ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਹ ਕੁੜੀ...

10:31 AM Jul 25, 2020 IST

ਸਾਂਵਲ ਧਾਮੀ

Advertisement

ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਇਕ ਪਿੰਡ ਏ ਰਿਹਾਣਾ ਜੱਟਾਂ। ਇਸਦੇ ਲਹਿੰਦੇ ਵੱਲ ਮੀਰਾਪੁਰ ਤੇ ਗੁਜਰਾਤਾਂ ਪਿੰਡ ਪੈਂਦੇ ਹਨ। ਇਨ੍ਹਾਂ ਦਾ ਜ਼ਿਲ੍ਹਾ ਕਪੂਰਥਲਾ ਹੈ। ਇੱਥੋਂ ਦੇ ਮੁਸਲਮਾਨ ਗੁੱਜਰ ਖਨੌੜੇ ਵਾਲੇ ਜ਼ੈਲਦਾਰ ਦੇ ਮੌਰੂਸ ਹੁੰਦੇ ਸਨ। ਵੰਡ ਤੋਂ ਬਾਅਦ ਇੱਥੇ ਸਿੱਖ ਰਾਜਪੂਤ ਤੇ ਸਿਆਲਕੋਟੀਏ ਜੱਟ ਆਣ ਵਸੇ।

ਮੈਂ ਗੁਜਰਾਤਾਂ ਪਿੰਡ ਗਿਆ। ਨਰਿੰਦਰ ਸਿੰਘ ਪਰਮਾਰ ਨੂੰ ਮਿਲਿਆ। ਆਪਣੇ ਟੱਬਰ ਦੀ ਕਹਾਣੀ ਸੁਣਾਉਂਦਿਆਂ ਉਹ ਬੋਲੇ,“ਸਾਡੇ ਬਜ਼ੁਰਗ ਮਾਈਓ ਪੱਟੀ ਤੋਂ ਉੱਠ ਕੇ ਲਾਇਲਪੁਰ ਗਏ ਸੀ। ਤਹਿਸੀਲ ਸਮੁੰਦਰੀ ਸੀ ਤੇ ਥਾਣਾ ਤਾਂਦਲਿਆਂ ਵਾਲਾ। ਨੇੜੇ-ਨੇੜੇ ਪਿੰਡ ਸਨ; ਮਸਰੇੜੇ, ਨਾਸਰਵਾਲਾ, ਜੰਡਾਵਾਲੀ, ਬੇਦੀਆਂ, ਉੱਗਰਾਂ, ਗੰਡਾਸ ਵਾਲਾ ਤੇ ਚਰਖੀ। ਵੰਡ ਤੋਂ ਕੋਈ ਪੰਦਰਾਂ-ਸੋਲ੍ਹਾਂ ਵਰ੍ਹੇ ਪਹਿਲਾਂ ਮੇਰਾ ਜਨਮ ਸਿੱਖਾਂ ਦੇ ਚੱਕ ਹੋਇਆ। ਇਸਨੂੰ ਈਸਰ ਸਿੰਘ ਦੇ ’ਹਾਤੇ ਵੀ ਕਿਹਾ ਜਾਂਦਾ ਸੀ।

Advertisement

ਈਸਰ ਸਿੰਘ ਸਾਡੇ ਦਾਦੇ ਦਾ ਭਰਾ ਸੀ। ਉਹ ਅਕਸਰ ਘੋੜੇ ’ਤੇ ਚੜ੍ਹਿਆ ਰਹਿੰਦਾ। ਉਸਦੀ ਸਰਕਾਰੇ ਦਰਬਾਰੇ ਪੂਰੀ ਪਹੁੰਚ ਸੀ। ਪੁਲੀਸ, ਜੱਜ ਤੇ ਨਹਿਰ ਮਹਿਕਮੇ ਦੇ ਅਫ਼ਸਰਾਂ ਨਾਲ ਉਸਦੀ ਬੜੀ ਸਾਂਝ ਸੀ। ਜਦੋਂ ਸਾਡੇ ਨੇੜੇ ਸਟੇਸ਼ਨ ਬਣਿਆ ਤਾਂ ਅਫ਼ਸਰ ਕਹਿੰਦੇ- ਇਸਦਾ ਨਾਂ ਈਸਰ ਸਿੰਘ ਦੇ ਨਾਂ ’ਤੇ ਰੱਖਣਾ। ਉਹ ਬੜਾ ਦੂਰਦਰਸ਼ੀ ਬੰਦਾ ਸੀ। ਉਸਨੇ ਆਖਿਆ ਕਿ ਇਸ ਸਟੇਸ਼ਨ ਦਾ ਨਾਂ ਇਬਰਾਹੀਮ ਭੱਟੀ ਰੱਖੋ। ਭੱਟੀ ਵੀ ਬਹੁਤ ਵੱਡਾ ਜ਼ਿਮੀਂਦਾਰ ਸੀ। ਇਹ ਕੰਮ ਕਰਕੇ ਉਸਨੇ ਭੱਟੀਆਂ ਨੂੰ ਆਪਣੇ ਨਾਲ ਗੰਢ ਲਿਆ ਸੀ।

