ਬੁੱਢੇ ਨਾਲੇ ਦੇ ਪ੍ਰਦੂਸ਼ਣ ਖ਼ਿਲਾਫ਼ ਸਰਗਰਮ ਹੋਈ ਐਕਸ਼ਨ ਕਮੇਟੀ
ਸਤਵਿੰਦਰ ਬਸਰਾ
ਲੁਧਿਆਣਾ, 10 ਨਵੰਬਰ
ਬੁੱਢੇ ਦਰਿਆ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਅੱਜ ਤੱਥ-ਖੋਜ ਮਿਸ਼ਨ ਤਹਿਤ ਬੁੱਢੇ ਦਰਿਆ ਦੀਆਂ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਸਿਰਫ ਜਾਗਰੂਕਤਾ ਮੁਹਿੰਮਾਂ ਨਾ-ਕਾਫੀ ਹਨ ਸਗੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਕਾਰਵਾਈ ਕਰਨ ਅਤੇ ਨੀਤੀਆਂ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਵਾਤਾਵਰਨ ਪ੍ਰੇਮੀ ਦਾਨ ਸਿੰਘ ਓਸ਼ਨ ਦੀ ਅਗਵਾਈ ਹੇਠ ਡਾ. ਬੀਐੱਸ ਔਲਖ, ਡਾ. ਵੀਪੀ ਮਿਸ਼ਰਾ, ਮਹਿੰਦਰ ਸਿੰਘ ਸੇਖੋਂ, ਐਡਵੋਕੇਟ ਯੋਗੇਸ਼ ਖੰਨਾ, ਐਡਵੋਕੇਟ ਆਰਐਸ ਅਰੋੜਾ, ਐਡਵੋਕੇਟ ਸ਼੍ਰੀਪਾਲ ਸ਼ਰਮਾ, ਅਨੀਤਾ ਸ਼ਰਮਾ, ਸ਼ਮਿੰਦਰ ਸਿੰਘ ਲੌਂਗੋਵਾਲ, ਗੋਪੀ ਅਤੇ ਕਰਨਲ ਸੀਐਮ ਲਖਨਪਾਲ ਤੇ ਹੋਰਨਾਂ ਦੀ ਟੀਮ ਵੱਲੋਂ ਕਿਹਾ ਕਿ ਬੁੱਢਾ ਦਰਿਆ ਪੁਨਰਜਨਮ ਪ੍ਰਾਜੈਕਟ ਦੀ ਸਫਲਤਾ ਲਈ ਸਾਰੇ ਹਿੱਸੇਦਾਰਾਂ-ਸਰਕਾਰੀ ਏਜੰਸੀਆਂ, ਗੈਰ ਸਰਕਾਰੀ ਸੰਗਠਨਾਂ, ਸਥਾਨਕ ਭਾਈਚਾਰਿਆਂ ਅਤੇ ਨਾਗਰਿਕਾਂ ਵਿਚਕਾਰ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਲਘਾਤਾਰ ਘਾਣ ਹੋ ਰਿਹਾ ਹੈ। ਇਸ ਨੂੰ ਰੋਕਣ ਲਈ ਜਿੱਥੇ ਸਖਤ ਕਾਰਵਾਈਆਂ ਦੀ ਲੋੜ ਹੈ ਉੱਥੇ ਸਖਤ ਵਾਤਾਵਰਨ ਕਾਨੂੰਨਾਂ ਨੂੰ ਲਾਗੂ ਕਰਨ ਦੀ ਲੋੜ ਹੈ। ਇਸ ਟੀਮ ਦਾ ਕਹਿਣਾ ਸੀ ਕਿ ਕੁੰਦਨਪੁਰੀ ਪੁਲ ਅਤੇ ਛੋਟੀ ਹੈਬੋਵਾਲ ਪੁਲ ਦੇ ਵਿਚਕਾਰ ਇੱਕ ਵਿੰਗੀ-ਟੇਢੀ ਸੜ੍ਹਕ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਕਾਰਨ ਮੌਜੂਦਾ ਕਬਜ਼ਿਆਂ ਨੂੰ ਹਟਾਉਣ ਦੀ ਬਜਾਏ ਬੁੱਢਾ ਦਰਿਆ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਜ਼ਬਰਦਸਤੀ ਮਾਨਤਾ ਦੇਣ ਵਾਲਾ ਕਬਜ਼ਾ ਹੋ ਰਿਹਾ ਹੈ। ਕਮੇਟੀ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਅਜਿਹੀਆਂ ਉਦਯੋਗਿਕ ਇਕਾਈਆਂ, ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿਹੜੀਆਂ ਜਲ ਸਰੋਤਾਂ ਨੂੰ ਲਗਾਤਾਰ ਪ੍ਰਦੂਸ਼ਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦਰਿਆ ਅਤੇ ਜਲ ਸਰੋਤ ਪੰਜਾਬ ਦੀ ਜਾਨ ਹਨ ਅਤੇ ਇਨ੍ਹਾਂ ਦਾ ਲਗਾਤਾਰ ਨਿਘਾਰ ਸੂਬੇ ਦੇ ਭਵਿੱਖ ਨਾਲ ਧੋਖਾ ਹੈ। ਉਨ੍ਹਾਂ ਨੇ ਬੁੱਢਾ ਦਰਿਆ ਨੂੰ ਬਚਾਉਣ ਲਈ ਲੋਕਾਂ ਨੂੰ ਕਮੇਟੀ ਦਾ ਸਮਰਥਨ ਦੇਣ ਅਤੇ ਭਵਿੱਖ ਦੀ ਰਾਖੀ ਲਈ ਹੁਣ ਤੋਂ ਹੀ ਹੰਭਲਾ ਮਾਰਨ ਦੀ ਅਪੀਲ ਕੀਤੀ।