ਜ਼ਮਾਨਤ ’ਤੇ ਆਏ ਮੁਲਜ਼ਮ ਨੇ ਬਣਾਇਆ ਗੈਂਗ
ਨਿੱਜੀ ਪੱਤਰ ਪ੍ਰੇਰਕ
ਮੋਗਾ, 5 ਨਵੰਬਰ
ਇੱਥੇ ਪੁਲੀਸ ਨੇ ਹੱਤਿਆ ਕੇਸ ’ਚੋਂ ਜ਼ਮਾਨਤ ’ਤੇ ਆਏ ਮੁਲਜ਼ਮ ਸਣੇ ਫ਼ਿਰੌਤੀਆਂ ਲਈ ਤਿਆਰ ਕੀਤੇ ਗਏ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਅਜੇ ਗਾਂਧੀ ਅਤੇ ਐੱਸਪੀ ਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ, ਥਾਣਾ ਚੜਿੱਕ ਮੁਖੀ ਗੁਰਪਾਲ ਸਿੰਘ ਨੇ ਪਿੰਡ ਚੜਿੱਕ ਦੇ ਕਿਸਾਨ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਕਰਕੇ 15 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਅਤੇ ਨਾ ਦੇਣ ਉੱਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਜਗਤਾਰ ਸਿੰਘ ਉਰਫ਼ ਲੱਖੂ ਉਰਫ਼ ਅੰਮ੍ਰਿਤ ਪਿੰਡ ਲੋਪੋ, ਸਤਨਾਮ ਸਿੰਘ ਉਰਫ਼ ਸੱਤੂ ਅਤੇ ਗੁਰਜੋਤ ਸਿੰਘ ਉਰਫ਼ ਜੋਤ ਦੋਵੇਂ ਪਿੰਡ ਚੜ੍ਹਿੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵਿਦੇਸ਼ੀ ਨੰਬਰ ਦਾ ਸਿੰਮ ਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਨੇ ਨਾਮੀ ਗੈਂਗਸਟਰ ਜੌਹਨ ਬੁੱਟਰ ਦੇ ਨਾਮ ’ਤੇ ਫ਼ਿਰੌਤੀ ਲਈ ਫੋਨ ਕਰਕੇ ਧਮਕੀ ਦਿੱਤੀ ਸੀ, ਜਦੋਂ ਕਿ ਗੁਰਜੋਤ ਨੇ ਘਰ ਦੀ ਰੇਕੀ ਤੇ ਸਿੰਮ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਜਗਤਾਰ ਸਿੰਘ ਉਰਫ਼ ਲੱਖੂ ਹੈ ਜੋ ਕੁਝ ਚਿਰ ਪਹਿਲਾਂ ਹੀ ਹੱਤਿਆ ਕੇਸ ਵਿਚੋਂ ਜ਼ਮਾਨਤ ਮਿਲਣ ਉੱਤੇ ਜੇਲ੍ਹ ’ਚੋਂ ਬਾਹਰ ਆਇਆ ਸੀ। ਉਸ ਵੱਲੋਂ ਆਪਣਾ ਨੈੱਟਵਰਕ ਚਲਾਉਣ ਲਈ ਗੈਂਗ ਤਿਆਰ ਕੀਤਾ ਗਿਆ ਅਤੇ ਹਥਿਆਰ ਆਦਿ ਖਰੀਦਣ ਲਈ ਫ਼ਿਰੌਤੀ ਮੰਗੀ ਗਈ ਸੀ।