ਸਾਡੇ ਡੇਰੇ ਸੜੀਆਂ ਪਿੰਡ ਦੇ ਖੇਤਾਂ ’ਚ ਸਨ। ਬਾਬੇ ਹੋਰੀਂ ਚਾਰ ਭਰਾ ਸਨ। ਹਰਨਾਮ ਸੂੰ, ਤਾਨ ਸੂੰ, ਈਸਰ ਸੂੰ ਤੇ ਸੁਜਾਨ ਸੂੰ। ਉੱਥੇ ਦੋ ਘਰ ਹਰੀਪੁਰੀਏ ਜਵਾਲਾ ਸਿੰਘ ਤੇ ਬਾਰਾ ਸਿੰਘ ਦੇ ਸਨ। ਇਕ ਘਰ ਮਜ਼੍ਹਬੀਆਂ ਦਾ ਸੀ। ਕੁਝ ਘਰ ਡਰੋਲੀ, ਅਜਨੋਹੇ ਤੇ ਘੁੜਿਆਲ ਤੋਂ ਗਏ ਆਦਿ ਧਰਮੀ ਦੇ ਵੀ ਸਨ। ਇਹ ਲੋਕ ਕੱਪੜਾ ਬੁਣਦੇ ਤੇ ਵਪਾਰ ਕਰਦੇ।

ਸੜੀਆਂ ’ਚ ਖੱਗਾ ਕਬੀਲੇ ਦੇ ਲੋਕ ਵੱਸਦੇ ਸਨ। ਉਹ ਨੌ ਸੌ ਮੁਰੱਬੇ ਦੇ ਮਾਲਕ ਸਨ। ਜਲਾਲਦੀਨ, ਜਮਾਲਦੀਨ ਤੇ ਇਮਾਮ ਅਲੀ ਸ਼ਾਹ ਤਿੰਨ ਭਰਾ ਸਨ ਤੇ ਉਨ੍ਹਾਂ ਦੇ ਬਾਪ ਦਾ ਨਾਂ ਸੀ ਜ਼ੈਲਦਾਰ ਬਹਾਵਲ ਸ਼ਾਹ। ਇਸ ਪਰਿਵਾਰ ਦਾ ਸਾਡੇ ਨਾਲ ਬਹੁਤ ਮੇਲ-ਜੋਲ ਸੀ। ਸਾਡੇ ਕੋਲ ਕੁੱਲ ਚਾਰ ਮੁਰੱਬੇ ਸਨ। ਦੋ ਅਸੀਂ ਖੱਗਿਆਂ ਕੋਲੋਂ ਖ਼ਰੀਦੇ ਸਨ।

ਸਾਡੇ ਬਜ਼ੁਰਗਾਂ ਨੇ ਉਹ ਬੰਜ਼ਰ ਜ਼ਮੀਨ ਆਬਾਦ ਕੀਤੀ। ਚਾਰ ਕਿੱਲਿਆਂ ’ਚ ਸੰਤਰੇ ਤੇ ਮਾਲਟੇ ਦਾ ਬਾਗ਼ ਲਗਾਇਆ। ਜਦੋਂ ਉਹ ਫਲ਼ ’ਤੇ ਆਇਆ ਤਾਂ ਬਹਾਵਲ ਸ਼ਾਹ ਦੇ ਮੁੰਡਿਆਂ ਦੀ ਨੀਅਤ ਫਿੱਟ ਗਈ। ਉਨ੍ਹਾਂ ਨੇ ਲਾਇਲਪੁਰ ਦੀ ਅਦਾਲਤ ’ਚ ਇਹ ਅਪੀਲ ਕੀਤੀ ਕਿ ਸਾਡੇ ਬਾਪ ਨੇ ਗ਼ਲਤ ਕੰਮ ਕੀਤਾ ਏ। ਉਹ ਦੋ ਮੁਰੱਬੇ ਸਾਨੂੰ ਮੁੜ ਮਿਲਣੇ ਚਾਹੀਦੇ ਹਨ। ਤਕਰੀਬਨ ਚਾਰ ਸਾਲਾਂ ਬਾਅਦ ਅਸੀਂ ਉਹ ਕੇਸ ਜਿੱਤਿਆ ਸੀ।

