For the best experience, open
https://m.punjabitribuneonline.com
on your mobile browser.
Advertisement

ਠਾਣੇਦਾਰ

07:18 AM Mar 25, 2024 IST
ਠਾਣੇਦਾਰ
Advertisement

ਡਾ. ਮਨਜੀਤ ਸਿੰਘ ਬੱਲ

ਮੈਡੀਕਲ ਕਾਲਜ ਰਜਿੰਦਰਾ ਹਸਪਤਾਲ ਪਟਿਆਲਾ ਦੀ ਤਾਇਨਾਤੀ ਦੌਰਾਨ ਕੈਂਸਰ ਜਾਗਰੂਕਤਾ ਲੈਕਚਰ ਵਾਸਤੇ ਸਾਡੀ ਟੀਮ ਪਟਿਆਲਾ ਜੇਲ੍ਹ ਅੰਦਰ ਗਈ ਤਾਂ ਔਰਤਾਂ ਵਾਲੀ ਵਾਰਡ ’ਚ 75-80 ਔਰਤਾਂ ਦਰੀਆਂ ’ਤੇ ਬੈਠੀਆਂ ਸਨ। ਸਾਡੀ ਟੀਮ ਨੂੰ ਦੇਖ ਕੇ ਸਾਰੀਆਂ ਬੀਬੀਆਂ ਖੜ੍ਹੀਆਂ ਹੋ ਗਈਆਂ, ਉਨ੍ਹਾਂ ਨੂੰ ਸਾਡੇ ਦੌਰੇ ਬਾਰੇ ਅਗਾਊਂ ਦੱਸਿਆ ਹੋਇਆ ਸੀ। ਪੁਲੀਸ ਦੀਆਂ ਤਿੰਨ ਵਰਦੀਧਾਰੀ ਸਿਪਾਹੀ ਬੀਬੀਆਂ ਵਿਸ਼ੇਸ਼ ਤੌਰ ’ਤੇ ਤਾਇਨਾਤ ਸਨ, ਸਾਡੀ ਟੀਮ ਨਾਲ ਵੀ ਵਰਦੀ ਵਿੱਚ ਦੋ ਮਰਦ ਪੁਲੀਸ ਕਰਮੀ ਸਨ ਜੋ ਸ਼ਾਇਦ ਪਹਿਲੀ ਵਾਰ ਇਸ ਜ਼ਨਾਨਾ ਵਾਰਡ ਵਿਚ ਦਾਖ਼ਲ ਹੋਏ ਸਨ। ਜੇਲ੍ਹ ਅੰਦਰ ਪੁੱਜਣ ਵਾਸਤੇ ਕਈ ਨਾਕੇ, ਚੈਕਿੰਗ, ਇੰਦਰਾਜ, ਜਿੰਦਰੇ, ਹੱਥਾਂ ’ਤੇ ਮੋਹਰਾਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਟੀਮ ਲੀਡਰ ਨੇ ਕੈਂਸਰ ਜਾਗਰੂਕਤਾ ਬਾਰੇ ਲੈਕਚਰ ਦੇਣ ਵਾਸਤੇ ਪ੍ਰੋਜੈਕਟਰ ਦਾ ਪ੍ਰਬੰਧ ਕੀਤਾ ਸੀ।
ਕੈਦਣਾਂ 28-29 ਤੋਂ 55-60 ਸਾਲ ਉਮਰ ਦੀਆਂ ਸਨ। ਲੈਕਚਰ ਦੌਰਾਨ ਤਸਵੀਰਾਂ ਸਮੇਤ ਪੰਜਾਬੀ ਹਿੰਦੀ ’ਚ ਕੈਂਸਰ ਦੇ ਲੱਛਣ, ਕਾਰਨ, ਜਾਂਚ, ਟੈਸਟ, ਬਚਾਓ ਦੇ ਢੰਗ-ਤਰੀਕੇ ਤੇ ਇਲਾਜ ਬਾਰੇ ਗੱਲਾਂ-ਬਾਤਾਂ ਤੋਂ ਬਾਅਦ ਪ੍ਰਸ਼ਨ ਉੱਤਰ ਵੀ ਹੋਏ। ਵਧੇਰੇ ਕੈਦੀ ਔਰਤਾਂ ਪੇਂਡੂ ਪਿਛੋਕੜ ਦੀਆਂ ਸਨ। ਲੈਕਚਰ ਪਿੱਛੋਂ ਤਕਰੀਬਨ ਹਰ ਔਰਤ ਆਪਣੀ ਸਮੱਸਿਆ ਦੱਸਣ ਦੀ ਉਡੀਕ ਵਿਚ ਸੀ। ਪਤਲੀ, ਗੋਰੇ ਰੰਗ ਤੇ ਤਿੱਖੇ ਨੈਣ ਨਕਸ਼ਾਂ ਵਾਲੀ ਆਕਰਸ਼ਕ ਕੈਦਣ ਜੋ ਬਾਕੀਆਂ ਨਾਲ ਹੀ ਦਰੀ ’ਤੇ ਬੈਠੀ ਹੋਈ ਸੀ ਤੇ ਹੱਥ ਵਿਚ ਕੁਝ ਕਾਗ਼ਜ਼ ਫੜੇ ਸਨ, ਉਠੀ ਤੇ ਡਾਕਟਰਾਂ ਦੀ ਟੀਮ ਕੋਲ ਪਹੁੰਚੀ। ਉਹ ਪੰਜਾਬੀ ਦੇ ਨਾਲ-ਨਾਲ ਕੁਝ-ਕੁਝ ਅੰਗਰੇਜ਼ੀ ਵੀ ਬੋਲਦੀ ਸੀ। ਗੱਲਬਾਤ ਤੋਂ ਲੱਗਦਾ ਸੀ ਕਿ ਪੜ੍ਹੀ ਲਿਖੀ ਹੈ। ਮੈਂ ਸਮੱਸਿਆ ਪੁੱਛੀ। ਕੈਂਸਰ ਵਾਲੀ ਕੋਈ ਗੱਲ ਨਹੀਂ ਸੀ, ਸਿਰਫ ਸਿਹਤ ਸਮੱਸਿਆ ਦੇ ਆਧਾਰ ’ਤੇ ਜੇਲ੍ਹ ’ਚੋਂ ਬਾਹਰ ਆਉਣਾ ਚਾਹੁੰਦੀ ਸੀ। ਮੈਂ ਉਹਨੂੰ ਜੇਲ੍ਹ ਦੀ ਸਜ਼ਾ ਦਾ ਕਾਰਨ ਪੁੱਛਿਆ ਤਾਂ ਉਹਨੇ ਦੱਸਿਆ, “ਮੈਂ ਕੰਪਿਊਟਰ ਇੰਜਨੀਅਰ ਆਂ ਤੇ ਪਤੀ ਦੇ ਕਤਲ ਵਿਚ ਜੇਲ੍ਹ ਵਿਚ ਆਂ।” ਜੇਲ੍ਹ ਤੋਂ ਬਾਹਰ ਆਉਣ ’ਤੇ ਪਤਾ ਲੱਗਾ ਕਿ ਉਹਦੀ ਗੱਲਬਾਤ ਬੜੀ ਖਰਵੀਂ ਹੁੰਦੀ ਹੈ। ਉਂਝ, ਸੁਨੱਖੀ ਹੋਣ ਕਰ ਕੇ ਕਈ ਕਰਮਚਾਰੀ ਉਹਦੇ ਦੁਆਲੇ ਮੰਡਰਾਉਂਦੇ ਰਹਿੰਦੇ ਹਨ। ਪਰਚੀਆਂ ਤੇ ਟੈਸਟ ਰਿਪੋਰਟਾਂ ਵਾਚਣ ’ਤੇ ਪਤਾ ਲੱਗਾ ਕਿ ਕੋਈ ਖ਼ਾਸ ਸਰੀਰਕ ਸਮੱਸਿਆ ਨਹੀਂ, ਸਿਰਫ ਰੈਫਰ ਹੋ ਕੇ ਕੁਝ ਸਮੇਂ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਛੁੱਕ ਸੀ। ਹੋਰ ਕਾਫੀ ਬੀਬੀਆਂ ਦੇ ਛੋਟੇ ਮੋਟੇ ਸਵਾਲ ਸਨ ਤੇ ਡਾਕਟਰਾਂ ਦੇ ਵੀ ਸੰਖੇਪ ਜਿਹੇ ਜਵਾਬ।
40-45 ਸਾਲਾਂ ਦੀ ਇਕ ਹੋਰ ਬੀਬੀ ਅੱਗੇ ਆਈ ਜਿਹਦੀਆਂ ਗੱਲਾਂ ਸਾਰੀ ਉਮਰ ਨਹੀਂ ਭੁੱਲਣੀਆਂ। ਉਹਦੀ ਦਿੱਖ ਪਿੰਡ ਦੀ ਸੁੱਘੜ ਸਿਆਣੀ ਸਮਝਦਾਰ ਔਰਤ ਵਾਲੀ ਸੀ। ਉਹਨੇ ਫਿੱਕੇ ਜਿਹੇ ਮਹਿੰਦੀ ਰੰਗ ਦਾ ਪਲੇਨ ਸਲਵਾਰ ਕਮੀਜ਼ ਪਾਇਆ ਹੋਇਆ ਸੀ। ਸਿਰ ’ਤੇ ਚਿੱਟਾ ਦੁਪੱਟਾ। ਸ਼ਰਾਰਤੀ ਅੱਖਾਂ ਤੇ ਭਖਦਾ ਹੋਇਆ ਰੰਗ ਸੀ। ਸਵਾਲ ਕਰਨ ਦੀ ਬਜਾਇ ਉਹ ਆਪਣਾ ਨਿਰੀਖਣ ਹੀ ਕਰਵਾਉਣਾ ਚਾਹੁੰਦੀ ਸੀ। ਛਾਤੀ ’ਤੇ ਹੱਥ ਲਗਾਉਂਦਿਆਂ ਬੋਲੀ, “ਡਾਕਟਰ ਸਾਹਿਬ, ਮੇਰੀ ਛਾਤੀ ’ਤੇ ਫੋੜਾ ਹੈ, ਬਿਲਕੁਲ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਤੁਸੀਂ ਫੋਟੋਆਂ ’ਚ ਦਿਖਾਇਆ ਹੈ।”
ਮੈਂ ਸਤਿਕਾਰ ਨਾਲ ਪੁੱਛਿਆ, “ਬੀਬੀ ਜੀ ਤੁਹਾਡਾ ਨਾਂ ਕੀ ਹੈ, ਤੇ ਤੁਸੀਂ ਕਿਹੜੇ ਕੇਸ ’ਚ ਜੇਲ੍ਹ ’ਚ ਹੋ?”
ਉਹਦੀ ਰੁੱਖੀ ਜਿਹੀ ਬੋਲੀ, ਪਹਿਰਾਵੇ ਤੇ ਸਰੀਰ ਦੀ ਦਿੱਖ ਨਾਲ ਮੈਚ ਨਹੀਂ ਸੀ ਕਰ ਰਹੀ, “ਮੈਂ ਆਂ ਰਤਨੀ (ਫਰਜ਼ੀ ਨਾਮ), ਦੋ ਬੰਦੇ ਮਾਰ ਕੇ ਆਈ ਆਂ ਇਥੇ।”
ਮੈਂ ਖ਼ੁਦ ਨੂੰ ਸਮਝਾਇਆ- ਜੇਲ੍ਹ ’ਚ ਤਾਂ ਇੱਦਾਂ ਦੇ ਲੋਕ ਹੀ ਮਿਲਣਗੇ। ਇਕ ਪਾਸੇ ਹੋ ਕੇ ਸਹਿਯੋਗੀ ਡਾਕਟਰਾਂ ਨੇ ਮੁਆਇਨਾ ਕੀਤਾ, ਮੈਨੂੰ ਵੀ ਦੇਖਣ ਵਾਸਤੇ ਕਿਹਾ। ਬਿਨਾਂ ਕਿਸੇ ਹਿਚਕਿਚਾਹਟ ਦੇ ਬੀਬੀ ਨੇ ਕਮੀਜ਼ ਚੁੱਕ ਕੇ ਦਿਖਾਇਆ। ਖੱਬੀ ਛਾਤੀ ਵਿਚ ਵੱਡੀ ਗਿਲਟੀ ਸੀ। ਮੁਆਇਨੇ ਤੋਂ ਹੀ ਪਤਾ ਲੱਗਦਾ ਸੀ ਕਿ ਛਾਤੀ ਦੇ ਕੈਂਸਰ ਦੀ ਗੰਢ ਹੈ।
“ਕਿੰਨੀ ਦੇਰ ਤੋਂ ਹੈ ਇਹ... ਬੀਬੀ?”
“ਛੇ ਮਹੀਨੇ ਹੋ ਗਏ।”
“ਕੋਈ ਟੈਸਟ ਜਾਂ ਕੋਈ ਇਲਾਜ?”
ਉਹਦੀ ਗੱਲਬਾਤ ਇਕਦਮ ਬਦਲ ਗਈ ਤੇ ਆਵਾਜ਼ ਵੀ ਉੱਚੀ ਹੋ ਗਈ, “ਮੇਰੀ ਗੱਲ ਸੁਣ ਡਾਕਟਰਾ, ਮੈਨੂੰ ਪਹਿਲਾਂ ਵੀ ਕਿਸੇ ਨੇ ਦੱਸਿਆ, ਪਈ ਇਹ ਕੈਂਸਰ ਆ... ਅਸਲ ਗੱਲ ਮੈਂ ਸਾਰਿਆਂ ਦੇ ਸਾਹਮਣੇ ਦੱਸਣਾ ਚਾਹੁੰਦੀ ਆਂ... ਛੇ ਮਹੀਨੇ ਪਹਿਲਾਂ ਜਦ ਮੈਂ ਠਾਣੇ ’ਚ ਸਾਂ ਤਾਂ ਉਥੇ... ... ਠਾਣੇਦਾਰ ਨੇ...।”
ਉਹ ਬੋਲਦੀ-ਬੋਲਦੀ ਰੁਕ ਗਈ। ਜ਼ਰੂਰ ਥਾਣੇਦਾਰ ਨੇ ਤੰਗ ਕੀਤਾ ਹੋਣੈ!
