ਨਾਹਣੂ ਨੂੰ ਦਿੱਤੀ ਥਾਪੀ
ਰੂਪ ਸਤਵੰਤ ਸਿੰਘ
ਸਰਕਾਰੀ ਛੁੱਟੀ ਸੀ। ਰੋਜ਼ਾਨਾ ਵਾਂਗ, ਮੈਂ ਤੜਕੇ ਉੱਠਿਆ, ਨ੍ਹਾਤਾ ਤੇ ਚਾਹ ਦੀਆਂ ਚੁਸਕੀਆਂ ਲੈਂਦਾ ਬਹਿ ਗਿਆ ਨਿੰਮ ਥੱਲੇ, ਅਖ਼ਬਾਰ ਦੀ ਜਾਮਾ-ਤਲਾਸ਼ੀ ਲੈਣ। ਜਦ ਵੀ ਪਿੰਡ ਆਇਆ ਹੋਵਾਂ ਤਾਂ ਨਵੇਂ ਜਹੇ ਛੋਹਰ ਤੇ ਬਜ਼ੁਰਗ ਅਕਸਰ ਮੇਰੇ ਕੋਲ ਆ ਬਹਿੰਦੇ ਹਨ। ਗੱਲਾਂ ਦਾ ਹਰੇਕ ਨੂੰ ਮੱਸ ਹੁੰਦੈ, ਮੈਨੂੰ ਵੀ ਆ।
ਓਦਣੇ ਵੇਹੜੇ ‘ਚ ਬੈਠੇ ਨੂੰ ਕਿਤੇ ਨਾਹਣੂ ਨੇ ਵੇਖ ਲਿਆ। ‘‘ਚਾਚਾ ਕੈਮ ਆਂ। ਅੱਜ ਤਾਂ ਫੇਰ ਛੁੱਟੀ ਇੰਜੁਆਏ ਹੋ ਰਹੀ ਆ। ਐਂ ਲੋਟ ਆ ਥੋਡਾ ਸਰਕਾਰੀਆਂ ਦਾ’’, ਗੇਟਾਂ ‘ਚ ਖੜ੍ਹੇ ਨਾਹਣੂ ਨੇ ਟਿੱਚਰ ਕੀਤੀ। ਨਾਹਣੂ, ਵਿਹਲੜ ਪਿਉ ਤੇ ਰੋਗਣ ਮਾਂ ਦਾ 12 ਪੜਿ੍ਹਆ ਛੋਹਰ ਆ। ਕਦੇ ਮਿੱਟੀ ਆਲਿਆਂ ਨਾਲ ਠੇਕੇ ’ਤੇ ਟਰੈਕਟਰ ਚਲਾਉਣ ਲੱਗ ਜਾਂਦਾ, ਕਦੇ ਬੀਮਾ ਕੰਪਨੀ ਦਾ ਕਾਰਡ ਗਲ ਪਾਈ ਫਿਰੂ ਤੇ ਕਦੇ ਡੈਂਟਿੰਗ-ਪੇਂਟਿੰਗ। ਨਾ ਛੇਤੀ ਕਿਤੇ ਦਿਮਾਗ ਟਿਕਦਾ ਤੇ ਨਾ ਉਹ। ਉਮਰ ‘ਚ ਨਾਹਣੂ ਮੈਥੋਂ 6-7 ਸਾਲ ਹੀ ਛੋਟਾ, ਪਰ ਜਵਿੇਂ ਪਿੰਡਾਂ ਦਾ ਰਵਿਾਜ਼ ਹੁੰਦਾ ਬਲਾਉਣ ਲਈ ‘ਚਾਚਾ-ਤਾਇਆ’ ਆਪੇ ਲੱਗ ਜਾਂਦਾ ਨਾਲ।
‘‘ਕੀ ਚਲਦਾ ਫੇਰ ਨਾਹਣੂ, ਅੱਜ ਕੱਲ੍ਹ? ਕਿੱਥੇ ਹੁੰਨਾਂ’’, ਮੈਂ ਪੁੱਛਿਆ।
‘‘ਆਪਾਂ ਕਿਹੜਾ ਤੇਰੇ ਆਂਗੂੰ ਜੂਨੀਵਾਟੀ ਜਾਣਾ, ਚਾਚਾ। ਅਹੀਂ ਤਾਂ ਐਥੇ ਈ ਧੱਕੇ ਖਾਣੇ ਆ।’’
‘‘ਕਿਉਂ, ਯੂਨੀਵਰਸਿਟੀ ਕਿਹੜਾ ਮੈਂ ਬੈਅ ਕਰਾਲੀ। ਜਿਹੜਾ ਮਰਜ਼ੀ ਪੜ੍ਹ ਲਵੇ। ਬਸ ਇਰਾਦਾ ਹੋਣਾ ਚਾਹੀਦੈ।’’