ਸੰਤਾਲੀ ’ਚ ਖੱਗਿਆਂ ਨੂੰ ਸਾਥੋਂ ਬਦਲਾ ਲੈਣ ਦਾ ਮੌਕਾ ਮਿਲ ਗਿਆ। ਇਕ ਸਵੇਰ ਬੇਦੀਆਂ ਪਿੰਡ ਦੀ ਮਾਲਣ ਸਾਡੇ ਡੇਰੇ ’ਤੇ ਮਦਦ ਲਈ ਆਈ। ਕਿਸੇ ਬਦਮਾਸ਼ ਨੇ ਉਸਦਾ ਸਾਮਾਨ ਲੁੱਟ ਲਿਆ। ਉਸੀ ਸਵੇਰ ਖੱਗਿਆਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਔਰਤਾਂ ਤੇ ਛੋਟੇ ਬੱਚਿਆਂ ਨੂੰ ਅਸੀਂ ਪਹਿਲਾਂ ਹੀ ਸਮੁੰਦਰੀ ਲਾਗਲੇ ਕਿਸੇ ਚੱਕ ’ਚ ਪਹੁੰਚਾ ਦਿੱਤਾ ਸੀ। ਇਕ ਸਾਡੇ ਬਾਪ ਦੀ ਚਾਚੀ ਡੇਰੇ ’ਤੇ ਰਹਿ ਗਈ ਸੀ। ਉਸ ਕੋਲੋਂ ਤੁਰਿਆ ਨਹੀਂ ਸੀ ਜਾਂਦਾ।

ਸਾਡੇ ਬਜ਼ੁਰਗਾਂ ਨੇ ਪੂਰਾ ਦਨਿ ਖੱਗਿਆਂ ਦਾ ਮੁਕਾਬਲਾ ਕੀਤਾ। ਸ਼ਾਮ ਨੂੰ ਆਪਣੇ ਪਿੰਡ ਜਾਂਦੀ ਉਹ ਮਾਲਣ ਖੱਗਿਆਂ ਨੂੰ ਇਹ ਸੂਹ ਦੇ ਗਈ ਕਿ ਸਿੱਖਾਂ ਦੇ ਚੱਕ’ ਚ ਤਾਂ ਕੁੱਲ ਛੇ ਬੰਦੇ ਨੇ।

ਤੜਕੇ ਸਾਡੇ ਸੀਰੀ ਪੱਠੇ ਵੱਢਣ ਗਏ ਤਾਂ ਉਨ੍ਹਾਂ ਦੂਰੋਂ ਹਜ਼ੂਮ ਚੜ੍ਹਿਆ ਆਉਂਦਾ ਵੇਖ ਲਿਆ। ਪਠਾਨ, ਬਲੋਚ ਮਿਲਟਰੀ ਤੇ ਬਹਾਵਲ ਸ਼ਾਹ ਦੇ ਮੁੰਡਿਆਂ ਨੇ ਸਾਡਾ ਪਿੰਡ ਘੇਰਿਆ ਹੋਇਆ ਸੀ। ਮੇਰਾ ਬਾਪ ਕਹਿੰਦਾ- ਜੇ ਅਸਲਾ ਮੁੱਕ ਗਿਆ ਤਾਂ ਮਾਰੇ ਜਾਵਾਂਗੇ। ਚਲੋ ਹੁਣ ਨਿਕਲ ਚੱਲੀਏ। ਮੇਰੇ ਬਾਪ ਕੋਲ ਪੱਕੀ ਰਫ਼ਲ ਸੀ, ਸੁੱਚਾ ਸਿੰਘ ਤੇ ਗੁਰਬਚਨ ਸਿੰਘ ਹੋਰਾਂ ਕੋਲ ਦੁਨਾਲੀਆਂ ਸਨ। ਰਾਹ ’ਚ ਅਸੀਂ ਵਿੱਛੜ ਗਏ।