“ਸਾਰੇ ਡਾਕਟਰ ਬੈਠੇ ਨੇ, ਮੈਨੂੰ ਪਤੈ, ਆਹ ਕੁੜੀਆਂ ਵੀ ਡਾਕਟਰ ਨੇ”, ਉਹ ਰੋਹ ਵਿੱਚ ਆ ਗਈ, “ਮੈਂ ਸਭ ਨੂੰ ਦੱਸਣਾ ਚਾਹੁਨੀ ਆਂ।”
ਅਜੇ ਮੇਰੇ ਮਨ ਵਿਚ ਹੀ ਸੀ ਕਿ ਦੋਹਰੇ ਕਤਲ ਕੇਸ ਵਾਲੀ ਦੀ ਭਾਸ਼ਾ ਕੀ ਹੋਵੇਗੀ ਕਿ ਉਹ ਦੱਸਣ ਲੱਗ ਪਈ, “ਠਾਣੇ ’ਚ ਅੱਧੀ ਰਾਤ ਨੂੰ ਨਿਹਾਲਾ ਠਾਣੇਦਾਰ (ਫਰਜ਼ੀ ਨਾਮ) ਮੇਰੇ ਕੋਲ਼ ਆ ਗਿਆ” ਉਹਦੀ ਭਾਸ਼ਾ ਗੰਦੀ ਹੋ ਰਹੀ ਸੀ, “ਮੈਨੂੰ ਛੇੜਨ ਲੱਗਾ, ਮੈਂ ਬਥੇਰਾ ਡੱਕਿਆ, ਚਪੇੜਾਂ ਵੀ ਮਾਰੀਆਂ, ਦਾੜ੍ਹੀ ਵੀ ਪੁੱਟੀ। ਉਹਨੇ ਮੇਰੇ ਦੰਦੀ ਵੱਢ ਦਿੱਤੀ, ਲਹੂ ਨਿਕਲ ਆਇਆ, ਮੈਂ ਬੇਵੱਸ ਹੋ ਗਈ, ਫੇਰ ਨਹੀਂ ਪਤਾ ਕੀ-ਕੀ ਕੁਝ ਹੋਇਆ।” ਕੈਂਸਰ ਵੱਧ ਉਹਦੇ ਅੰਦਰ ਨਿਹਾਲੇ ਲਈ ਗੁੱਸਾ ਤੇ ਨਫ਼ਰਤ ਸੀ।
“ਬੀਬੀ ਜੀ... ਕੈਂਸਰ ਦੇ ਹੋਰ ਕਾਰਨ ਹੁੰਦੇ, ਦੰਦੀ ਨਾਲ ਕੈਂਸਰ ਨਹੀਂ ਹੁੰਦਾ।”
“ਤੂੰ ਮਰਦਾਂ ਦੀ ਸਾਇਡ ਨਾ ਲੈ ਡਾਕਟਰਾ।” ਉਹਨੇ ਮੇਰੇ ਵੱਲ ਨਿਸ਼ਾਨਾ ਸਾਧਿਆ, “ਮੈਂ ਪਹਿਲਾਂ ਵੀ ਦੁਸ਼ਮਣ ਵੱਢ ਕੇ ਜੇਲ੍ਹ ਆਈ ਹਾਂ... ਹੁਣ ਵੀ ਜਦ ਮੌਕਾ ਲੱਗਾ, ਨਿਹਾਲੇ ਠਾਣੇਦਾਰ ਨੂੰ ਵੱਢ ਕੇ ਮਰੂੰ।”
“ਬੀਬੀ ਜੀ, ਨਾਰਾਜ਼ ਨਾ ਹੋ, ਜੇਲ੍ਹ ਅਫਸਰਾਂ ਨੂੰ ਅਸੀਂ ਤੁਹਾਡੇ ਰੋਗ ਬਾਰੇ ਲਿਖ ਕੇ ਭੇਜਾਂਗੇ, ਤੁਸੀਂ ਫਿ਼ਕਰ ਨਾ ਕਰੋ, ਸਿਵਿਲ ਹਸਪਤਾਲ ਵਿਚ ਤੁਹਾਡੀ ਮੁਕੰਮਲ ਜਾਂਚ ਤੇ ਮੁਫ਼ਤ ਇਲਾਜ ਹੋਵੇਗਾ।” ਇਹ ਕਹਿ ਕੇ ਅਸੀਂ ਜੇਲ੍ਹ ’ਚੋਂ ਬਾਹਰ ਆ ਗਏ।

Advertisement

ਸੰਪਰਕ: 98728-43491

Advertisement
Author Image

sukhwinder singh

View all posts

Advertisement
Advertisement
×