ਸਿੱਖਿਆ ਵਿਭਾਗ ਵੱਲੋਂ ਤਿਆਰ ‘ਪੰਜਾਬ ਐਜੂਕੇਅਰ ਐਪ’ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਣ ਲੱਗੀ
ਰਵੇਲ ਸਿਘ ਭਿੰਡਰ
ਪਟਿਆਲਾ, 20 ਅਗਸਤ
ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਦੇ ਪਾਠਕ੍ਰਮ ਨੂੰ ਇੱਕ ਮੰਚ ’ਤੇ ਉਪਲਬਧ ਕਰਵਾਉਣ ਲਈ ‘ਪੰਜਾਬ ਐਜੂਕੇਅਰ ਐਪ’ ਤਿਆਰ ਕਰ ਕੇ ਨਵਾਂ ਮੀਲ ਪੱਥਰ ਸਥਾਪਤ ਕੀਤਾ ਗਿਆ ਹੈ। ਅਜੇ ਇਸ ਐਪ ਦੀ ਉਮਰ ਨਿੱਕੀ ਹੈ ਪਰ ਇਸ ਨੇ ਬਹੁਤ ਘੱਟ ਸਮੇਂ ਵਿੱਚ ਹੀ ਵੱਡੀਆਂ ਪੁਲਾਂਘਾਂ ਪੁੱਟ ਲਈਆਂ ਹਨ। ਇਹ ਐਪਲੀਕੇਸ਼ਨ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਦੂਜੇ ਸੂਬਿਆਂ ’ਚ ਵੀ ਹਰਮਨਪਿਆਰੀ ਹੋ ਗਈ ਹੈ। ਇਸ ਐਪ ਦੇ ਪੇਜ ਨੂੰ 4.80 ਕਰੋੜ ਤੋਂ ਵੱਧ ਯੂਜਰ ਦੇਖ ਚੁੱਕੇ ਹਨ ਅਤੇ ਐਪਕੇਸ਼ਨ ਨੂੰ 5 ਵਿੱਚੋਂ 4.7 ਰੇਟਿੰਗ ਮਿਲੀ ਹੈ।
ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ‘ਪੰਜਾਬ ਐਜੂਕੇਅਰ ਐਪ’ ਇੱਕ ‘ਆਨ-ਲਾਈਨ ਬਸਤਾ’ ਹੈ। ਇਸ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਦੀ ਸਿੱਖਣ-ਸਿਖਾਉਣ ਸਮੱਗਰੀ, ਅਧਿਆਪਕਾਂ ਦੇ ਵੀਡੀਓ ਲੈਕਚਰ, ਈ-ਕੰਟੈਂਟ ਅਤੇ ਈ-ਪੁਸਤਕਾਂ, ਵਰਕਸ਼ੀਟਾਂ, ਕੁਇੱਜ਼ ਆਦਿ ਮਿਆਰੀ ਰੂਪ ’ਚ ਉਪਲਬਧ ਹਨ।
‘ਪੰਜਾਬ ਐਜੂਕੇਅਰ ਐਪ’ ਨੂੰ ਤਿਆਰ ਕਰਨ ਵਾਲੀ ਅਧਿਆਪਕਾਂ ਦੀ ਟੀਮ ’ਚ ਸ਼ਾਮਲ ਦੀਪਕ ਕੁਮਾਰ ਨੇ ਦੱਸਿਆ ਕਿ ਹੁਣ ਤੱਕ 402261 ਦੇ ਕਰੀਬ ਯੂਜਰ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ ਤੇ 19106461 ਦੇ ਕਰੀਬ ਵਿਊ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ ਵਿੱਚ ਵੀ ਪੰਜਾਬ ਦੇ ਸਿੱਖਿਆ ਵਿਭਾਗ ਦੀ ਐਪ ਨੂੰ ਡਾਊਨਲੋਡ ਕੀਤਾ ਗਿਆ ਗਿਆ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 2.67 ਲੱਖ, ਰਾਜਸਥਾਨ ਵਿੱਚ 2.05 ਲੱਖ, ਉੱਤਰ ਪਰਦੇਸ਼ ਵਿੱਚ 2.11 ਲੱਖ ਹਰਿਆਣਾ ਵਿੱਚ 1.74 ਲੱਖ, ਹਿਮਾਚਲ ਪ੍ਰਦੇਸ਼ ਵਿੱਚ 1.18 ਲੱਖ, ਦਿੱਲੀ ਵਿੱਚ 26 ਹਜ਼ਾਰ, ਉੱਤਰਾਖੰਡ ਵਿੱਚ 19 ਹਜ਼ਾਰ ਅਤੇ ਜੰਮੂ ਅਤੇ ਕਸ਼ਮੀਰ ਵਿੱਚ 12 ਹਜ਼ਾਰ ਲੋਕਾਂ ਨੇ ਐਪ ਨੂੰ ਦੇਖਿਆ ਹੈ। ਪੰਜਾਬ ਅੇਜੂਕੇਅਰ ਐਪ ਨੂੰ 2700 ਦੇ ਕਰੀਬ ਰਿਵਿਊ ਮਿਲ ਚੁੱਕੇ ਹਨ। ਇਸ ਸਬੰਧੀ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਮਰਪਿਤ ਅਤੇ ਮਿਹਨਤੀ ਅਧਿਆਪਕਾਂ ਨੇ ਵਿਲੱਖਣ ਕਾਰਜ ਕਰਦਿਆਂ ਕੋਵਿਡ-19 ਮਹਾਮਾਰੀ ਨੂੰ ਹਰਾਉਂਦਿਆਂ ‘ਪੰਜਾਬ ਐਜੂਕੇਅਰ ਐਪ’ ਲਈ ਵਿਸ਼ੇਸ਼ ਅਤੇ ਮਹੱਤਵਪੂਰਨ ਉਪਰਾਲੇ ਕੀਤੇ ਹਨ।