ਪਿੰਗਲਵਾੜਾ ਸੁਸਾਇਟੀ ਦੀ ਬਦੌਲਤ ਬਿਹਾਰ ਦੇ ਨੌਜਵਾਨ ਨੂੰ ਨਸੀਬ ਹੋਇਆ ਘਰ-ਪਰਿਵਾਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਸਤੰਬਰ
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਬਰਾਂਚ ਸੰਗਰੂਰ ਦੀ ਬਦੌਲਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲਾਵਾਰਸ ਹਾਲਤ ਵਿੱਚ ਮਿਲੇ ਬਿਹਾਰ ਦੇ ਨੌਜਵਾਨ ਨੂੰ ਤੰਦਰੁਸਤ ਜੀਵਨ ਅਤੇ ਆਪਣਾ ਪਰਿਵਾਰ ਨਸੀਬ ਹੋਇਆ ਹੈ। ਇਸ ਨੌਜਵਾਨ ਨੂੰ ਅੱਜ ਉਸ ਦੇ ਪਰਿਵਾਰਕ ਮੈਂਬਰ ਬਿਹਾਰ ਤੋਂ ਲੈਣ ਪੁੱਜੇ ਸੀ ਜਿਸਨੂੰ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਚੀਮਾ ਅਤੇ ਸਮੁੱਚੀ ਟੀਮ ਵਲੋਂ ਖੁਸ਼ੀਆਂ ਭਰੇ ਮਾਹੌਲ ਵਿਚ ਪਰਿਵਾਰ ਨਾਲ ਬਿਹਾਰ ਲਈ ਰਵਾਨਾ ਕੀਤਾ ਗਿਆ। ਪਿੰਗਲਵਾੜਾ ਸੁਸਾਇਟੀ ਬਰਾਂਚ ਸੰਗਰੂਰ ਦੇ ਚੇਅਰਮੈਨ ਤਰਲੋਚਨ ਸਿੰਘ ਚੀਮਾ ਨੇ ਦੱਸਿਆ ਕਿ ਕਰੀਬ ਸਵਾ ਮਹੀਨਾ ਪਹਿਲਾਂ ਸਥਾਨਕ ਸ਼ੋਸ਼ਲ ਮਾਨਵਤਾ ਭਲਾਈ ਟੀਮ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇਂੱਕ ਨੌਜਵਾਨ ਨੂੰ ਲਾਵਾਰਸ ਹਾਲਤ ਵਿੱਚ ਦਾਖ਼ਲ ਕਰਵਾਇਆ ਸੀ, ਜਿਸ ਦੀ ਪਿੰਗਲਵਾੜਾ ਬਰਾਂਚ ਵਿੱਚ ਸਾਂਭ ਸੰਭਾਲ ਅਤੇ ਇਲਾਜ ਆਦਿ ਕਰਵਾਇਆ ਗਿਆ। ਨੌਜਵਾਨ ਦੀ ਕੌਂਸਲਿੰਗ ਤੇ ਸੇਵਾ ਸੰਭਾਲ ਸੇਵਾਦਾਰ ਜੁਗਰਾਜ ਸਿੰਘ ਰਿਟਾਇਰਡ ਪੁਲੀਸ ਇੰਸਪੈਕਟਰ ਵੱਲੋਂ ਕੀਤੀ ਗਈ। ਨੌਜਵਾਨ ਰਾਜਨ ਮੁਨੀ ਦੇ ਦੱਸਣ ਮੁਤਾਬਕ ਉਸਦੇ ਭਰਾ ਚੰਦਨ ਪੁੱਤਰ ਸੁਰਿੰਦਰ ਮੁਨੀ ਨਾਲ ਸੰਪਰਕ ਕੀਤਾ ਗਿਆ। ਚੰਦਨ ਨੇ ਆਪਣੇ ਭਰਾ ਰਾਜਨ ਮੁਨੀ ਦੇ ਸਬੂਤ ਪੇਸ਼ ਕੀਤੇ। ਵਿਛੜੇ ਮਿਲੇ ਆਪਣੇ ਭਰਾ ਲਈ ਸੰਸਥਾ ਦੇ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਧਰਤ ’ਤੇ ਇਨਸਾਨੀਅਤ ਅਜੇ ਵੀ ਜਿਊਂਦੀ ਹੈ ਅਤੇ ਸੰਸਥਾ ਦੇ ਪ੍ਰਬੰਧ ਦੇਖ ਕੇ ਉਸਨੂੰ ਬਹੁਤ ਖੁਸ਼ੀ ਮਿਲੀ ਹੈ ਜਿਸਦੀ ਬਦੌਲਤ ਉਸ ਦਾ ਭਰਾ ਮਿਲਿਆ ਹੈ। ਬਰਾਂਚ ਸੰਗਰੂਰ ਦੇ ਚੇਅਰਮੈਨ ਤਰਲੋਚਨ ਸਿੰਘ ਚੀਮਾਂ ਨੇ ਦੱਸਿਆ ਕਿ ਜਾਣ ਵੇਲੇ ਰਾਜਨ ਮੁਨੀ ਨੂੰ ਤਿੰਨ ਮਹੀਨਿਆਂ ਦੀ ਮੁਫ਼ਤ ਦਵਾਈ ਅਤੇ ਕੱਪੜੇ ਵੀ ਦਿੱਤੇ ਗਏ ਹਨ।