ਸਾਡੇ ਪਿੰਡ ਇਕ ਫ਼ਕੀਰ ਮੰਗਣ ਆਉਂਦਾ ਹੁੰਦਾ ਸੀ। ਉਸਦੀ ਉਜਾੜ ਜਿਹੇ ’ਚ ਢਾਰੀ ਸੀ। ਬਜ਼ੁਰਗ ਔਰਤ ਨੂੰ ਅਸੀਂ ਉਸ ਕੋਲ ਛੱਡ ਦਿੱਤਾ। ਉਹ ਕਹਿਣ ਲੱਗਾ- ਇਹ ਸਾਡੀ ਵੀ ਮਾਂ ਆ, ਤੁਸੀਂ ਇਸਦਾ ਫ਼ਿਕਰ ਨਾ ਕਰਿਓ। ਜਦੋਂ ਅਸੀਂ ਅਗਾਂਹ ਨਿਕਲੇ ਤਾਂ ਕੁਝ ਬੰਦੇ ਸਾਡਾ ਪਿੱਛਾ ਕਰਨ ਲੱਗੇ। ਸਾਡਾ ਬਾਪ ਪਿੱਛੇ ਨੂੰ ਮੁੜ-ਮੁੜ ਕੇ ਗੋਲੀ ਚਲਾਈ ਜਾਂਦਾ ਸੀ। ਉਸਦੇ ਹੱਥੋਂ ਦੋ ਤਿੰਨ ਬੰਦੇ ਮਾਰੇ ਵੀ ਗਏ। ਪਿੱਛਾ ਕਰਨ ਵਾਲਿਆਂ ’ਚ ਇਲਾਕੇ ਦਾ ਮਸ਼ਹੂਰ ਡਾਕੂ ਵੀ ਸੀ। ਕਦੇ ਮੇਰੇ ਬਾਪ ਨੇ ਉਸਨੂੰ ਗਵਾਹੀ ਦੇ ਕੇ ਛੁਡਵਾਇਆ ਸੀ। ਉਸਨੇ ਦੂਰੋਂ ਆਵਾਜ਼ ਮਾਰੀ- ਰਘੂਵੀਰ ਸਿਹਾਂ, ਤੂੰ ਏਂ?

ਮੂਹਰਿਓਂ ਮੇਰਾ ਬਾਪ ਕਹਿੰਦਾ- ਵਾਹ ਬਈ ਵਾਹ! ਬੜੀ ਛੇਤੀ ਭੁੱਲ ਗਿਆਂ!

ਉਸਨੇ ਦੱਸਿਆ ਕਿ ਸਾਡੇ ਚੱਕ ਦੇ ਕੁਝ ਬੰਦੇ ਗਲੋਈਆਂ ਪਿੰਡ ’ਚ ਕਤਲ ਕਰ ਦਿੱਤੇ ਗਏ ਹਨ। ਬਾਅਦ ’ਚ ਪਤਾ ਲੱਗਿਆ ਕਿ ਉਹ ਗੁਰਬਚਨ ਸਿੰਘ, ਸੁੱਚਾ ਸਿੰਘ ਤੇ ਸ਼ਿੰਗਾਰਾ ਸਿੰਘ ਸਨ। ਕੈਂਪ ’ਚੋਂ ਕੁਝ ਬੰਦੇ ਉਨ੍ਹਾਂ ਦੀਆਂ ਲਾਸ਼ਾਂ ਚੁੱਕਣ ਗਏ ਤਾਂ ਗਿੱਧਾਂ ਮਾਸ ਚਰੂੰਡ ਰਹੀਆਂ ਸਨ। ਉੱਥੇ ਰਾਮ ਸੂੰ ਦੇ ਵੀ ਗੋਲੀ ਵੱਜੀ ਸੀ, ਪਰ ਉਹ ਘੇਸਲਾ ਜਿਹਾ ਹੋ ਕੇ ਪਿਆ ਰਿਹਾ ਸੀ। ਕਾਤਲ ਗਏ ਤਾਂ ਲੱਤ ਘੜੀਸਦਾ ਉਹ ਕਿਸੇ ਤਰ੍ਹਾਂ ਤਾਂਦਲਿਆਂ ਵਾਲੇ ਪਹੁੰਚ ਗਿਆ ਸੀ। ਉਹ ਵੀ ਬਚ ਨਹੀਂ ਸੀ ਸਕਿਆ।

