ਸਹੁੰ ਚੁੱਕ ਸਮਾਗਮ ਵਿੱਚ ‘ਆਪ’ ਵਿਧਾਇਕਾਂ ਦੀ ਗ਼ੈਰਹਾਜ਼ਰੀ ਤੋਂ ਚਰਚਾ ਛਿੜੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਨਵੰਬਰ
ਇੱਥੇ ਹੋਏ ਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੰਘ ਤੋਂ ਬਿਨਾਂ ਕਿਸੇ ਵੀ ਹਲਕੇ ਦਾ ਕੋਈ ਵਿਧਾਇਕ ਨਾ ਪੁੱਜਣ ’ਤੇ ਪਟਿਆਲਾ ਵਿੱਚ ਚਰਚਾ ਛਿੜ ਗਈ ਹੈ। ਕਾਂਗਰਸੀਆਂ ਨੇ ਅੱਜ ਬਿਆਨ ਜਾਰੀ ਕਰਦਿਆਂ ਵਿਧਾਇਕਾਂ ਦੀ ਸ਼ਮੂਲੀਅਤ ਨਾ ਹੋਣ ’ਤੇ ਸਵਾਲ ਚੁੱਕੇ ਹਨ।
ਹਲਕਾ ਸਨੌਰ ਤੋਂ ਕਾਂਗਰਸੀ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੀਡਰਸ਼ਿਪ ਦੀ ਪਟਿਆਲਾ ਵਿੱਚ ਫੁੱਟ ਜੱਗ ਜ਼ਾਹਿਰ ਹੈ। ਉਨ੍ਹਾਂ ਕਿਹਾ ਕਿ ਸਹੁੰ ਚੁੱਕ ਸਮਾਗਮ ਵਾਲੇ ਦਿਨ ਪਸਿਆਣਾ ਕੋਲ ਉਨ੍ਹਾਂ ਨੂੰ ‘ਆਪ’ ਦਾ ਸਾਬਕਾ ਮੰਤਰੀ ਮਿਲਿਆ ਪਰ ਉਹ ਵੀ ਸਮਾਗਮ ’ਚ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ ਪਟਿਆਲਾ ਵਿੱਚ ਹੋਣ ਦੇ ਬਾਵਜੂਦ ਸਮਾਗਮ ਵਿਚ ਨਹੀਂ ਪੁੱਜੇ। ਉਸ ਸਮਾਗਮ ਵਿੱਚ ਚੇਅਰਮੈਨ ਹਰਚੰਦ ਸਿੰਘ ਬਰਸਟ, ਜੱਸੀ ਸੋਹੀਆਂ ਵਾਲਾ, ਮੇਘ ਚੰਦ ਸ਼ੇਰ ਮਾਜਰਾ ਹੀ ਪੁੱਜੇ ਪਰ ਕੋਈ ਵੀ ਵਿਧਾਇਕ ਨਾ ਪੁੱਜਿਆ।
ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੁਫਾੜ ਹੈ, ਇਹ ਗੱਲ ਪਹਿਲਾਂ ਅੰਦਰੋਂ-ਅੰਦਰ ਸੁਲਗ ਰਹੀ ਸੀ ਪਰ ਹੁਣ ਜੱਗ ਜ਼ਾਹਰ ਹੋ ਗਈ ਹੈ। ਉਨ੍ਹਾਂ ਕਿਹਾ ਪਹਿਲਾਂ ਤਾਂ ਸਰਕਾਰ ਨੇ ਪੰਚਾਂ ਨੂੰ ਸਹੁੰ ਚੁਕਾਉਣ ਨਾਲ ਪੰਜਾਬ ਦੇ ਕਰੋੜਾਂ ਰੁਪਏ ਖ਼ਰਚ ਕੀਤੇ, ਜਿਸ ਦਾ ਕੋਈ ਲਾਭ ਨਹੀਂ ਹੋਇਆ, ਸਹੁੰ ਤਾਂ ਇਕ ਫਾਰਮ ਭਰਵਾ ਕੇ ਵੀ ਚੁਕਾਈ ਜਾ ਸਕਦੀ ਸੀ। ਉਨ੍ਹਾਂ ਜ਼ਿਕਰ ਕੀਤਾ ਕਿ ਸੀਆਈਡੀ ਦੀਆਂ ਰਿਪੋਰਟਾਂ ਕਹਿ ਰਹੀਆਂ ਹਨ ਕਿ ਪਟਿਆਲਾ ਵਿੱਚ ‘ਆਪ’ ’ਚ ਸਭ ਕੁਝ ਚੰਗਾ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੇਤਨ ਸਿੰਘ ਜੌੜਾਮਾਜਰਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਨਾਲ ਵੀ ਜ਼ਿਲ੍ਹੇ ਦੇ ਵਿਧਾਇਕਾਂ ਵਿਚ ਰੋਸ ਹੈ। ਇਸੇ ਤਰ੍ਹਾਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਰਹੇ ਕਿ ਵਿਧਾਇਕ ਚੋਣ ਪ੍ਰਚਾਰ ਵਿਚ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਦਿਨ ਤਾਂ ਚੋਣ ਪ੍ਰਚਾਰ ਬੰਦ ਹੋ ਗਿਆ ਸੀ ਤੇ ਕੋਈ ਵੀ ਬਾਹਰਲਾ ਵਿਅਕਤੀ ਚੋਣ ਖੇਤਰ ਵਿੱਚ ਰਹਿ ਹੀ ਨਹੀਂ ਸਕਦਾ ਤਾਂ ਉਹ ਚੋਣਾਂ ਵਿਚ ਪ੍ਰਚਾਰ ਕਰਨ ਬਾਰੇ ਝੂਠ ਬੋਲ ਰਹੇ ਹਨ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ਰਮਾ ਨੇ ਕਿਹਾ ਪਾਰਟੀ ਵਿਚ ਕੋਈ ਦੁਫਾੜ ਨਹੀਂ ਹੈ, ਸਾਰੀ ਪਾਰਟੀ ਇੱਕਜੁੱਟ ਹੈ, ਉਨ੍ਹਾਂ ਨੂੰ ਸਰਕਾਰੀ ਸੱਦਾ-ਪੱਤਰ ਆਇਆ ਸੀ ਪਰ ਚੋਣਾਂ ਵਿੱਚ ਪ੍ਰਚਾਰ ਦੌਰਾਨ ਥਕਾਵਟ ਕਰਕੇ ਵਿਧਾਇਕ ਨਹੀਂ ਆਏ ਅਤੇ ਇਸ ਵਿਚ ਕੋਈ ਪ੍ਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ।