For the best experience, open
https://m.punjabitribuneonline.com
on your mobile browser.
Advertisement

ਭਾਜਪਾ ਦਾ ਦਫ਼ਤਰ ਘੇਰਨ ਜਾਂਦੇ ‘ਆਪ’ ਵਰਕਰਾਂ ਨੂੰ ਪੁਲੀਸ ਨੇ ਰਾਹ ’ਚ ਰੋਕਿਆ

07:54 AM Mar 25, 2024 IST
ਭਾਜਪਾ ਦਾ ਦਫ਼ਤਰ ਘੇਰਨ ਜਾਂਦੇ ‘ਆਪ’ ਵਰਕਰਾਂ ਨੂੰ ਪੁਲੀਸ ਨੇ ਰਾਹ ’ਚ ਰੋਕਿਆ
ਦਿੱਲੀ ਵਿੱਚ ਪ੍ਰਦਰਸ਼ਨਕਾਰੀ ਔਰਤਾਂ ਨੂੰ ਖਿੱਚ ਕੇ ਲਿਜਾਂਦੀ ਹੋਈ ਮਹਿਲਾ ਪੁਲੀਸ ਮੁਲਾਜ਼ਮ। -ਫੋਟੋ: ਏਐੱਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਾਰਚ
ਆਮ ਆਦਮੀ ਪਾਰਟੀ (ਆਪ) ਨੇ ਅੱਜ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ। ‘ਆਪ’ ਦੇ ਵਿਰੋਧ ਪ੍ਰੋਗਰਾਮ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ’ਚ ਸੁਰੱਖਿਆ ਵਧਾ ਦਿੱਤੀ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਈਡੀ ਨੇ ਆਬਕਾਰੀ ਨੀਤੀ ਮਾਮਲੇ ਸਬੰਧੀ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲੀਸ ਨੇ ਭਾਜਪਾ ਹੈੱਡਕੁਆਰਟਰ, ਆਈਟੀਓ ਨੂੰ ਜਾਣ ਵਾਲੀਆਂ ਸੜਕਾਂ ਅਤੇ ਜਾਂਚ ਏਜੰਸੀ ਦੇ ਦਫ਼ਤਰ ਦੇ ਸਾਹਮਣੇ ਬੈਰੀਕੇਡ ਲਾਏ ਜਿੱਥੇ ‘ਆਪ’ ਆਗੂਆਂ ਅਤੇ ਸਮਰਥਕ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਆਤਿਸ਼ੀ, ਗੋਪਾਲ ਰਾਏ, ਸੌਰਭ ਭਾਰਦਵਾਜ ਸਮੇਤ ਹੋਰ ਆਗੂ ਸ਼ਾਮਲ ਹੋਏ ਅਤੇ ‘ਮੈਂ ਵੀ ਕੇਜਰੀਵਾਲ’ ਦੇ ਪੋਸਟਰ ਲੈ ਕੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਦਿੱਲੀ ਪੁਲੀਸ ਨੇ ‘ਆਪ’ ਵਰਕਰਾਂ ਨੂੰ ਭਾਜਪਾ ਦੇ ਹੈਡਕੁਆਟਰ ਵੱਲ ਨਾ ਜਾਣ ਦਿੱਤਾ ਤੇ ਰਾਹ ਵਿਚ ਹੀ ਰੋਕ ਲਿਆ। ਵਰਕਰਾਂ ਨੇ ਦੋਸ਼ ਲਾਇਆ ਕਿ ਈਡੀ ਕੇਂਦਰ ਸਰਕਾਰ ਦੇ ਕਥਿਤ ਇਸ਼ਾਰੇ ਉਪਰ ਵਿਰੋਧੀ ਧਿਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਸ਼ਾਮ ਨੂੰ ਗੋਬਿੰਦਪੁਰੀ, ਕੌਂਡਲੀ, ਬੁਰਾੜੀ ਸਮੇਤ ਹੋਰ ਥਾਵਾਂ ’ਤੇ ਮੋਮਬਤੀ ਮਾਰਚ ਕੀਤੇ ਗਏ।
ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਇਹ ਲੋਕਤੰਤਰ ਦਾ ਕਤਲ ਹੈ। ਕੇਜਰੀਵਾਲ ਨੇ ਸ਼ਹਿਰ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਹੈ। ਇਹ ਅਸਲ ਵਿੱਚ ਬੇਇਨਸਾਫ਼ੀ ਹੈ। ਸਾਡਾ ਆਗੂ ਇਮਾਨਦਾਰ ਹੈ।’’

Advertisement

ਪੁਲੀਸ ਨੇ ਪ੍ਰਦਰਸ਼ਨਕਾਰੀ ਔਰਤਾਂ ਨੂੰ ਪੁਲ ਤੋਂ ਉਤਾਰਿਆ

ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖ਼ਿਲਾਫ਼ ਆਈਟੀਓ ਬ੍ਰਿਜ ’ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ। ਇਸ ਦੌਰਾਨ ਪਾਰਟੀ ਵਰਕਰਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਈਟੀਓ ਪੁਲ ’ਤੇ ਕੁਝ ਔਰਤਾਂ ਨੇ ‘ਮੈਂ ਵੀ ਕੇਜਰੀਵਾਲ’ ਦੇ ਬੈਨਰ ਫੜੇ ਹੋਏ ਸਨ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਪੁਲ ਉਪਰੋਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਥੇ ਹੀ ਲੇਟ ਗਈਆਂ। ਇਸ ਮਗਰੋਂ ਪੁਲੀਸ ਨੇ ਇਨ੍ਹਾਂ ਪ੍ਰਦਰਸ਼ਕਾਰੀਆਂ ਨੂੰ ਪੁਲ ਤੋਂ ਹਟਾ ਦਿੱਤਾ। ਇਸ ਦੌਰਾਨ ਮਹਿਲਾ ਪੁਲੀਸ ਨੂੰ ਖਾਸੀ ਮਿਹਨਤ ਕਰਨੀ। ਉਨ੍ਹਾਂ ਨੂੰ ਪਾਰਟੀ ਵਰਕਰਾਂ ਨੂੰ ਖਿੱਚ-ਧੂਹ ਕੇ ਪੁਲ ਤੋਂ ਹੇਠਾਂ ਉਤਾਰਨ ਪਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਈਟੀਓ ਵਿੱਚ ਇੱਕ ਫੁੱਟ-ਓਵਰ ਬ੍ਰਿਜ ਤੋਂ ਪੰਜ ਤੋਂ ਛੇ ਕਾਰਕੁਨਾਂ ਨੂੰ ਉਤਾਰਿਆ ਗਿਆ।

Advertisement
Author Image

sukhwinder singh

View all posts

Advertisement
Advertisement
×