ਉਸ ਬਦਮਾਸ਼ ਨੇ ਮੇਰੇ ਬਾਪ ਨੂੰ ਦੱਸਿਆ- ਬਹਾਵਲ ਸ਼ਾਹ ਦੇ ਡੇਰੇ ਮੀਟਿੰਗ ਹੋਈ ਏ। ਉਹ ਕਹਿੰਦੇ ਆ ਕਿ ਸਿੱਖਾਂ ਦੇ ਚੱਕ ਤੋਂ ਸਮੁੰਦਰੀ ਤਕ ਟਾਂਡਾ-ਟਾਂਡਾ ਫਰੋਲ ਦਿਓ। ਈਸਰ ਕਿਆਂ ’ਚੋਂ ਕੋਈ ਬਚ ਕੇ ਨਹੀਂ ਜਾਣਾ ਚਾਹੀਦਾ। ਉਸਨੇ ਕਿਸੇ ਘਰੋਂ ਧੋਤੀਆਂ ਮੰਗੀਆਂ। ਜਾਂਗਲੀ ਲੋਕ ਇਸਨੂੰ ਮੰਜਲਾ ਕਹਿੰਦੇ ਨੇ। ਜਾਂਗਲੀਆਂ ਵਾਂਗ ਉਹ ਸਾਡੇ ਸਿਰਾਂ ’ਤੇ ਬੰਨ੍ਹ ਦਿੱਤੀਆਂ। ਉਹ ਸਾਨੂੰ ਮੇਨ ਸੜਕ ਤੋਂ ਦੋ ਕਿੱਲੇ ਹਟਵੀਂ ਪਗਡੰਡੀ ’ਤੇ ਪਾ ਗਿਆ। ਅਸੀਂ ਬਚ ਬਚਾ ਕੇ ਤੁਰਦੇ ਰਹੇ। ਅਚਾਨਕ ਜਰਨੈਲੀ ਸੜਕ ’ਤੇ ਘੋੜੀਆਂ ਦੇ ਖੁਰਾਂ ਦੀ ਟਪ-ਟਪ ਸੁਣੀਂ ਤਾਂ ਅਸੀਂ ਇਕ ਛੰਨ ’ਚ ਵੜ ਗਏ। ਉਹ ਮਸਰੇੜੇ ਜਾਂ ਜੰਡਾਵਾਲੀ ਚੱਕ ਦੀ ਜ਼ਮੀਨ ਹੋਵੇਗੀ।

ਛੰਨ ’ਚ ਮਾਂ-ਧੀ ਬੈਠੀਆਂ ਸਨ। ਮਾਂ ਪਹਿਲਾਂ ਤਾਂ ਡਰ ਗਈ ਤੇ ਫਿਰ ਥੋੜ੍ਹਾ ਸੰਭਲਦਿਆਂ ਸਾਨੂੰ ਬਾਹਰ ਨਿਕਲਣ ਲਈ ਕਹਿਣ ਲੱਗੀ। ਉਸਦੀ ਮੁਟਿਆਰ ਧੀ ਬੋਲੀ- ਮਾਂ ਯਾਦ ਕਰ ਇਹ ਉਸੀ ਸਰਦਾਰ ਦੀ ਔਲਾਦ ਆ, ਤੂੰ ਜਿਸਦੇ ਘੋੜੇ ਦੀ ਲਗਾਮ ਫੜਦੀ ਹੁੰਦੀ ਸੀ।

