ਦੇਸ਼ ਦਾ 75ਵਾਂ ਗਣਤੰਤਰ ਦਿਵਸ ਵੱਖ-ਵੱਖ ਥਾਵਾਂ ’ਤੇ ਉਤਸ਼ਾਹ ਨਾਲ ਮਨਾਇਆ
ਮਕਬੂਲ ਅਹਿਮਦ
ਕਾਦੀਆਂ, 27 ਜਨਵਰੀ
ਇੱਥੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤਾਂ ’ਤੇ ਸ਼ਰਧਾਂਜਲੀ ਭੇਟ ਕਰਨ ਮਗਰੋਂ ਨਗਰ ਕੌਂਸਲ ਕਾਦੀਆਂ ਦੀ ਪ੍ਰਧਾਨ ਸ਼੍ਰੀਮਤੀ ਨੇਹਾ ਨੇ ਨਗਰ ਕੌਂਸਲ ਦੀ ਗਰਾਊਂਡ ਵਿੱਚ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਪੁਲੀਸ ਦੀ ਟੁਕੜੀ ਨੇ ਤਿਰੰਗੇ ਨੂੰ ਸਲਾਮੀ ਦਿੱਤੀ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਅਨਾਜ ਮੰਡੀ ਬਲਾਚੌਰ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਐੱਸਡੀਐੱਮ ਰਵਿੰਦਰ ਬਾਂਸਲ ਨੇ ਕੌਮੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਅਮਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਲਚੌਰ ਸਬ ਡਿਵੀਜ਼ਨ ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਮੁਲਾਜ਼ਮਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਭੁਲੱਥ (ਪੱਤਰ ਪ੍ਰੇਰਕ): ਸਬ -ਡਿਵੀਜ਼ਨ ਭੁਲੱਥ ਵਿੱਚ ਸਰਕਾਰੀ ਕਾਲਜ ਦੇ ਗਰਾਊਂਡ ’ਚ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਐੱਸ.ਡੀ.ਐੱਮ. ਸੰਜੀਵ ਸ਼ਰਮਾ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਪਰੇਡ ਦਾ ਮੁਆਇਨਾ ਕਰਨ ਉਪਰੰਤ ਵੱਖ-ਵੱਖ ਟੁਕੜੀਆਂ ਤੋਂ ਸਲਾਮੀ ਲਈ ਗਈ। ਇਸ ਮੌਕੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਇੰਚਾਰਜ ਹਲਕਾ ਭੁਲੱਥ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ। ਇਸ ਮੌਕੇ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ਵਾਲਾ, ਐੱਸ.ਪੀ.ਪੀ.ਐੱਸ. ਸਕੂਲ ਬੇਗੋਵਾਲ, ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਬੇਗੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਲਿੱਟਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਥ, ਡਿਪਸ ਸਕੂਲ ਬੇਗੋਵਾਲ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ ਨਡਾਲਾ, ਸਤਿ ਕਰਤਾਰ ਸੀਨੀਅਰ ਸੈਕੰਡਰੀ ਸਕੂਲ ਭੁਲੱਥ, ਸੰਤ ਮਾਝਾ ਸਿੰਘ ਕਰਮਜੋਤ ਸੀਨੀਅਰ ਸੈਕੰਡਰੀ ਸਕੂਲ ਮਕਸੂਦਪੁਰ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੰਤ ਵਿੱਚ ਆਜ਼ਾਦੀ ਘੁਲਾਟੀਆਂ, ਮੋਹਤਬਰਾਂ ਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਸੁਖਵਿੰਦਰ ਸਾਗਰ ਵੱਲੋਂ ਨਿਭਾਈ ਗਈ।
