ਨੌਜਵਾਨ ’ਤੇ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 8 ਨਵੰਬਰ
ਕਰੀਬ 4 ਮਹੀਨੇ ਪਹਿਲਾਂ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੇ ਅਗਰਸੈਨ ਚੌਕ ਕੋਲ ਇਕ ਨੌਜਵਾਨ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਮੁੱਖ ਮੁਲਜ਼ਮ ਮੱਖਣ ਸਿੰਘ ਨਿਵਾਸੀ ਰਤੀਆ ਨੂੰ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ ਹੈ। ਪੁਲੀਸ ਇਸ ਮਾਮਲੇ ਵਿੱਚ ਪਹਿਲਾਂ ਵੀ 4 ਮੁਲਜ਼ਮਾਂ ਸੁਮਿਤ, ਟਿੰਕੂ, ਗਗਨਦੀਪ ਅਤੇ ਹੈਪੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਚੁੱਕੀ ਹੈ। ਜਦਕਿ ਇਸ ਮਾਮਲੇ ਦੀ ਮੁੱਖ ਮੁਲਜ਼ਮ ਮੱਖਣ ਅਤੇ ਉਸ ਦਾ ਇਕ ਹੋਰ ਸਾਥੀ ਕਾਲੂ ਫਰਾਰ ਚੱਲ ਰਿਹਾ ਸੀ। ਪੁਲੀਸ ਨੇ ਬੀਤੀ ਦੇਰ ਸ਼ਾਮ ਬਾਈਪਾਸ ’ਤੇ ਨਾਕਾ ਲਾ ਕੇ ਮੱਖਣ ਨੂੰ ਗ੍ਰਿਫ਼ਤਾਰ ਕੀਤਾ।
ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਬੀਤੀ 28 ਅਗਸਤ ਨੂੰ ਪਿੰਡ ਸੁਖਮਨਪੁਰ ਦੇ ਜਗਸੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਮੱਖਣ ਤੋਂ ਇਲਾਵਾ ਟਿੰਕੂ, ਸੁਮਿਤ, ਹੈਪੀ ਅਤੇ ਹੋਰਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਨ੍ਹਾਂ ਨੇ ਜੇਲ੍ਹ ਅੰਦਰਲੀ ਰੰਜਿਸ਼ ਕਾਰਨ ਜਗਸੀਰ ਸਿੰਘ ’ਤੇ ਉਸ ਵੇਲੇ ਗੋਲੀਆਂ ਚਲਾਈਆਂ ਸਨ, ਜਦੋਂ ਉਹ ਆਪਣੇ ਦੋਸਤ ਗੱਗੀ ਨਾਲ ਮੋਟਰਸਾਈਕਲ ’ਤੇ ਟਿੱਬਾ ਕਲੋਨੀ ਵਿਚ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੱਖਣ ਨੇ ਉਸ ’ਤੇ ਸ਼ਰੇਆਮ ਫਾਇਰਿੰਗ ਕੀਤੀ ਸੀ ਅਤੇ ਇਸ ਦੀ ਫੁਟੇਜ ਵੀ ਸਾਹਮਣੇ ਆਏ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਚਾਰ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਉਥੇ ਹੁਣ ਮੁੱਖ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਪੁਲੀਸ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਰਾਰ ਚੱਲ ਰਹੇ ਇਨ੍ਹਾਂ ਦੇ ਇੱਕ ਹੋਰ ਸਾਥੀ ਕਾਲੂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।