ਕਲਾਕਾਰਾਂ ਵੱਲੋਂ ‘ਏਕ ਬਾਬੂ ਕੀ ਮੌਤ’ ਤੇ ‘ਰਿਸ਼ਤੋਂ ਕੇ ਭੰਵਰ ਮੇਂ’ ਨਾਟਕਾਂ ਦਾ ਮੰਚਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਨਵੰਬਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅੱਜ ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਨੇੜੇ ਭਾਸ਼ਾ ਭਵਨ, ਸ਼ੇਰਾਂਵਾਲਾ ਗੇਟ, ਪਟਿਆਲਾ ਵਿਖੇ ਸਵ: ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ 14ਵੇਂ ਦਿਨ ਰੰਗ ਪ੍ਰਿਆ ਥੀਏਟਰ ਸੁਸਾਇਟੀ ਸੋਲਨ ਵੱਲੋਂ ਰਾਜੇਸ਼ ਕੁਮਾਰ ਦਾ ਲਿਖਿਆ ਅਤੇ ਹਿਤੇਸ਼ ਭਾਰਗਵ ਦੀ ਨਿਰਦੇਸ਼ਨਾ ਹੇਠ ਨਾਟਕ ‘ਏਕ ਬਾਬੂ ਕੀ ਮੌਤ’ ਪੇਸ਼ ਕੀਤਾ ਗਿਆ। ਦੂਜੇ ਨਾਟਕ ਦੇ ਰੂਪ ਵਿਚ ਰੰਗ ਸੰਸਕਾਰ ਥੀਏਟਰ ਗਰੁੱਪ, ਕੋਲਕਾਤਾ ਵੱਲੋਂ ਪ੍ਰਿਯਮ ਜਾਨੀ ਦਾ ਲਿਖਿਆ ਅਤੇ ਡਾ. ਦੇਸ ਰਾਜ ਮੀਨਾ ਦੇ ਨਿਰਦੇਸ਼ਨ ਹੇਠ ‘ਰਿਸ਼ਤੋਂ ਕੇ ਭੰਵਰ ਮੇਂ’ ਨਾਟਕ ਪੇਸ਼ ਕੀਤਾ। ਇਸ ਵਿੱਚ ਸਾਰੇ ਕਲਾਕਾਰਾਂ ਨੇ ਬਾਖ਼ੂਬੀ ਨਾਲ ਆਪਣੇ ਜੌਹਰ ਦਿਖਾਏ।
ਪਹਿਲੇ ਨਾਟਕ ‘ਏਕ ਬਾਬੂ ਕੀ ਮੌਤ’ ਲੇਖਕ ‘ਐਨਤੋਨ ਚੋਖਵ’ ਦੀ ਮਸ਼ਹੂਰ ਕਹਾਣੀ ‘ਡੈਥ ਆਫ ਏ ਕਲਰਕ’ ਤੇ ਆਧਾਰਿਤ ਹੈ। ਇਕ ਪਾਤਰੀ ਇਸ ਨਾਟਕ ਵਿਚ ਸਰਕਾਰੀ ਕਲਰਕ ਬਾਬੂ ਲਾਲ ਦੀ ਕਹਾਣੀ ਹੈ ਜੋ ‘ਸ਼ੋਅਲੇ’ ਫ਼ਿਲਮ ਦਾ ਦੀਵਾਨਾ ਹੈ। ਥੀਏਟਰ ਵਿਚ ਫ਼ਿਲਮ ਦੇਖਦੇ ਹੋਏ ਉਸ ਨੂੰ ਬਹੁਤ ਜ਼ੋਰ ਦੀ ਇਕ ਛਿੱਕ ਆਉਂਦੀ ਹੈ ਜੋ ਉਸ ਦੀ ਜਾਨ ਦੀ ਮੁਸੀਬਤ ਬਣ ਜਾਂਦੀ ਹੈ। ਮੁਆਫ਼ੀ ਮੰਗਣ ਲਈ ਬਾਬੂ ਲਾਲ ਦੀ ਹਾਲਤ ਤਰਸਯੋਗ ਅਤੇ ਹਾਸੋਹੀਣੀ ਬਣ ਜਾਂਦੀ ਹੈ। ਇਸ ਤਰ੍ਹਾਂ ਇਸ ਦੀ ਕਹਾਣੀ ਸਰਕਾਰੀ ਤੰਤਰ ਉੱਤੇ ਇਕ ਕਰਾਰਾ ਵਿਅੰਗ ਹੈ। ਇਹ ਨਾਟਕ ਛੋਟੇ ਅਹੁਦੇ ਵਾਲੇ ਵਿਅਕਤੀ ਦੀ ਮਨੋਦਸ਼ਾ ਨੂੰ ਦਰਸਾਉਂਦਾ ਹੈ।
ਦੂਜਾ ਨਾਟਕ ‘ਰਿਸ਼ਤੋਂ ਕੇ ਭਵਰ ਮੇਂ’ ਦੀ ਕਹਾਣੀ ਦੋ ਔਰਤਾਂ ਦੀ ਕਹਾਣੀ ਹੈ ਜੋ ਇੱਕੋ ਵਿਅਕਤੀ ਨੂੰ ਪਿਆਰ ਕਰਦੀਆਂ ਹਨ। ਫ਼ੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੇ ਦੱਸਿਆ ਕਿ 14 ਦਿਨਾਂ ਦੌਰਾਨ ਇਸ ਨਾਟਕ ਸਮਾਰੋਹ ਵਿਚ ਹੁਣ ਤਕ 23 ਨਾਟਕ ਪੇਸ਼ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ 14 ਰਾਜਾਂ ਦੇ ਕਲਾਕਾਰਾਂ ਵੱਲੋਂ ਬਹੁਤ ਹੀ ਸ਼ਾਨਦਾਰ ਨਾਟਕਾਂ ਦੀਆਂ ਸਫਲ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਦਰਸ਼ਕਾਂ ਨੇ ਕਾਫ਼ੀ ਪ੍ਰਸ਼ੰਸਾ ਕੀਤੀ ਹੈ। ਇਸ ਮੌਕੇ ਪੈਨਲ ਵਿਚ ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ ਉਪ ਕੁਲਪਤੀ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ, ਨਵਦੀਪ ਢੀਂਗਰਾ ਪ੍ਰਧਾਨ ਪਟਿਆਲਾ ਮੀਡੀਆ ਕਲੱਬ ਅਤੇ ਡਾ. ਰਾਜਦੀਪ ਸਿੰਘ ਚੇਅਰਮੈਨ ਪਲੇਅਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਅਤੇ ਥੀਏਟਰ ਪ੍ਰਮੋਟਰ ਸ਼ਾਮਲ ਸਨ।