ਮੈਡੀਕਲ ਲਈ ਲਿਆਂਦਾ ਮੁਲਜ਼ਮ ਹਸਪਤਾਲ ਵਿੱਚੋਂ ਫ਼ਰਾਰ
ਪੱਤਰ ਪ੍ਰੇਰਕ
ਜਲੰਧਰ, 6 ਅਕਤੂਬਰ
ਇੱਥੋਂ ਦੇ ਸਿਵਲ ਹਸਪਤਾਲ ਤੋਂ ਥਾਣਾ ਜੀਆਰਪੀ ਦੀ ਹਿਰਾਸਤ ਵਿੱਚੋਂ ਕੱਲ੍ਹ ਇੱਕ ਮੁਲਜ਼ਮ ਫ਼ਰਾਰ ਹੋ ਗਿਆ ਸੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਐੱਸਐੱਚਓ ਇੰਸਪੈਕਟਰ ਪਲਵਿੰਦਰ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਸੁਖਵੀਰ ਸਿੰਘ ਉਰਫ਼ ਸੁੱਖਾ ਪੁੱਤਰ ਮੰਗਾ ਵਾਸੀ ਬਸਤੀ ਸੈਦਪੁਰ, ਤਲਵੰਡੀ, ਜ਼ਿਲਾ ਕਪੂਰਥਲਾ ਖ਼ਿਲਾਫ਼ ਧਾਰਾ 262 ਅਧੀਨ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਐਤਵਾਰ ਸ਼ਾਮ ਨੂੰ ਮੁਲਜ਼ਮ ਨੂੰ ਕਾਬੂ ਕਰ ਲਿਆ।
ਇੰਸਪੈਕਟਰ ਪਲਵਿੰਦਰ ਸਿੰਘ ਦੇ ਬਿਆਨਾਂ ’ਤੇ ਦਰਜ ਕੀਤੀ ਗਈ ਐਫਆਈਆਰ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਸਾਲ 2022 ਵਿੱਚ ਜਲੰਧਰ ਜੀਆਰਪੀ ਦੀ ਪੁਲੀਸ ਵੱਲੋਂ ਆਈਪੀਸੀ ਦੀ ਧਾਰਾ 379, 411 ਅਤੇ 201 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਫਰਾਰ ਸੀ। ਸ਼ਨਿਚਰਵਾਰ ਦੇਰ ਸ਼ਾਮ ਨੂੰ ਜੀਆਰਪੀ ਥਾਣੇ ਦੇ ਪੁਲੀਸ ਅਧਿਕਾਰੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਪੁੱਜੇ ਸਨ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਦੋਂ ਮੁਲਜ਼ਮ ਨੂੰ ਸਿਵਲ ਹਸਪਤਾਲ ਜਲੰਧਰ ਲਿਆਂਦਾ ਗਿਆ ਤਾਂ ਹਸਪਤਾਲ ਵਿੱਚ ਕਾਫ਼ੀ ਭੀੜ ਸੀ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਉਥੋਂ ਫ਼ਰਾਰ ਹੋ ਗਿਆ। ਮੁਲਜ਼ਮ ਦੀ ਕਾਫੀ ਦੇਰ ਤੱਕ ਭਾਲ ਕੀਤੀ ਗਈ ਪਰ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਥਾਣਾ ਡਿਵੀਜ਼ਨ ਚਾਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਤੋਂ ਬਾਅਦ ਵਿੱਚ ਕੇਸ ਦਰਜ ਕਰ ਲਿਆ ਹੈ।