‘‘ਓ ਨਾ ਚਾਚਾ ਤੂੰ ਤਾਂ ਗੁੱਸਾ ਖਾ ਗਿਆ। ਮੈਂ ਤਾਂ ਐਂ ਕਹਿੰਦਾ ਸੀ, ਬਈ ਕਿਸਮਤ ਵਾਹਲੀ ਘੈਂਟ ਚੀਜ਼ ਹੁੰਦੀ ਆ। ਹੁਣ ਦੇਖਲਾ 5ਵਾਂ ਸਾਲ ਜਾਂਦਾ ਪਲੱਸ ਟੂ ਕਰੀ ਨੂੰ। ਪਹਿਲਾਂ ਭਰਤੀ ਦੇਖਣ ਗਿਆ ਸੀ ਲੁੱਦੇਹਾਣੇ 3 ਨੰਬਰਾਂ ’ਤੇ ਰਹਿ ਗਿਆ। ਫੇਰ ਇੱਕ ਟੈਸਟ ਜਿਆ ਦਿੱਤਾ ਉਹ ਪੇਪਰ ਹੀ ਕੈਂਸਲ ਹੋ ਗਿਆ। ਆਹ ਫਿਰਦਾਂ ਗੱਡੀਆਂ ‘ਤੇ ਰੇਗਮਾਰ ਫੇਰਦਾ। ਲੇਖਾਂ ਦੇ ਸੌਦੇ ਆ ਚਾਚਾ ਲੇਖਾਂ ਦੇ’’। ਮੈਂ ਉਤਲੇ ਮਨੋਂ ਹੌਸਲਾ ਦਿੰਦਿਆਂ ਉਹਨੂੰ ਥਾਪੀ ਦਿੱਤੀ ਤੇ ਹਾਰ ਤੋਂ ਨਾ ਡਰਨ ਦੀ ਸਲਾਹ ਵੀ ਨਾਲ ਹੀ ਦੇ ਛੱਡੀ। ਪਰ ਪਤਾ ਮੈਨੂੰ ਵੀ ਸੀ ਕਿ ਮੇਰੇ ਕਿਸੇ ਬੋਲ ਦਾ ਉਹਦੇ ‘ਤੇ ਭੋਰਾ ਅਸਰ ਨਹੀਂ ਹੋਣਾ। ਅਸਲੋਂ ਵਿਚਾਰੇ ਦਾ ਕਸੂਰ ਵੀ ਤਾਂ ਹੈਨੀ ਕੋਈ, ਹਾਲਾਤ ਦਾ ਝੰਬਿਆ ਬੰਦਾ ਡਾਹਡਾ ਕਿਸਮਤਵਾਦੀ ਹੋ ਜਾਂਦਾ। ਪਰ ਪਾਪੀ ਪੇਟ ਧਾਪੜਨ ਲਈ ਕੋਈ ਨਾ ਕੋਈ ਹੀਲਾ ਤਾਂ ਕਰਨਾ ਈ ਪੈਂਦਾ। ਨਾਹਣੂ ਨੇ ਵੀ ਤਾਹੀਓਂ ਪਿੰਡ ਆਲੇ ਬੈਂਕ ਤੋਂ ਪੰਜ-ਸਾਲੀ ਕਿਸ਼ਤ ਕਰਾਕੇ ਛੋਟਾ ਹਾਥੀ ਲੈ ਲਿਆ ਸੀ। ਹਾਜ਼ਿਰ-ਜੁਆਬੀ ਤੇ ਜੁਗਾੜੀਪਣਾ ਤਾਂ ਜਵਿੇਂ ਜਮਾਂਦਰੂ ਹੀ ਸੀ ਉਹਦੇ ਕੋਲ। ਊਂ ਹੱਥ ਵੀ ਬਥੇਰਾ ਸਾਫ਼ ਸੀ, ਬਸ ਥੋੜ੍ਹਾ ਕਾਹਲੀਖ਼ੋਰ ਆ ਪੱਟੂ। ਚਾਹ ਪੀਂਦੇ -ਪੀਂਦੇ ਇੱਕ ਗੱਲ ਮੇਰਾ ਮੱਥਾ ਖੜਕਾਉਣ ਲੱਗੀ। ‘‘ਓ ਛੋਹਰਾ, ਤੇਰਾ ਕੰਮ ਤਾਂ ਵਾਹਲਾ ਵਧੀਆ ਬਈ। ਲੋਕਾਂ ਦਾ ਬੋਝਾ ਢੋਅ ਕੇ ਜਿੰਨਾਂ ਕਮਾਉਨੈ ਓਨਾਂ ਤਾਂ ਅੱਧੇ ਘੰਟੇ ‘ਚ ਡੁੱਕ੍ਵ ਲਿਆ ਕਰੇਂਗਾ, ਜੇ ਭੋਰਾ ਹਿੰਮਤ ਕਰੇਂ।’’
‘‘ਛੱਡ ਚਾਚਾ, ਇਹ ਕਿਤਾਬੀ ਗੱਲਾਂ। ਇਹ ਹਿੰਮਤ, ਹੌਸਲੇ ਅਰਗੀਆਂ ਚੀਜਾਂ ਰੱਜੇ ਢਿੱਡਾਂ ਨੂੰ ਹੀ ਆਉੜ੍ਹਦੀਆਂ ਨੇ। ਭੁੱਖੇ, ਕੋਲ ਰੋਟੀ ਦਾ ਈ ਫ਼ਿਕਰ ਹੁੰਦੈ ਤੇ ਰੋਟੀ ਦਾ ਈ ਜ਼ਿਕਰ।’’
‘‘ਮੈਂ ਇਉਂ ਕਹਨਿਾਂ, ਬਈ ਹੱਥ ਤੇਰਾ ਵਾਹਵਾ ਸਾਫ ਆ ਮੈਨੂੰ ਪਤਾ। ਬਸ 2-4 ਮਹੀਨੇ ਕਿਸੇ ਚੰਗੇ ਜਹੇ ਫਾਸਟ ਫੂਡ ਆਲੇ ਰੈਸਟੋਰੈਂਟ ’ਤੇ ਲਾ ਛੱਡ। ਸਾਧਨ ਤੇਰੇ ਕੋਲ ਹੈਗਾ ਈ ਆ ਆਪਦਾ, ਜਿੰਨੇ ਮਰਜ਼ੀ ਨੋਟ ਛਾਪੀਂ ਫੇਰ। ਫੂਡ ਇੰਡਸਟਰੀ ਦੀ ਤਾਂ ਬੱਲੇ-ਬੱਲੇ ਆ ਅੱਜ ਕੱਲ੍ਹ।’’ ਆਸ ਤਾਂ ਕੋਈ ਹੈ ਨਹੀਂ ਸੀ ਪਰ, ਚਾਚੇ ਦੀ ਮੰਨ ਲਈ ਸੀ ਐਤਕੀਂ ਉਹਨੇ। ਤੇ ਹੁਣ ਅਗਲਾ ਕਾਰੀਗ਼ਰ ਬਣਨ ਲੱਗ ਗਿਆ ਸੀ। ਜਿੱਥੋਂ ਤੱਕ ਮੈਨੂੰ ਯਾਦ ਆ, ਏਹ ਗੱਲ 2019 ਦੀ ਆ। ਤੁਸੀਂ ਸੋਚੋਗੇ ਫੇਰ ਹੁਣ ਮੈਂ ਇਹ ਕਿਉਂ ਦੱਸ ਰਿਹਾਂ। ਦਰਅਸਲ, ਮੈਂ ਫੇਰ ਛੁੱਟੀ ‘ਤੇ ਪਿੰਡ ਆਇਆ ਹਾਂ। ਸਵੇਰੇ 10 ਕੁ ਵਜੇ ਡੋਰ ਬੈੱਲ ਵੱਜੀ। ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਨਾਹਣੂ ਸੀ ਤੇ ਨਾਲ ਸੀ ਇੱਕ ਸੱਜ ਵਿਆਹੀ ਮੁਟਿਆਰ। ‘‘ਸਤਿ ਸ੍ਰੀ ਅਕਾਲ, ਚਾਚਾ। ਮੈਂ ਦੇਖ ਲਿਆ ਸੀ ਰਾਤ ਤੈਨੂੰ ਘਰ ਆਉਂਦੇ ਨੂੰ। ਮਖਿਆ ਐਂਤਕੀ ਮਿਲਾਂਗੇ ਵੀ ਤੇ ਮੂੰਹ ਵੀ ਮਿੱਠਾ ਕਰਾਵਾਂਗੇ।’’