ਫਿਲੌਰ (ਪੱਤਰ ਪ੍ਰੇਰਕ): ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਤਹਿਸੀਲ ਪੱਧਰੀ ਗਣਤੰਤਰ ਦਿਵਸ ਮਨਾਇਆ ਗਿਆ। ਐੱਸਡੀਐੱਮ ਅਮਨਪਾਲ ਸਿੰਘ ਨੇ ਝੰਡਾ ਲਹਿਰਾਇਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ’ਚ ਡਾਇਰੈਕਟਰ ਅਨੀਤਾ ਪੁੰਜ ਨੇ ਕੌਮੀ ਝੰਡਾ ਲਹਿਰਾਇਆ।
ਜਲੰਧਰ (ਪੱਤਰ ਪ੍ਰੇਰਕ): ਗਣਤੰਤਰ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿੱਚ ਮਨਾਇਆ ਗਿਆ ਜਿਸ ਵਿੱਚ ਤਹਿਸੀਲਦਾਰ ਸੁਖਵੀਰ ਕੌਰ ਵੱਲੋਂ ਬਤੌਰ ਮੁੱਖ ਮਹਿਮਾਨ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਪੁਲੀਸ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਹਲਕਾ ਇੰਚਾਰਜ ਜੀਤ ਲਾਲ ਭੱਟੀ, ਸਟੇਟ ਐਵਾਰਡੀ ਪ੍ਰਿੰਸੀਪਲ ਰਾਮ ਆਸਰਾ, ਡੀਐੱਸਪੀ ਵਿਜੇ ਕੁੰਵਰਪਾਲ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ, ਚੇਅਰਮੈਨ ਮਾਰਕੀਟ ਪਰਮਜੀਤ ਸਿੰਘ ਰਾਜਵੰਸ਼, ਜ਼ਿਲ੍ਹਾ ਖੇਡ ਸੈਕਟਰੀ ਹਰਿੰਦਰ ਸਿੰਘ ਤੇ ‘ਆਪ’ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ। ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ, ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ, ਸੈਕੰਡਰੀ ਸਕੂਲ ਖੁਰਦਪੁਰ ਤੇ ਇੰਪੀਰੀਅਲ ਸਕੂਲ ਆਦਮਪੁਰ ਦੇ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ, ਵਿਭਾਗਾਂ ਦੇ ਮੁਖੀਆਂ, ਪ੍ਰਿੰਸੀਪਲ ਰਾਮ ਆਸਰਾ, ਕਮਲਜੀਤ ਕੌਰ ਮੰਡੇਰ, ਤਜਿੰਦਰ ਜੱਸੀ ਗਾਜੀਪੁਰ, ਲੈਕਚਰਾਰ ਗੁਰਿੰਦਰ ਸਿੰਘ ਤੇ ਲਖਵਿੰਦਰ ਰਾਮ, ਕਾਨੂੰਨਗੋ ਸਰਬਜੀਤ ਸਿੰਘ, ਥਾਣੇਦਾਰ ਮਨਜੀਤ ਸਿੰਘ ਤੇ ਹੋਰ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਮਜੀਠਾ (ਪੱਤਰ ਪ੍ਰੇਰਕ): ਮਜੀਠਾ ਵਿੱਚ ਗਣਤੰਤਰ ਦਿਵਸ ਮੌਕੇ ਐੱਸਡੀਐੱਮ ਡਾ. ਹਰਨੂਰ ਕੌਰ ਢਿੱਲੋਂ ਵੱਲੋਂ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ’ਤੇ ਅਧਾਰਤ ਗੀਤਾਂ ’ਤੇ ਕੋਰਿਓਗ੍ਰਾਫੀ ਤੇ ਸਕਿੱਟਾਂ, ਗਿੱਧਾ ਤੇ ਭੰਗੜਾ ਪੇਸ਼ ਕਰਨ ਤੋਂ ਇਲਾਵਾ ਦੇਸ਼ ਭਗਤੀ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਡਾ. ਸਤਿੰਦਰ ਕੌਰ ਮਜੀਠੀਆ ਪਹੁੰਚੇ। ਸਮਾਗਮ ਦੌਰਾਨ ਵੱਖ-ਵੱਖ ਮਹਿਕਮਿਆਂ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਮੁਲਾਜ਼ਮਾਂ ਤੇ ਪੱਤਰਕਾਰਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਆ ਵੀ ਗਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਤਹਿਸੀਲ ਕੰਪਲੈਕਸ ਵਿੱਚ ਸਰਕਾਰੀ ਪੱਧਰ ’ਤੇ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਤਹਿਸੀਲ ਕੰਪਲੈਕਸ ਵਿੱਚ ਮਨਾਏ ਗਏ ਤਹਿਸੀਲ ਪੱਧਰੀ ਸਮਾਗਮ ਮੌਕੇ ਐੱਸਡੀਐੱਮ ਰਿਸ਼ਭ ਬਾਂਸਲ, ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ ਨਰੋਤਮ ਸਿੰਘ ਅਤੇ ਚੈਤੰਨਯਾ ਟੈਕਨੋ ਸਕੂਲ ਮਲਸੀਆਂ ਵਿੱਚ ਟਰੱਸਟੀ ਰਾਮ ਮੂਰਤੀ ਨੇ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਦੀਆਂ ਟੁਕੜੀਆਂ ਤੋਂ ਸਲਾਮੀਆਂ ਲਈਆਂ। ਇਸੇ ਤਰ੍ਹਾਂ ਸਟੇਟ ਸਕੂਲ ’ਚ ਡਾ. ਗਗਨਦੀਪ ਕੌਰ ਅਤੇ ਪ੍ਰਿੰਸੀਪਲ ਕੰਵਰ ਨੀਲ ਕਮਲ ਅਤੇ ਟੈਕਨੋ ਸਕੂਲ ਵਿੱਚ ਪ੍ਰਿੰਸੀਪਲ ਸੰਦੀਪ ਕੌਰ, ਵਾਈਸ ਪ੍ਰਿੰਸੀਪਲ ਨੇਹਾ ਸ਼ਰਮਾ, ਵਿਲਸਨ ਜੌਹਨ, ਤਵਲੀਨ ਚੁੱਘ, ਸਪਨਾ, ਨੇਹਾ ਭੱਲਾ, ਤੇਜਪਾਲ ਸਿੰਘ ਅਤੇ ਮਧੂ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ।
ਹੁਸ਼ਿਆਰਪੁਰ: ਵਿਭਾਗਾਂ ਵੱਲੋਂ ਤਿਆਰ ਝਾਕੀਆਂ ਬਣੀਆਂ ਖਿੱਚ ਦਾ ਕੇਂਦਰ
ਹੁਸ਼ਿਆਰਪੁਰ (ਪੱਤਰ ਪ੍ਰੇਰਕ): 75ਵੇਂ ਗਣਤੰਤਰ ਦਿਵਸ ਮੌਕੇ ਪੁਲੀਸ ਲਾਈਨ ਗਰਾਊਂਡ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਰਾਸ਼ਟਰੀ ਝੰਡਾ ਲਹਿਰਾਇਆ। ਡਿਪਟੀ ਕਮਿਸ਼ਨਰ ਨੇ ਐਸ.ਐਸ.ਪੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਅਤੇ ਪਰੇਡ ਕਮਾਂਡਰ ਇੰਸਪੈਕਟਰ ਜਸਵੀਰ ਕੌਰ ਸਮੇਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਮਾਸ ਪੀ.ਟੀ ਸ਼ੋਅ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਆਜ਼ਾਦੀ ਘੁਲਾਟੀਆਂ ਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਮੋਟਰ ਟਰਾਈਸਾਈਕਲ ਤੇ ਟਰਾਈ ਸਾਈਕਲ ਵੀ ਸੌਂਪੇ। ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ। ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਦੌਰਾਨ ਵਿਧਾਇਕ ਡਾ. ਰਵਜੋਤ ਸਿੰਘ, ਡੀ.ਆਈ.ਜੀ ਜਲੰਧਰ ਰੇਂਜ ਐਸ. ਭੂਪਤੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਸ਼ਿਰਕਤ ਕੀਤੀ।
