ਵੱਖ ਵੱਖ ਥਾਈਂ ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ
ਪੱਤਰ ਪ੍ਰੇਰਕ
ਭਵਾਨੀਗੜ੍ਹ, 16 ਅਗਸਤ
ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਸਬ ਡਿਵੀਜ਼ਨ ਪੱਧਰ ’ਤੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐੱਸਡੀਐੱਮ ਭਵਾਨੀਗੜ੍ਹ ਡਾ. ਵਿਨੀਤ ਕੁਮਾਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਵਿੱਚ ਕੌਂਸਲ ਪ੍ਰਧਾਨ ਨਰਿੰਦਰ ਸਿੰਘ ਔਜਲਾ ਵੱਲੋਂ ਝੰਡਾ ਲਹਿਰਾਇਆ ਗਿਆ। ਇਸੇ ਤਰ੍ਹਾਂ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਵਿੱਚ ਆਜ਼ਾਦੀ ਦਿਹਾੜਾ ਅਤੇ ਤੀਆਂ ਮਨਾਈਆਂ ਗਈਆਂ। ਸਕੂਲ ਪ੍ਰਿੰਸੀਪਲ ਰੋਮਾ ਅਰੋੜਾ, ਡਾਇਰੈਕਟਰ ਪਰਮਿੰਦਰ ਕੌਰ ਤੂਰ ਅਤੇ ਮੈਨੇਜਰ ਹਰਮੀਤ ਸਿੰਘ ਗਰੇਵਾਲ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਅਨਾਜ ਮੰਡੀ ਵਿੱਚ ਸਬ ਡਿਵੀਜ਼ਨ ਪੱਧਰ ’ਤੇ ਆਜ਼ਾਦੀ ਦਿਹਾੜਾ ਵਰ੍ਹਦੇ ਮੀਂਹ ਵਿੱਚ ਹੀ ਮਨਾਇਆ ਗਿਆ। ਇਸ ਮੌਕੇ ਐੱਸਡੀਐੱਮ ਸੂਬਾ ਸਿੰਘ ਨੇ ਬਾਰਿਸ਼ ਵਿੱਚ ਪਰੇਡ ਤੋਂ ਸਲਾਮੀ ਲਈ। ਉਨ੍ਹਾਂ ਸਮਾਜ ਸੇਵੀਆਂ ਤੇ ਵੱਖ ਵੱਖ ਵਿਭਾਗਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ। ਉਧਰ ਰੇਲਵੇ ਸਟੇਸ਼ਨ ’ਤੇ ਸਟੇਸ਼ਨ ਸੁਪਰਡੈਂਟ ਨੇ ਤਿਰੰਗਾ ਝੰਡਾ ਲਹਿਰਾਇਆ। ਇਸੇ ਤਰ੍ਹਾਂ ਨਗਰ ਕੌਂਸਲ ਵਿੱਚ ਪ੍ਰਧਾਨ ਕਾਂਤਾ ਗੋਇਲ, ਸਰਕਾਰੀ ਦਫ਼ਤਰਾਂ, ਡਾਕਖਾਨਾ ਤੇ ਕਈ ਅਕਾਦਮਿਕ ਸੰਸਥਾਵਾਂ, ਸਰਕਾਰੀ ਸਕੂਲਾਂ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸੇ ਤਰ੍ਹਾਂ ਨੇੜਲੇ ਕੇਸੀਟੀ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ ਫਤਹਿਗੜ੍ਹ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਮੁੱਖ ਮਹਿਮਾਨ ਲਹਿਰਾਗਾਗਾ ਦੇ ਐੱਸਡੀਐੱਮ ਸੂਬਾ ਸਿੰਘ ਤੇ ਹੋਰਾਂ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਇਸੇ ਤਰ੍ਹਾਂ ਇੱਥੇ ਲਿਟਲ ਸਟਾਰ ਬਚਪਨ ਪਲੇਅ ਸਕੂਲ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ, ਅਕੈਡਮਿਕ ਵਰਲਡ ਸਕੂਲ ਖੋਖਰ, ਡੀਏਵੀ ਪਬਲਿਕ ਸਕੂਲ ਅਤੇ ਹੋਰ ਸਕੂਲਾਂ ਵਿੱਚ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ।
ਅਮਰਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿੱਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਪ੍ਰਿੰਸੀਪਲ ਵਿਨੋਦ ਬਾਲਾ ਦੀ ਦੇਖਰੇਖ ਹੇਠ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਸੁਰਿੰਦਰ ਕੌਰ ਨੇ ਅਦਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸੇ ਤਰ੍ਹਾਂ ਨਗਰ ਪੰਚਾਇਤ ਦਫ਼ਤਰ ਵਿੱਚ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਜਸਪਾਲ ਕੌਰ ਨੇ ਕੀਤੀ। ਡੀਐੱਸਪੀ ਸੁਰਿੰਦਰਪਾਲ ਸਿੰਘ ਤੇ ਥਾਣਾ ਮੁਖੀ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਪੁਲੀਸ ਟੁਕੜੀ ਨੇ ਸਲਾਮੀ ਦਿੱਤੀ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਇੱਥੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਐੱਸਡੀਐੱਮ ਦਿੜ੍ਹਬਾ ਰਾਜੇਸ਼ ਕੁਮਾਰ ਸ਼ਰਮਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਦਿੜ੍ਹਬਾ ਅਤੇ ਇਲਾਕੇ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਆਜ਼ਾਦੀ ਘੁਲਾਟੀਆਂ, ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਤਹਿਹੀਸਲਦਾਰ ਦਿੜ੍ਹਬਾ ਸੁਮਿਤ ਸਿੰਘ ਢਿੱਲੋਂ, ਦਰਸ਼ਨ ਸਿੰਘ ਘੁਮਾਣ, ਇੰਦਰਜੀਤ ਸ਼ਰਮਾ, ਨਗਰ ਪੰਚਾਇਤ ਦਿੜ੍ਹਬਾ ਦੇ ਸਾਬਕਾ ਪ੍ਰਧਾਨ ਬਿੱਟੂ ਖਾਨ, ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਅਜੇ ਸਿੰਗਲਾ ਆਦਿ ਹਾਜ਼ਰ ਸਨ।
ਪਟਿਆਲਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਮਨਾਇਆ ਸ਼ਹੀਦੀ ਦਿਹਾੜੇ
ਪਟਿਆਲਾ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਆਜ਼ਾਦੀ ਦਿਹਾੜਾ ਸਾਥੀਆਂ ਸਣੇ ਤਿਰੰਗਾ ਲਹਿਰਾ ਕੇ ਮਨਾਇਆ। ਇਸੇ ਤਰ੍ਹਾਂ ਹਲਕਾ ਸਮਾਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਗਾਂਧੀ ਗਰਾਊਂਡ ਸਮਾਣਾ ਵਿੱਚ ਆਜ਼ਾਦੀ ਦਿਹਾੜਾ ਮਨਾਇਆ। ਇਸੇ ਦੌਰਾਨ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਆਜ਼ਾਦੀ ਦਿਹਾੜੇ ਦੇ ਦਿਨ ਹਲਕਾ ਸਮਾਣਾ ਦੇ ਪਿੰਡ ਲਲੋਛੀ ਤੇ ਆਸ-ਪਾਸ ਦੇ ਪਿੰਡਾਂ ਵਿੱਚ 500 ਦੇ ਕਰੀਬ ਫਲਦਾਰ ਬੂਟੇ ਲਗਾਏ ਅਤੇ ਵੰਡੇ ਗਏ।ਇਸ ਮੌਕੇ ਉਨ੍ਹਾਂ ਦੇ ਨਾਲ ਮਨਦੀਪ ਕੌਰ ਚੌਹਾਨ ਮੈਂਬਰ ਪੰਚਾਇਤ ਸੰਮਤੀ ਪਟਿਆਲਾ, ਸੁਖਵਿੰਦਰ ਸਿੰਘ ਬੀਸੀ ਸਰਪੰਚ, ਕੁਲਵੀਰ ਸਿੰਘ ਕਾਲਾ, ਹਰਿੰਦਰ ਸਿੰਘ ਬੌਬੀ ਮੈਂਬਰ, ਰੌਸ਼ਨ ਸਿੰਘ ਮੈਂਬਰ ਬਲਾਕ ਸੰਮਤੀ, ਗੁਰਮੇਲ ਸਿੰਘ, ਲਾਡੀ ਪ੍ਰਧਾਨ, ਗੁਰਪ੍ਰੀਤ ਬੈਦਵਾਣ ਪੀਏ, ਪ੍ਰਭਜੋਤ ਸਿੰਘ ਕੁਤਬਣਪੁਰ, ਰੁਪਿੰਦਰ ਵਜੀਦਪੁਰ, ਰਾਜਕੁਮਾਰ ਲਾਲੋਛੀ , ਦੀਪੀ ਜੋਸ਼ਨ ਵੀ ਹਾਜ਼ਰ ਸਨ।
ਸੰਦੌੜ (ਪੱਤਰ ਪ੍ਰੇਰਕ): ਏਬੀਸੀ ਇੰਟਰਨੈਸ਼ਨਲ ਸਕੂਲ ਮਹੋਲੀ ਖੁਰਦ ਵਿੱਚ ਪ੍ਰਿੰਸੀਪਲ ਹਰਦੀਪ ਕੌਰ ਦੀ ਅਗਵਾਈ ਹੇਠ ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਸ਼ਰਮਾ, ਸ਼ਾਲੂ ਸ਼ਰਮਾ ਅਤੇ ਪ੍ਰਿੰਸੀਪਲ ਹਰਦੀਪ ਕੌਰ ਵੱਲੋਂ ਸਕੂਲ ਵਿੱਚ ਤਿਰੰਗਾ ਲਹਿਰਾਇਆ ਗਿਆ। ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਮੌਕੇ ਆਜ਼ਾਦੀ ਘੁਲਾਟੀਆਂ ਬਾਰੇ ਦੱਸਿਆ ਗਿਆ। ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਚਿੱਤਰਕਾਰੀ ਮੁਕਾਬਲਾ ਕਰਵਾਇਆ ਗਿਆ। ਇਸੇ ਤਰ੍ਹਾਂ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿੱਚ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਦੇਸ਼ ਪਿਆਰ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਿਆਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਨੂੰ ਯਾਦ ਕੀਤਾ। ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਦੇਵੀਗੜ੍ਹ (ਪੱਤਰ ਪ੍ਰੇਰਕ): ਤਹਿਸੀਲ ਦੂਧਨਸਾਧਾਂ ਵਿੱਚ ਸਰਕਾਰੀ ਹਾਈ ਸਕੂਲ ਦੂਧਨਸਾਧਾਂ ਵਿੱਚ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਦੂਧਨਸਾਧਾਂ ਮਨਜੀਤ ਕੌਰ ਨੇ ਅਦਾ ਕੀਤੀ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਉਨ੍ਹਾਂ ਦੀ ਪਤਨੀ ਬੀਬੀ ਸਿਮਰਨਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੂੰ ਸਿਰੋਪੇ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਤਵੰਤੇ ਸੱਜਣਾਂ ਨੂੰ ਬੂਟੇ ਵੀ ਵੰਡੇ ਗਏ। ਇਸੇ ਦੌਰਾਨ ਟੈਗੋਰ ਇੰਟਰਨੈਸ਼ਨਲ ਸਕੂਲ, ਅਕਬਰਪੁਰ ਅਫਗਾਨਾ ਵਿੱਚ ਭਾਰਤ ਦਾ 78ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਕੌਮੀ ਝੰਡਾ ਲਹਿਰਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ ਦੀ ਤਰ੍ਹਾਂ ਪੁਸ਼ਾਕਾਂ ਅਤੇ ਕੱਪੜੇ ਪਾ ਕੇ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥਣਾਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ। ਇਸੇ ਤਰ੍ਹਾਂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਦੇਵੀਗੜ੍ਹ ਵਿੱਚ ਵੀ ਆਜ਼ਾਦੀ ਦਿਵਸ ਮਨਾਇਆ ਗਿਆ। ਸਕੂਲ ਡਾਇਰੈਕਟਰ ਭੁਪਿੰਦਰ ਸਿੰਘ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਨਾਲ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਆਜ਼ਾਦੀ ਦਿਹਾੜੇ ਮੌਕੇ ਐੱਸਡੀਐੱਮ ਦੂਧਨਸਾਧਾਂ ਮਨਜੀਤ ਕੌਰ, ਨਾਇਬ ਤਹਿਸੀਲਦਾਰ ਮਲਕੀਤ ਸਿੰਘ, ਬੀਪੀਈਓ ਬਲਜੀਤ ਕੌਰ, ਬੀਡੀਪੀਓ ਮਨਦੀਪ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਪੂਰੀ ਦੀ ਵਿਦਿਆਰਥਣ ਰਮਨੀਤ ਕੌਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚ 500 ’ਚੋਂ 500 ਨੰਬਰ ਲੈਣ ’ਤੇ ਸਨਮਾਨਿਤ ਕੀਤਾ ਗਿਆ।
ਪਾਤੜਾਂ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਾਤੜਾਂ ਦੀ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਬੂਟੇ ਵੰਡੇ। ਵਿਦਿਆਰਥੀਆਂ ਨੇ ਬੂਟੇ ਲਾ ਕੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਭਰੋਸਾ ਦਿਵਾਇਆ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਨਰੈਣ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਵਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਜੀਟੀਬੀਪੀ ਪਾਤੜਾਂ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ ਦੀ ਅਗਵਾਈ ਵਿੱਚ 350 ਛਾਂਦਾਰ ਬੂਟੇ ਵਿਦਿਆਰਥੀਆਂ ਨੂੰ ਵੰਡੇ ਗਏ। ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਇਨ੍ਹਾਂ ਬੂਟਿਆਂ ਨੂੰ ਘਰਾਂ ਨੇੜੇ ਅਤੇ ਆਪਣੀਆਂ ਜ਼ਮੀਨਾਂ ਵਿੱਚ ਖਾਲੀ ਥਾਵਾਂ ’ਤੇ ਲਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਵੀ ਕਰਨਗੇ। ਇਸੇ ਤਰ੍ਹਾਂ ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ (ਘੱਗਾ) ਦਫ਼ਤਰੀ ਵਾਲਾ ਵਿੱਚ ਆਜ਼ਾਦੀ ਦਿਹੜਾ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਪਰੰਤ ਸਕੂਲ ਦੇ ਬੱਚਿਆਂ ਨੂੰ ਲੱਡੂ ਵੰਡੇ ਗਏ।
ਗਗਨ ਚੌਕ ’ਤੇ 115 ਫੁੱਟ ਉੱਚਾ ਤਿਰੰਗਾ ਲਹਿਰਾਇਆ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਆਮ ਆਦਮੀ ਪਾਰਟੀ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਕੱਢੀ ਗਈ ਜੋ ਕਿ ਝੰਡਾ ਗਰਾਊਂਡ ਰਾਜਪੁਰਾ ਤੋਂ ਸ਼ੁਰੂ ਹੋ ਕੇ ਗਗਨ ਚੌਕ ਰਾਜਪੁਰਾ ਪਹੁੰਚ ਕੇ ਖ਼ਤਮ ਹੋਈ। ਇੱਥੇ ਵਿਧਾਇਕਾ ਨੀਨਾ ਮਿੱਤਲ ਨੇ 115 ਫੁੱਟ ਉੱਚਾ ਤਿਰੰਗਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸੇ ਦੌਰਾਨ ਰਾਜਪੁਰਾ ਦੇ ਝੰਡਾ ਗਰਾਊਂਡ ਵਿੱਚ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਐੱਸਡੀਐੱਮ ਰਵਿੰਦਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਕੂਲੀ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪ੍ਰਸ਼ਾਸਨ ਨੇ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਮੁਫ਼ਤ ਬੂਟੇ ਵੰਡੇ ਗਏ। ਇਸ ਦੌਰਾਨ ਬਿਜਲੀ ਬੋਰਡ ਦੀ ਮੁਲਾਜ਼ਮ ਯੂਨੀਅਨ ਵੱਲੋਂ ਬਿਜਲੀ ਬੋਰਡ ਦਫ਼ਤਰ ਦੇ ਅਹਾਤੇ ਵਿੱਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਏ ਗਏ। ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਯੂਨੀਅਨ ਆਗੂ ਦੇਵ ਰਾਜ, ਏਓਜੇਈ ਦੇ ਡਿਵੀਜ਼ਨ ਪ੍ਰਧਾਨ ਗੁਰਮੀਤ ਸਿੰਘ ਜੇਈ ਆਦਿ ਨੇ ਸਾਂਝੇ ਤੌਰ ’ਤੇ ਛਾਂਦਾਰ ਤੇ ਫਲਦਾਰ ਬੂਟੇ ਲਾਏ।
ਸਮਾਣਾ (ਪੱਤਰ ਪ੍ਰੇਰਕ): ਆਜ਼ਾਦੀ ਦਿਹਾੜੇ ਮੌਕੇ ਸਥਾਨਕ ਪਬਲਿਕ ਕਾਲਜ ਦੇ ਖੇਡ ਸਟੇਡੀਅਮ ਵਿੱਚ ਹੋਏ ਸਰਕਾਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਸਡੀਐੱਮ ਰਿਚਾ ਗੋਇਲ ਨੇ ਕੌਮੀ ਝੰਡਾ ਚੜ੍ਹਾਇਆ। ਉਨ੍ਹਾਂ ਮਾਰਚ ਪਾਸਟ ਵਿੱਚ ਸ਼ਾਮਲ ਪੰਜਾਬ ਪੁਲੀਸ, ਐੱਨਸੀਸੀ ਕੈਡਿਟਾਂ ਤੇ ਵਿਦਿਆਰਥੀਆਂ ਦੀਆਂ ਟੁੱਕੜੀਆਂ ਤੋਂ ਸਲਾਮੀ ਲਈ। ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।