ਸਾਡੇ ਆਲੇ ਦੁਆਲੇ ਦੇ ਸਾਰੇ ਪਿੰਡਾਂ ’ਚ ਖੱਗਿਆਂ ਦਾ ਪੰਜ-ਸੱਤ ਸੌ ਮੁਰੱਬਾ ਬੰਜ਼ਰ ਪਿਆ ਸੀ। ਉੱਥੇ ਬਹੁਤ ਸੰਘਣੇ ਵਣ ਬੇਰੀਆਂ, ਜੰਡ ਤੇ ਕਰੀਹੇ ਹੁੰਦੇ ਸਨ। ਡੱਬਰੀਆਂ ’ਚ ਬੜੀ ਸੰਘਣੀ ਦੱਬ ਹੁੰਦੀ। ਉੱਥੇ ਸੱਪ ਬੜੇ ਹੁੰਦੇ ਸਨ। ਉਹ ਪਸ਼ੂਆਂ ਨੂੰ ਅਕਸਰ ਡੱਸ ਲੈਂਦੇ। ਸਾਡਾ ਬਾਬਾ ਡੱਸੇ ਹੋਏ ਸੱਪ ਦਾ ਇਲਾਜ ਜਾਣਦਾ ਸੀ। ਉਹ ਪਿੰਡ-ਪਿੰਡ ਘੁੰਮ ਕੇ ਮੁਫ਼ਤ ਇਲਾਜ ਕਰਦਾ। ਲੋਕ ਨੱਠ ਕੇ ਉਸਦੇ ਘੋੜੇ ਦੀ ਲਗਾਮ ਫੜਦੇ।

ਮਾਂ ਧੀ ਦੀ ਬਹਿਸ ਚੱਲ ਰਹੀ ਸੀ ਕਿ ਅਗਾਂਹ ਲੰਘ ਗਏ ਉਹ ਘੋੜ ਸਵਾਰ ਮੁੜ ਆਏ। ਉਨ੍ਹਾਂ ’ਚੋਂ ਇਕ ਮਾਈ ਨੂੰ ਕਹਿਣ ਲੱਗਾ- ਮਾਈ ਸਿੱਖਾਂ ਨੂੰ ਬਾਹਰ ਕੱਢ!

ਮਾਈ ਤਾਂ ਸ਼ਾਇਦ ਡੋਲ ਵੀ ਜਾਂਦੀ, ਪਰ ਉਸਦੀ ਜਵਾਨ ਧੀ ਨੇ ਅਜਿਹਾ ਕੰਮ ਕੀਤਾ ਕਿ ਸਾਡੀਆਂ ਜਾਨਾਂ ਬਚ ਗਈਆਂ। ਜਦੋਂ ਧਾੜਵੀ ਚਲੇ ਗਏ ਤਾਂ ਮਾਂ ਧੀ ਨੂੰ ਲਾਹਨਤ ਪਾਉਂਦਿਆਂ ਬੋਲੀ- ਆਹ ਤੂੰ ਬਹੁਤ ਮਾੜਾ ਕੰਮ ਕੀਤਾ। ਮੂਹਰਿਓਂ ਧੀ ਬੋਲੀ-ਮਾਂ ਮੈਂ ਜੋ ਵੀ ਕੀਤਾ, ਉਹ ਮੇਰੇ ਕੁਰਾਨ ਸ਼ਰੀਫ਼ ’ਚ ਲਿਖਿਆ ਹੋਇਆ।

ਉੱਥੋਂ ਨਿਕਲ ਕੇ ਸਾਡੇ ਬਾਪ ਨੇ ਆਪਣੀ ਬੰਦੂਕ ਰੂੜੀ ’ਚ ਦੱਬ ਦਿੱਤੀ। ਤੁਰਦੇ-ਤੁਰਦੇ ਅਸੀਂ ਗੰਡਾਸ ਵਾਲੀਏ ਲੰਬੜਦਾਰਾਂ ਦੇ ਘਰ ਪਹੁੰਚ ਗਏ। ਉੱਥੇ ਦੁੱਧ ਪੀਤਾ। ਉਹ ਸਾਨੂੰ ਨਾਲ ਲੈ ਤੁਰੇ। ਅਸੀਂ ਸਮੁੰਦਰੀ ਦੀ ਦਿਸ਼ਾ ’ਚ ਤੁਰ ਪਏ। ਮੂਹਰਿਓਂ ਦੋ ਮੁੰਡੇ ਮਿਲੇ। ਉਹ ਪੁੱਛਣ ਲੱਗੇ-ਕਿੱਧਰ ਹਲਕੇ ਆਉਂਦੇ ਓ? ਲੰਬੜਦਾਰ ਬੋਲਿਆ- ਹੋਰ ਚਾਰ ਦਨਿਾਂ ਤਕ ਅਮਨ-ਅਮਾਨ ਹੋ ਜਾਣਾ। ਫਿਰ ਇਨ੍ਹਾਂ ਸਰਦਾਰਾਂ ਵੀ ਆਪੋ ਆਪਣੇ ਘਰਾਂ ਨੂੰ ਮੁੜ ਆਉਣਾ। ਅੱਜ ਇਨ੍ਹਾਂ ਦੀ ਮਦਦ ਨਾ ਕੀਤੀ ਤਾਂ ਇਹ ਸਾਨੂੰ ਮਿਹਣੇ ਮਾਰਿਆ ਕਰਨਗੇ। ਉਹ ਸਾਨੂੰ ਕੈਂਪ ਤਕ ਛੱਡ ਗਏ। ਬੁੜੀਆਂ ਦੇ ਭਾਅ ਦੇ ਅਸੀਂ ਵੀ ਮਰ ਮੁੱਕ ਗਏ ਸਾਂ। ਉਹ ਸਾਡਾ ਪਿੱਟ ਸਿਆਪਾ ਵੀ ਕਰ ਚੁੱਕੀਆਂ ਸਨ।

