ਭਗਤਾ ਭਾਈ ਵਿੱਚ ਸੰਗਤ ਵੱਲੋਂ ਸ਼ੁਕਰਾਨਾ ਅਰਦਾਸ
ਪੱਤਰ ਪ੍ਰੇਰਕ
ਭਗਤਾ ਭਾਈ, 5 ਜੂਨ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਜ਼ਾਦ ਤੌਰ ’ਤੇ ਚੋਣ ਲੜ ਕੇ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਅਤੇ ਹਲਕਾ ਖਡੂਰ ਸਾਹਿਬ ਤੋਂ ਜੇਤੂ ਰਹੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਿੱਤ ਉਪਰੰਤ ਉਨ੍ਹਾਂ ਦੇ ਸਮਰਥਕਾਂ ਅਤੇ ਸੰਗਤ ਵੱਲੋਂ ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈ ਵਿੱਚ ਸ਼ੁਕਰਾਨਾ ਅਰਦਾਸ ਕੀਤੀ ਗਈ।
ਇਸ ਮੌਕੇ ਡਾ. ਨਿਰਭੈ ਸਿੰਘ ਭਗਤਾ, ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਬਲਜਿੰਦਰ ਸਿੰਘ ਬਾਬੇਕਾ, ਕਥਾਵਾਚਕ ਭਾਈ ਹਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਭਗਤਾ ਨੇ ਸ੍ਰੀ ਖਾਲਸਾ ਅਤੇ ਅੰਮ੍ਰਿਤਪਾਲ ਦੀ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਹਲਕਾ ਰਾਮਪੁਰਾ ਫੂਲ ਦੇ ਵੋਟਰਾਂ ਵੱਲੋਂ ਦਿੱਤੇ ਹੁੰਗਾਰੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ। ਆਗੂਆਂ ਨੇ ਆਸ ਪ੍ਰਗਟ ਕੀਤੀ ਕਿ ਦੋਵੇਂ ਜੇਤੂ ਲੋਕ ਸਭਾ ਮੈਂਬਰ ਸਿੱਖ ਪੰਥ ਅਤੇ ਪੰਜਾਬ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਯਤਨ ਕਰਨਗੇ।
ਇਸ ਮੌਕੇ ਭਾਈ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਬੂਟਾ, ਕੇਵਲ ਸਿੰਘ, ਸੇਵਕ ਸਿੰਘ, ਜਸਵਿੰਦਰ ਸਿੰਘ ਕੋਠੇ ਭਾਈਆਣਾ, ਢਾਡੀ ਬਲਵਿੰਦਰ ਸਿੰਘ, ਸੁਖਚੈਨ ਸਿੰਘ, ਸਰਦੂਲ ਸਿੰਘ ਬਿਦਰ, ਸੇਵਕ ਸਿੰਘ ਸਣੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ।
ਫ਼ਰੀਦਕੋਟ ਤੇ ਖਡੂਰ ਸਾਹਿਬ ਤੋਂ ਜੇਤੂ ਉਮੀਦਵਾਰਾਂ ਤੋਂ ਸਿੱਖ ਸੰਗਤ ਬਾਗੋ-ਬਾਗ਼
ਮੋਗਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੀ ਸਿਆਸਤ ਹੁਣ ਕਿਸੇ ਵੀ ਰਾਜਨੀਤਕ ਦਲ ਦੇ ਰੁਤਬੇ ਨਾਲੋਂ ਉਮੀਦਵਾਰਾਂ ਦੇ ਨਿੱਜੀ ਆਧਾਰ ਵੱਲ ਵਧਦੀ ਜਾ ਰਹੀ ਹੈ। ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੇ ਸੂਬੇ ਦੀ ਰਾਜਨੀਤੀ ਨੂੰ ਉਲਝਾ ਦਿੱਤਾ ਹੈ। ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਦੋਵਾਂ ਦੀ ਜਿੱਤ ਮਗਰੋਂ ਸਿੱਖ ਸੰਗਤ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਸੰਤ ਖਾਲਸਾ ਗੁਰਦੁਆਰਾ ਸਾਹਿਬ ਪਿੰਡ ਰੋਡੇ ਵਿੱਚ ਅਰਦਾਸ ਕੀਤੀ। ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਅਕਾਲੀ ਦਲ ਨੂੰ ਪੰਥਕ ਸਮਝ ਕੇ ਵੋਟਾਂ ਪਾਉਂਦੇ ਰਹੇ। ਸੂਬੇ ਦੀ ਸਿਆਸਤ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਹੀ ਘੁੰਮਦੀ ਰਹੀ ਹੈ। ਅਕਾਲੀ ਆਗੂ ਸਿੱਖ ਸਿਧਾਤਾਂ ਤੋਂ ਥਿੜਕਦੇ ਗਏ ਤਾਂ ਅਕਾਲੀ ਦਲ ਦੇ ਪੰਥਕ ਹੋਣ ’ਤੇ ਪ੍ਰਸ਼ਨ ਚਿੰਨ੍ਹ ਲੱਗਣ ਲੱਗੇ। ਇਸ ਵਾਰ ਅਕਾਲੀ ਦਲ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੀ ਰਹੀ ਹੈ।