ਸ਼੍ਰੋਮਣੀ ਭਗਤ ਨਾਮਦੇਵ ਦਾ 753ਵਾਂ ਪ੍ਰਕਾਸ਼ ਦਿਹਾੜਾ ਮਨਾਇਆ
ਪੱਤਰ ਪ੍ਰੇਰਕ
ਜਲੰਧਰ, 28 ਨਵੰਬਰ
ਸੰਤ ਨਾਮਦੇਵ ਕਸ਼ੱਤਰੀਆ (ਟਾਂਕ) ਸਭਾ ਜ਼ਿਲ੍ਹਾ ਜਲੰਧਰ ਵੱਲੋਂ ਇੱਥੇ ਮਾਡਲ ਹਾਊਸ ਸਥਿਤ ਸੰਤ ਨਾਮਦੇਵ ਭਵਨ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਦੇ 753ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਹਰਭੇਜ ਸਿੰਘ ਸਠਿਆਲਾ ਦੇ ਜਥੇ ਅਤੇ ਸੰਤ ਨਾਮਦੇਵ ਕੋ-ਐਜੂਕੇਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਮਹਾਂ ਮੰਡਲੇਸ਼ਵਰ ਸਵਾਮੀ ਸ਼ਾਂਤਾ ਨੰਦ ਨੇ ਕਥਾ ਕਰ ਕੇ ਭਗਤ ਨਾਮਦੇਵ ਦੇ ਉਪਦੇਸ਼ਾਂ ’ਤੇ ਚੱਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਦੀ ਮਹਾਨਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਭਗਤ ਨਾਮਦੇਵ ਦੀ ਜੀਵਨੀ ਤੇ ਉਨ੍ਹਾਂ ਦੀ ਬਾਣੀ ਬਾਰੇ ਦੱਸਿਆ। ਇਸ ਦੌਰਾਨ ਸਾਬਕਾ ਪ੍ਰੋਫੈਸਰ ਤੇ ਮੁਖੀ ਗੁਰੂ ਨਾਨਕ ਸਟੱਡੀਜ਼ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਜਸਬੀਰ ਸਿੰਘ ਸਾਬਰ ਨੇ ਵਿਸ਼ੇਸ਼ ਲੈਕਚਰ ਦਿੰਦਿਆਂ ਦੱਸਿਆ ਕਿ ਕਿਵੇਂ ਭਗਤ ਨਾਮਦੇਵ ਨੇ ਸੰਗਤਾਂ ਨੂੰ ਆਪਣੇ ਕਾਰਜ ਕਰਦਿਆਂ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਲਈ ਪ੍ਰੇਰਿਆ।
ਇਸ ਮੌਕੇ ਕਵੀ ਰਛਪਾਲ ਸਿੰਘ ਪਾਲ ਨੇ ਸੰਤ ਨਾਮਦੇਵ ਦੀ ਮਹਿਮਾ ਵਿੱਚ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਭਾ ਦੇ ਪ੍ਰਧਾਨ ਮਨੋਹਰ ਲਾਲ, ਸੀ ਐੱਲ ਲੱਕੀ, ਮੇਜਰ ਜਗਜੀਤ ਸਿੰਘ ਰਿਸ਼ੀ, ਆਰਪੀ ਗਾਂਧੀ, ਅਜੈ ਕੌਸ਼ਲ, ਹਰੀਸ਼ ਚਿਤਰਾ, ਕੁਲਦੀਪ ਸਿੰਘ ਬੇਦੀ, ਗੁਰਬਚਨ ਸਿੰਘ ਰਖਰਾ, ਸਰਵਣ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਾਗਰ, ਦੀਪਕ ਕੌਸ਼ਲ ਅਤੇ ਹੋਰ ਅਹੁਦੇਦਾਰਾਂ ਨੇ ਸਮਾਜ ਵਿੱਚ ਬਜ਼ੁਰਗਾਂ ਦਾ ਸਤਿਕਾਰ ਬਹਾਲ ਕਰਨ ਲਈ 80 ਸਾਲ ਜਾਂ ਇਸ ਤੋਂ ਉਪਰ ਉਮਰ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਪੜ੍ਹਾਈ, ਖੇਡਾਂ ਅਤੇ ਹੋਰ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਸਭਾ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਅੰਤ ਵਿੱਚ ਪ੍ਰਧਾਨ ਮਨੋਹਰ ਲਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਅੰਤ ’ਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।