ਜੀਐੱਸਟੀ ਕੌਂਸਲ ਨੇ ਲੇਬਲ ਵਾਲੇ ਮੋਟੇ ਅਨਾਜ ਦੇ ਆਟੇ ’ਤੇ 5% ਕਰ ਲਾਉਣ ਦਾ ਫੈਸਲਾ ਕੀਤਾ
ਨਵੀਂ ਦਿੱਲੀ, 7 ਅਕਤੂਬਰ
ਜੀਐੱਸਟੀ ਕੌਂਸਲ ਨੇ ਅੱਜ ਲੇਬਲ ਵਾਲੇ ਮੋਟੇ ਅਨਾਜ ਦੇ ਆਟੇ 'ਤੇ ਪੰਜ ਫੀਸਦੀ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਜਾਣਕਾਰੀ ਦਿੱਤੀ। ਆਟੇ ਨੂੰ ਪੈਕ ਕਰਕੇ ਉਸ ’ਤੇ ਲੇਬਲ ਲਗਾ ਕੇ ਵੇਚਣ 'ਤੇ ਜੀਐੱਸਟੀ ਲਾਗੂ ਹੋਵੇਗਾ। ਘੱਟ ਤੋਂ ਘੱਟ 70 ਫ਼ੀਸਦੀ ਮੋਟੇ ਅਨਾਜ ਵਾਲੇ ਆਟੇ 'ਤੇ ਉਦੋਂ ਜ਼ੀਰੋ ਫ਼ੀਸਦੀ ਜੀਐੱਸਟੀ ਲਾਗੂ ਹੋਵੇਗਾ,ਜਦੋਂ ਉਸ ਨੂੰ ਖੁੱਲ੍ਹਾ ਵੇਚਿਆ ਜਾਵੇਗਾ ਪਰ ਜੇਕਰ ਪੈਕ ਕਰਕੇ ਅਤੇ ਲੇਬਲ ਲਗਾ ਕੇ ਵੇਚਿਆ ਜਾਂਦਾ ਹੈ ਤਾਂ ਪੰਜ ਫ਼ੀਸਦੀ ਜੀਐੱਸਟੀ ਲੱਗੇਗਾ। ਕੇਂਦਰੀ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਅਤੇ ਰਾਜ ਦੇ ਹਮਰੁਤਬਾ ਦੀ ਮੌਜੂਦਗੀ ਵਿੱਚ ਹੋਈ 52ਵੀਂ ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ ਜੀਐੱਸਟੀ ਅਪੀਲੀ ਟ੍ਰਿਬਿਊਨਲ (ਜੀਐੱਸਟੀਏਟੀ) ਦੇ ਚੇਅਰਮੈਨ ਅਤੇ ਮੈਂਬਰਾਂ ਲਈ ਵੱਧ ਤੋਂ ਵੱਧ ਉਮਰ ਸੀਮਾ ਤੈਅ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਤਹਿਤ ਚੇਅਰਮੈਨ ਦੀ ਵੱਧ ਤੋਂ ਵੱਧ ਉਮਰ 70 ਸਾਲ ਅਤੇ ਮੈਂਬਰਾਂ ਦੀ ਵੱਧ ਤੋਂ ਵੱਧ ਉਮਰ 67 ਸਾਲ ਹੋਵੇਗੀ। ਪਹਿਲਾਂ ਇਹ ਸੀਮਾ ਕ੍ਰਮਵਾਰ 67 ਸਾਲ ਅਤੇ 65 ਸਾਲ ਸੀ। ਕੌਂਸਲ ਨੇ ਸ਼ੀਰੇ 'ਤੇ ਜੀਐੱਸਟੀ 28 ਫੀਸਦੀ ਤੋਂ ਘਟਾ ਕੇ ਪੰਜ ਫੀਸਦੀ ਕਰਨ ਅਤੇ ਮਨੁੱਖੀ ਖਪਤ ਲਈ ਸ਼ਰਾਬ ਨੂੰ ਲੇਵੀ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ।