For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਵੱਲੋਂ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਖਾਕਾ ਤਿਆਰ

08:28 AM Jun 10, 2024 IST
‘ਆਪ’ ਸਰਕਾਰ ਵੱਲੋਂ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਖਾਕਾ ਤਿਆਰ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੂਨ
‘ਆਪ’ ਸਰਕਾਰ ਨੇ ਸਰਕਾਰੀ ਦਫ਼ਤਰਾਂ ’ਚ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਖਾਕਾ ਤਿਆਰ ਕਰਨਾ ਸ਼ੁਰੂ ਕੀਤਾ ਹੈ ਕਿਉਂਕਿ ਲੋਕ ਸਭਾ ਚੋਣਾਂ ’ਚ ਹੋਈ ਹਾਰ ਦੇ ਮੰਥਨ ਦੌਰਾਨ ਇਹ ਮੁੱਦਾ ਉਭਰ ਕੇ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਵਿਧਾਇਕਾਂ ਅਤੇ ਅਫ਼ਸਰਾਂ ਦਰਮਿਆਨ ਬਣੀ ਦੂਰੀ ਘਟਾਉਣ ਲਈ ਨਵੇਂ ਕਦਮ ਚੁੱਕੇ ਜਾਣਗੇ। ਵਿਧਾਇਕਾਂ ਦੀ ਸ਼ਿਕਾਇਤ ਹੈ ਕਿ ਅਫ਼ਸਰ ਚੁਣੇ ਹੋਈ ਪ੍ਰਤੀਨਿਧ ਦੀ ਕਹੀ ਗੱਲ ’ਤੇ ਗ਼ੌਰ ਨਹੀਂ ਕਰਦੇ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਹਫ਼ਤੇ ਸੂਬੇ ਦੇ ਦੌਰੇ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਸਿੱਧੀ ਗੱਲਬਾਤ ਕਰਿਆ ਕਰਨਗੇ। ‘ਆਪ’ ਸਰਕਾਰ ਵੱਲੋਂ ਨੌਕਰਸ਼ਾਹੀ ਨਾਲ ਨਜਿੱਠਣ ਲਈ ਵਿਉਂਤਬੰਦੀ ਤਿਆਰ ਕੀਤੀ ਜਾਣ ਲੱਗੀ ਹੈ। ਭਵਿੱਖ ’ਚ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹਨ ਜਿਨ੍ਹਾਂ ਦੀ ਤਿਆਰੀ ਵੀ ਸਰਕਾਰ ਨੇ ਵਿੱਢੀ ਹੋਈ ਜਾਪਦੀ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ‘ਆਪ’ ਸਿਰਫ਼ ਤਿੰਨ ਸੀਟਾਂ ’ਤੇ ਸਿਮਟ ਗਈ ਹੈ। ‘ਆਪ’ ਸਰਕਾਰ ਹੁਣ ਲੋਕਾਂ ਦੀ ਨਰਾਜ਼ਗੀ ਦੂਰ ਕਰਨ ਲਈ ਵਾਹ ਲਾਏਗੀ। ਮੁੱਢਲੇ ਪੜਾਅ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡੀਜੀਪੀ ਗੌਰਵ ਯਾਦਵ ਨਾਲ ਵੱਖੋ-ਵੱਖਰੀ ਮੀਟਿੰਗ ਕੀਤੀ ਜਿਸ ਦੌਰਾਨ ਨਵੇਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਆਉਂਦੇ ਦਿਨਾਂ ਵਿੱਚ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਤੈਅ ਕੀਤੀ ਹੈ। ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵਿੱਚ ਵੱਡੀ ਪੱਧਰ ’ਤੇ ਰੱਦੋਬਦਲ ਵੀ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਚੋਣਾਂ ਵਿੱਚ ਹਾਰ ਦੇ ਮੰਥਨ ਲਈ ਹਲਕਾ ਵਾਈਜ਼ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਵਿਧਾਇਕਾਂ ਨੇ ਅਫ਼ਸਰਸ਼ਾਹੀ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਹਨ। ਡੀਜੀਪੀ ਨੇ ਕਿਹਾ ਕਿ ਚੰਡੀਗੜ੍ਹ ਸਥਿਤ ਪੰਜਾਬ ਪੁਲੀਸ ਹੈੱਡਕੁਆਰਟਰ ਵਿੱਚ, ਸਪੈਸ਼ਲ ਡੀਜੀਪੀ, ਐਡੀਸ਼ਨਲ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉਪਲਬਧ ਰਹਿਣ ਦੇ ਦਿਨ ਨਿਰਧਾਰਤ ਕੀਤੇ ਗਏ ਹਨ। ਸਪੈਸ਼ਲ ਡੀਜੀਪੀ ਭਲਾਈ ਈਸ਼ਵਰ ਸਿੰਘ ਸੋਮਵਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ। ਇਸੇ ਤਰ੍ਹਾਂ, ਏਡੀਜੀਪੀ ਸੁਰੱਖਿਆ ਐੱਸਐੱਸ ਸ੍ਰੀਵਾਸਤਵ ਮੰਗਲਵਾਰ ਨੂੰ, ਏਡੀਜੀਪੀ ਏ ਐੱਸ ਰਾਏ ਬੁੱਧਵਾਰ ਨੂੰ, ਏਡੀਜੀਪੀ ਪ੍ਰੋਵਿਜਨਿੰਗ ਜੀ ਨਾਗੇਸ਼ਵਰ ਰਾਓ ਵੀਰਵਾਰ ਅਤੇ ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਸ਼ੁੱਕਰਵਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ।

Advertisement

ਪੁਲੀਸ ਅਧਿਕਾਰੀਆਂ ਨੂੰ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼

ਡੀਜੀਪੀ ਗੌਰਵ ਯਾਦਵ ਨੇ ਅੱਜ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ ਦੇ ਰੈਂਕ ਤੋਂ ਲੈ ਕੇ ਸਟੇਸ਼ਨ ਹਾਊਸ ਅਫ਼ਸਰਾਂ (ਐੱਸਐਚਓਜ਼) ਤੱਕ ਦੇ ਸਾਰੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਾਰੇ ਕੰਮ-ਕਾਜੀ ਦਿਨਾਂ ਵਿੱਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ।

Advertisement
Tags :
Author Image

sukhwinder singh

View all posts

Advertisement
Advertisement
×