੇ ਹਨ ਅਤੇ ਕਈਆਂ ਨੇ ਮੇਰੀ ਮਦਦ ਵੀ ਮੰਗੀ ਹੈ।’
ਦੋਸ਼ਾਂ ਅਨੁਸਾਰ ਰਿਕਾਰਡ ਕੀਤੀਆਂ ਵੀਡੀਓਜ਼ ਤਰੀਕਾਬੱਧ ਫੋਲਡਰ ਵਿਚ ਰੱਖੀਆਂ ਜਾਂਦੀਆਂ ਹਨ
2024 ਦੀਆਂ ਆਮ ਚੋਣਾਂ ਵਿੱਚ ਵਿਰੁਧਨਗਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਚੁੱਕੀ ਰਾਧਿਕਾ ਨੇ ਕਿਹਾ ਕਿ ਅਦਾਕਾਰਾਂ ਦੇ ਅਜਿਹੇ ਦ੍ਰਿਸ਼ ਉਨ੍ਹਾਂ ਵਿਅਕਤੀਆਂ ਦੇ ਮੋਬਾਈਲ ਫੋਨਾਂ ਵਿੱਚ ਵੱਖਰੇ ਫੋਲਡਰਾਂ ਵਿੱਚ ਸੁਰੱਖਿਅਤ ਕੀਤੇ ਗਏ ਸਨ ਜਿਨ੍ਹਾਂ ਵੱਲੋਂ ਇਹ ਗੁਪਤ ਕੈਮਰੇ ਲਗਾਏ ਸਨ। ਰਿਕਾਰਡ ਵੀਡੀਓਜ਼ ਸਬੰਧਤ ਅਦਾਕਾਰਾ ਦੇ ਨਾਮ ਦੁਆਰਾ ਬਣਾਏ ਫੋਲਡਰਾਂ ਵਿੱਚ ਸੁਰੱਖਿਅਤ ਕੀਤੇ ਗਏ ਸਨ ਅਤੇ ਬਾਅਦ ਵਿੱਚ ਸ਼ੂਟਿੰਗ ਸੈੱਟਾਂ 'ਤੇ ਪੁਰਸ਼ਾਂ ਦੁਆਰਾ ਦੇਖੇ ਗਏ ਸਨ।
ਇੰਡਸਟਰੀ ਦੇ ਕਈ ਨਿਰਦੇਸ਼ਕ ਅਤੇ ਮਸ਼ਹੂਰ ਅਦਾਕਾਰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਕਰ ਰਹੇ ਹਨ ਸਾਹਮਣਾ
ਮਲਿਆਲਮ ਫ਼ਿਲਮ ਸਨਅਤ ਕੁਝ ਮਸ਼ਹੂਰ ਅਦਾਕਾਰਾਂ ਅਤੇ ਨਿਰਦੇਸ਼ਕਾਂ ਦੁਆਰਾ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਕਰਨ ਦੇ ਮਹਿਲਾ ਅਦਾਕਾਰਾਵਾਂ ਦੁਆਰਾ ਕੀਤੇ ਗਏ ਖੁਲਾਸੇ ਤੋਂ ਬਾਅਦ ਕਟਹਿਰੇ ਵਿੱਚ ਹੈ। ਕੇਰਲ ਸਰਕਾਰ ਵੱਲੋਂ ਗਠਿਤ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਈ ਮਹਿਲਾ ਅਦਾਕਾਰਾਂ ਨੇ ਇਸ ਸਬੰਧੀ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਇਨ੍ਹਾਂ ਮਾਮਲਿਆਂ ਸਬੰਧੀ ਸੀਪੀਆਈ(ਐਮ) ਦੇ ਵਿਧਾਇਕ ਅਤੇ ਪ੍ਰਸਿੱਧ ਮਲਿਆਲਮ ਅਭਿਨੇਤਾ ਮੁਕੇਸ਼, ਕੋਲਮ, ਸਿੱਦੀਕੀ, ਜੈਸੂਰੀਆ, ਸੁਧੀਸ਼, ਐਡਵੇਲਾ ਬਾਬੂ ਅਤੇ ਮਨਿਆਨਪਿਲਾ ਰਾਜੂ ਦੇ ਖ਼ਿਲਾਫ਼ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਮਲਿਆਲਮ ਨਿਰਦੇਸ਼ਕ ਰਣਜੀਤ ਅਤੇ ਵੀਕੇ ਪ੍ਰਕਾਸ਼ ਦੇ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ।
ਅਜਿਹੀਆਂ ਘਟਨਾਵਾਂ ਦਾ ਸਹਮਣਾ ਕਰ ਚੁੱਕੀਆਂ ਹੋਰ ਆਦਾਕਾਰਾਵਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਗਈ ਹੈ
ਇਸ ਦੌਰਾਨ, ਤਾਮਿਲ ਸੁਪਰਸਟਾਰ ਅਤੇ ਸਾਊਥ ਇੰਡੀਅਨ ਆਰਟਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਸ਼ਾਲ ਨੇ ਮਹਿਲਾ ਕਲਾਕਾਰਾਂ ਨੂੰ ਤਾਮਿਲ ਫਿਲਮ ਉਦਯੋਗ ਵਿੱਚ ਕੋਈ ਬੁਰਾ ਅਨੁਭਵ ਹੋਣ ’ਤੇ ਸਾਹਮਣੇ ਆਉਣ ਲਈ ਕਿਹਾ ਹੈ। ਤਾਮਿਲ ਅਦਾਕਾਰਾ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਕੁੱਟੀ ਪਦਮਿਨੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਤਮਿਲ ਫ਼ਿਲਮ ਇੰਡਸਟਰੀ ਵਿੱਚ ਸਿਰਫ਼ 10 ਸਾਲ ਦੀ ਸੀ ਤਾਂ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਜਦ ਉਸ ਦੀ ਮਾਂ ਨੇ ਇਸ ਬਾਰੇ ਸਵਾਲ ਕੀਤਾ ਸੀ ਤਾਂ ਉਨ੍ਹਾਂ ਨੂੰ ਫਿਲਮ ਸੈੱਟ ਤੋਂ ਬਾਹਰ ਕੱਢ ਦਿੱਤਾ ਗਿਆ ਸੀ। -ਆਈਏਐੱਨਐੱਸ