ਵਣ ਗਾਰਡ ਰਮਨਪ੍ਰੀਤ ਕੌਰ ਦਾ ਵਿਸ਼ੇਸ਼ ਸੇਵਾਵਾਂ ਲਈ ਸਨਮਾਨ
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਇੱਥੇ ਕਸਬਾ ਸੈਲਾ ਖੁਰਦ ਵਿੱਚ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਸਥਾਨਕ ਬੀਟ ਤੋਂ ਮਹਿਲਾ ਵਣ ਗਾਰਡ ਰਮਨਪ੍ਰੀਤ ਕੌਰ ਨੂੰ ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਸ਼ੇਸ਼ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੇ ਸੀਪੀਐੱਮ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਨੇਕ ਸਿੰਘ ਭੱਜਲ, ਸੀਪੀਐੱਮ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਮਹਿੰਦਰ ਕੁਮਾਰ ਵੱਢੋਵਾਣ, ਚੌਧਰੀ ਅੱਛਰ ਸਿੰਘ ਅਤੇ ਹੋਰ ਆਗੂਆਂ ਨੇ ਵਣ ਗਾਰਡ ਰਮਨਪ੍ਰੀਤ ਕੌਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਤੋਂ ਰਮਨਦੀਪ ਕੌਰ ਵੱਲੋਂ ਨਿਭਾਈਆਂ ਸੇਵਾਵਾਂ ਨਾਲ ਲੋਕਾਂ ਵਿੱਚ ਵੀ ਜੰਗਲੀ ਜੀਵਾਂ ਨੂੰ ਬਚਾਉਣ ਦੀ ਇੱਕ ਲਹਿਰ ਚੱਲੀ ਹੈ ਜਿਸ ਕਰਕੇ ਉਹ ਵਿਸ਼ੇਸ਼ ਸਨਮਾਨ ਦੇ ਹੱਕਦਾਰ ਹਨ। ਇਸ ਮੌਕੇ ਵਣ ਗਾਰਡ ਰਮਨਪ੍ਰੀਤ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਅਦਾਲਤੀ ਕੰਪਲੈਕਸ ਵਿੱਚ ਤਿਰੰਗਾ ਲਹਿਰਾਇਆ
ਪਠਾਨਕੋਟ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਨੇ ਅਦਾਲਤੀ ਕੰਪਲੈਕਸ ਵਿੱਚ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦਿਨ ਸੰਵਿਧਾਨ ਲਾਗੂ ਕੀਤਾ ਗਿਆ ਸੀ ਅਤੇ ਉਸ ਅਨੁਸਾਰ ਪੂਰੇ ਦੇਸ਼ ਵਿੱਚ ਕਾਨੂੰਨ ਵਿਵਸਥਾ ਲਾਗੂ ਕੀਤੀ ਗਈ ਸੀ। ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ, ਪ੍ਰਿਤਪਾਲ ਸਿੰਘ ਜੱਜ ਫੈਮਿਲੀ ਕੋਰਟ, ਰੰਜੀਵ ਪਾਲ ਸਿੰਘ ਚੀਮਾ ਸੀਜੇਐਮ ਕਮ ਸਕੱਤਰ, ਸੀਜੇਐਮ ਮਾਨਵ, ਅਮਨ ਸ਼ਰਮਾ ਜੱਜ ਸੀਨੀਅਰ ਡਿਵੀਜ਼ਨ, ਡੇਜ਼ੀ ਭੰਗਰ ਜੱਜ ਸੀਨੀਅਰ ਡਿਵੀਜ਼ਨ, ਗੁਰਦੇਵ ਸਿੰਘ ਜੱਜ ਜੂਨੀਅਰ ਡਵੀਜ਼ਨ, ਜੱਜ ਪਰਮਿੰਦਰ ਬਿੰਦੂ, ਅਰੁਣ ਕੁਮਾਰ ਵਧੀਕ ਜ਼ਿਲ੍ਹਾ ਅਟਾਰਨੀ, ਵਿਨੋਦ ਧੀਮਾਨ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