ਗੱਲਾਂ ਕਰਦੇ-ਕਰਦੇ ਅਸੀਂ ਅੰਦਰ ਆ ਵੜੇ। ਚਾਹ-ਪਾਣੀ ਮਗਰੋਂ ਨਾਹਣੂ ਕਹਿੰਦਾ ‘‘ਚਾਚਾ ਤੇਰੀ ਗੱਲ ਪੁੱਗ ਗੀ। ਤੈਨੂੰ ਯਾਦ ਆ ਕਰੋਨੇ ਤੋਂ ਥੋੜ੍ਹਾ ਚਿਰ ਪਹਿਲਾਂ ਕੇਰਾਂ ਐਥੇ ਹੀ, ਏਸੇ ਵੇਹੜੇ ‘ਚ ਆਪਣੀਆਂ ਗੱਲਾਂ ਹੋਈਆਂ ਸੀ। ਤੂੰ ਹਿੰਮਤ ਕਰਨ ਲਈ ਮੈਨੂੰ ਥਾਪੀ ਦਿੱਤੀ ਸੀ ਤੇ ਮੈਂ ਤੇਰੇ ਆਲੀ ਥਾਪੀ ਗਹਾਂ ਆਪਦੇ ਛੋਟੇ ਹਾਥੀ ਨੂੰ ਫਾਰਵਰਡ ਕਰਤੀ। ਭਾਵੇਂ ਕਰੋਨਾ ਵਾਹਲੀ ਦੁਨੀਆਂ ਖਾ ਗਿਆ, ਪਰ ਮੇਰਾ ਅੱਡਾ ਜਮਾ ਗਿਆ। ਤੇਰੀ ਉਹ ਥਾਪੀ ਐਸੀ ਰਾਸ ਆਈ ਚਾਚਾ ਕਿ ਹੁਣ ਮੇਰੇ ਆਲਾ ਛੋਟਾ ਹਾਥੀ ਆਪ ਵੀ ਰੱਜਦਾ ਤੇ ਪੂਰੇ ਟੱਬਰ ਨੂੰ ਵੀ ਰਜਾ ਛੱਡਦਾ।’’ ਅੱਜ ਉਹ ਬਹੁਤ ਖੁਸ਼ ਦਿਖਦਾ ਸੀ। ਹੌਸਲੇ ਤੇ ਤਰੱਕੀ ਦੀ ਲਿਸ਼ਕ ਉਹਦੀਆਂ ਅੱਖਾਂ ‘ਚ ਲੁੱਡੀਆਂ ਪਾ ਰਹੀ ਸੀ। ਉਹਦੀ ਕਾਮਯਾਬੀ ਮੈਨੂੰ ਵੀ ਸਰਸ਼ਾਰ ਕਰੀ ਜਾ ਰਹੀ ਸੀ।
ਫੇਰ, ਵਿਆਹੁੰਦੜ ਵੱਲ ਹੱਥ ਕਰਕੇ ਕਹਿੰਦਾ, ‘’ਵਿਆਹ ਹੋ ਗਿਆ ਚਾਚਾ, ਈਟੀਟੀ ਕਰੀ ਐ। ਆਪਣੇ ਲੋਹਟਬੱਦੀ ਲੱਗੀ ਹੋਈ ਆ..। ਪੱਕੀ ਮਾਸਟਰਨੀ। ਇਹ ਤੜਕੇ ਸਕੂਟੀ ਹੱਕ ਦਿੰਦੀ ਆ ਤੇ ਮੈਂ ਹਾਥੀ। ਆਥਣ ਨੂੰ ਦਿਹਾੜੀ ਪਾ ਕੇ ਆ ਵੜੀ ਦਾ ਘਰੇ।… ਤੂੰ ਸੱਚ ਕਹਿੰਦਾ ਸੀ ਚਾਚਾ, ਹਿੰਮਤ ਡਰਦਿਆਂ ਦੀ ਨਹੀਂ, ਕਰਦਿਆਂ ਦੀ ਮਸ਼ੂਕ ਹੁੰਦੀ ਆ। ਮੈਂ ਐਵੇਂ ਝੂਰਦਾ ਰਿਹਾ ਇਹ ਤਾਂ ਵਾਹਲੀ ਨਿੱਘਰ ਚੀਜ਼ ਨਿੱਕਲੀ ‘’, ਉਹਨੇ ਪੂਰੇ ਜੋਸ਼ ਨਾਲ ਆਖਿਆ।
ਨਾਹਣੂ ਨੇ ‘ਹਿੰਮਤ’ ਵਿਆਹ ਲਈ ਆ, ਹੁਣ ਲਾਗਲੇ ਸ਼ਹਿਰ ‘ਚ ਟੂਰਿੰਗ ‘ਫਾਸਟ ਫੂਡ ਹੱਬ’ ਚਲਾਉਂਦਾ। ਤੇ ਮੈਂ.. ਸੱਚੀਂ ਬਹੁਤ ਖੁਸ਼ ਹਾਂ, ਸ਼ਾਇਦ ਏਸੇ ਲਈ ਉਹਦੀ ਵਿਥਿਆ ਅੱਖਰਾਂ ‘ਚ ਵਲ੍ਹੇਟ ਕੇ ਥੋਡੇ ਹਵਾਲੇ ਕਰੀ ਜਾਨਾ।
ਸੰਪਰਕ: 81968-21300