ਅਗਲੇ ਦਨਿ ਸਾਡਾ ਕਾਫਲਾ ਤੁਰਿਆ। ਸਾਡੇ ਕਾਫਲੇ ਵਿਚ ਤੇਰਾਂ ਸੌ ਗੱਡਾ ਸੀ। ਭਾਈ ਫੇਰੂ ਪਹੁੰਚੇ ਤਾਂ ਬਲੋਚ ਰੈਜੀਮੈਂਟ ਨੇ ਸਾਡੇ ਕੋਲੋਂ ਸਭ ਹਥਿਆਰ ਲੈ ਲਏ। ਜੇ ਮੌਕੇ ’ਤੇ ਡੋਗਰਾ ਮਿਲਟਰੀ ਨਾ ਪਹੁੰਚਦੀ ਤਾਂ ਅਸੀਂ ਮਾਰੇ ਜਾਣਾ ਸੀ। ਬੜੀਆਂ ਮੁਸ਼ਕਲਾਂ ਨਾਲ ਅਸੀਂ ਇੱਧਰ ਆਏ। ਪਹਿਲਾਂ ਅਲਾਵਲਪੁਰ ’ਚ ਕੱਚੀ ਅਲਾਟਮੈਂਟ ਹੋਈ। ਸੰਨ ਪੰਜਾਹ ’ਚ ਅਸੀਂ ਇੱਥੇ ਗੁਜਰਾਤਾਂ ਪਿੰਡ ’ਚ ਆ ਗਏ।” ਗੱਲ ਮੁਕਾ ਕੇ ਪਰਮਾਰ ਹੋਰਾਂ ਲੰਮਾ ਸਾਹ ਲਿਆ।

“ਛੰਨ ਵਾਲੀ ਮਾਈ ਦੀ ਧੀ ਨੇ ਕਿਹੜਾ ਕੰਮ ਕੀਤਾ ਸੀ?” ਇਹ ਮੇਰਾ ਆਖ਼ਰੀ ਸਵਾਲ ਸੀ।

“ਉਸਨੇ ਆਪਣੇ ਸਿਰ ’ਤੇ ਕੁਰਾਨ ਚੁੱਕ ਲਿਆ ਤੇ ਸਹੁੰ ਖਾ ਕੇ ਬੋਲੀ ਸੀ-ਸਾਡੇ ਘਰ ਕੋਈ ਕਾਫਰ ਨਹੀਂ ਆਇਆ! ਉਹ ਕੁੜੀ ਮੈਨੂੰ ਕਦੇ ਨਹੀਂ ਭੁੱਲੀ। ਇਹ ਜ਼ਿੰਦਗੀ ਉਸਦੀ ਅਮਾਨਤ ਹੈ।” ਗੱਲ ਮੁਕਾਉਂਦਿਆਂ ਨਰਿੰਦਰ ਸਿੰਘ ਦਾ ਸਿਰ ਸ਼ਰਧਾ ’ਚ ਝੁਕ ਗਿਆ।

ਸੰਪਰਕ : 97818-43444

Advertisement
Tags :
ਕੁੜੀ